ਗੁਰਜੀਤ ਸ਼ੀਂਹ

ਸਰਦੂਲਗੜ੍ਹ, 20 ਜੂਨ ਡੀਐੱਸਪੀ ਸਰਦੂਲਗੜ੍ਹ ਕਮਲਦੀਪ ਸਿੰਘ ਦੀ ਅਗਵਾਈ ‘ਚ ਪੁਲਿਸ ਥਾਣਾ ਝੁਨੀਰ ਦੇ ਪਿੰਡ ਭੰਮੇ ਕਲਾ ਅਤੇ ਝੁਨੀਰ ਵਿਖੇ ਥਾਣਾ ਮੁਖੀ ਇੰਸਪੈਕਟਰ ਸੁਖਬੀਰ ਕੌਰ ਵੱਲੋਂ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਮੈਡਮ ਸੁਖਬੀਰ ਕੌਰ ਨੇ ਕਿਹਾ ਕਿ ਨਸ਼ੇ ਘਰ ਦੀ ਬਰਬਾਦੀ ਹਨ। ਇਸ ਲਈ ਕਿਸੇ ਵੀ ਨੌਜਵਾਨ ਵਿਅਕਤੀ ਨੂੰ ਨਸ਼ਿਆਂ ਆਦਿ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਵੱਡੀ ਗਿਣਤੀ ‘ਚ ਪੁੱਜੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵਿਅਕਤੀ ਨਸ਼ੇ ਦਾ ਆਦੀ ਹੈ ਅਤੇ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉਹਨਾਂ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਤੁਰੰਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਅਜਿਹੇ ਵਿਅਕਤੀਆਂ ਦੀ ਸਿਫਾਰਸ਼ ਕਰਨ ਲਈ ਕੋਈ ਪਿੱਛੇ ਨਾ ਆਵੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ, ਜਗਪਾਲ ਸਿੰਘ ਖਹਿਰਾ, ਲਖਵਿੰਦਰ ਸਿੰਘ ਝੁਨੀਰ ਆਦਿ ਹਾਜ਼ਰ ਸਨ।