ਭਾਜਪਾ ਵੱਲੋਂ ਪੰਜਾਬ ਅੰਦਰ ਵੀ ਲੋਕ ਸਭਾ ਦੀਆਂ ਸੀਟਾਂ ਵੱਡੀ ਗਿਣਤੀ ਵਿੱਚ ਜਿੱਤਣ ਦਾ ਦਾਅਵਾ

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਭਾਰਤੀ ਜਨਤਾ ਪਾਰਟੀ ਦੇਸ਼ ਵਿੱਚ ਤੀਜੀ ਵਾਰ ਸਰਕਾਰ ਬਣਾਵੇਗੀ। ਪੰਜਾਬ ਵਿੱਚ ਵੀ ਉਹ ਵੱਡੀ ਜਿੱਤ ਹਾਸਿਲ ਕਰੇਗੀ। ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਨੇਤਾ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਬਠਿੰਡਾ ਤੋਂ ਉਮੀਦਵਾਰ ਪਰਮਪਾਲ ਕੋਰ ਮਲੂਕਾ ਵੱਲੋਂ ਕਾਗਜ ਭਰਨ ਤੋਂ ਪਹਿਲਾਂ ਕੀਤੀ ਗਈ ਰੈਲੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਰੈਲੀ ਦੇ ਰਿਕਾਰਡਤੋੜ ਇੱਕਠ ਨੇ ਇੱਕ ਸੁਨੇਹਾ ਦੇ ਦਿੱਤਾ ਹੈ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨਾ ਨਿਸ਼ਚਿਤ ਹੈ ਅਤੇ ਪੰਜਾਬ ਵਿੱਚ ਭਾਜਪਾ ਵੱਡੀ ਜਿੱਤ ਹਾਸਿਲ ਕਰੇਗੀ। ਉਨ੍ਹਾਂ ਕਿਹਾ ਕਿ ਬਠਿੰਡਾ ਰੈਲੀ ਦਾ ਆਮ ਲੋਕਾਂ ਦਾ ਇੱਕਠ ਇਹ ਦੱਸਦਾ ਹੈ ਕਿ ਭਲਾਂ ਹੀ ਭਾਜਪਾ ਦਾ ਕੁਝ ਸਿਆਸੀ ਪਾਰਟੀਆਂ ਵਿਰੋਧ ਕਰਵਾ ਰਹੀਆਂ ਹਨ। ਪਰ ਆਮ ਲੋਕ ਉਸ ਦੇ ਹੱਕ ਵਿੱਚ ਹਨ ਅਤੇ ਭਾਜਪਾ ਨਾਲ ਅੰਦਰੋ-ਅੰਦਰੀ ਹਰ ਕੋਈ ਜੁੜਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਲੋਕ ਵੱਡੀ ਸ਼ਕਤੀ ਹੁੰਦੇ ਹਨ। ਇਸ ਰੈਲੀ ਦੇ ਇੱਕਠ ਨੇ ਲੋਕਾਂ ਦੀ ਅੰਦਰਲੀ ਅਵਾਜ ਦਾ ਸਬੂਤ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਮੋਦੀ ਸਰਕਾਰ ਨੇ 10 ਸਾਲਾਂ ਅੰਦਰ ਜੋ ਕੰਮ, ਕੀਰਤੀਮਾਨ, ਰਿਕਾਰਡ ਕਾਇਮ ਕੀਤੇ। ਉਹ ਅੱਜ ਤੱਕ ਕੋਈ ਵੀ ਸਰਕਾਰ ਨਹੀਂ ਕਰ ਸਕੀ। ਮੋਦੀ ਸਰਕਾਰ ਨੇ ਲੋਕਾਂ ਦਾ ਭਰੋਸਾ ਜਿੱਤਣ ਤੋਂ ਇਲਾਵਾ ਆਮ ਲੋਕਾਂ ਦੀ ਸੁਰੱਖਿਆ, ਸਹੂਲਤਾਂ, ਦੇਸ਼ ਦੇ ਵਿਕਾਸ, ਦੇਸ਼ ਦੀ ਸੁਰੱਖਿਆ ਅਤੇ ਦੇਸ਼ ਹਿੱਤ ਵਿੱਚ ਨੀਤੀਆਂ ਦਾ ਵੀ ਖਾਸ ਧਿਆਨ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਤੀਜੀ ਵਾਰ ਸਰਕਾਰ ਆਉਣ ਤੇ ਭਾਜਪਾ ਮਜਬੂਤੀ ਨਾਲ ਫੈਸਲੇ ਲਵੇਗੀ ਅਤੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਸਾਡੇ ਦੇਸ਼ ਭਾਰਤ ਦੀ ਮਜਬੂਤ ਦਿੱਖ ਬਣੇਗੀ। ਭਾਰਤ ਇੱਕ ਕਾਰੋਬਾਰੀ ਹੱਬ ਬਣੇਗਾ, ਜਿੱਥੇ ਦੇਸ਼-ਵਿਦੇਸ਼ ਦੀਆਂ ਵੱਡੀਆਂ ਕੰਪਨੀਆਂ ਭਾਰਤ ਆ ਕੇ ਨਿਵੇਸ਼ ਕਰਨਗੀਆਂ। ਜਿਸ ਨਾਲ ਦੇਸ਼ ਦੀ ਵਿਕਾਸ ਦੀ ਨਵੀਂ ਲੀਹ ਤੇ ਤੁਰੇਗਾ। ਉਨ੍ਹਾਂ ਕਿਹਾ ਕਿ ਪਰਮਪਾਲ ਕੌਰ ਬਠਿੰਡਾ ਹਲਕੇ ਤੋਂ ਜਨ ਆਧਾਰ ਲਗਾਤਾਰ ਵਧਾ ਰਹੇ ਹਨ। ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ ਅਤੇ ਚੋਣ ਹੋਣ ਤੱਕ ਭਾਜਪਾ ਦਾ ਹਰ ਆਦਮੀ ਹਰ ਘਰ ਤੱਕ ਪਹੁੰਚ ਬਣਾ ਲਵੇਗਾ। ਕਾਕਾ ਅਮਰਿੰਦਰ ਸਿੰਘ ਨੇ ਕਿਹਾ ਕਿ ਬਠਿੰਡਾ ਰੈਲੀ ਤੋਂ ਬਾਅਦ ਪੰਜਾਬ ਅੰਦਰ ਅਮਿਤ ਸ਼ਾਹ, ਨਰਿੰਦਰ ਮੋਦੀ, ਹੇਮਾ ਮਾਲਿਨੀ, ਪ੍ਰੀਤੀ ਸਪਰੂ ਅਤੇ ਹੋਰ ਸਟਾਰ ਪ੍ਰਚਾਰਕਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਰੈਲੀਆਂ ਇੱਕ ਵੱਡੀ ਤਬਦੀਲੀ ਲੈ ਕੇ ਆਉਣਗੀਆਂ। ਚੋਣਾਂ ਤੋਂ ਬਾਅਦ ਭਾਜਪਾ ਦੇ ਹੱਕ ਵਿੱਚ ਆਏ ਨਤੀਜੇ ਇਸ ਦਾ ਸਬੂਤ ਦੇਣਗੇ। ਇਸ ਮੌਕੇ ਤੇਜਿੰਦਰ ਸਿੰਘ ਗੋਰਾ, ਕੁਸ਼ ਵਾਤਸ ਤੋਂ ਇਲਾਵਾ ਹੋਰ ਵੀ ਮੌਜੂਦ ਸਨ।