ਬਰਨਾਲਾ, 20 ਜੂਨ/ ਕਰਨਪ੍ਰੀਤ ਕਰਨ 

ਸੰਗਰੂਰ ਲੋਕ ਸਭ ਹਲਕੇ ਤੋਂ ਚੁਣੇ ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਬਰਨਾਲਾ ਦਾ ਪੋਸਟਰ ਜਾਰੀ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਸ੍ਰੀ ਸੰਦੀਪ ਕੁਮਾਰ ਸਿੰਗਲਾ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।
   ਇਸ ਮੌਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ‘ਚ ਤਕਨੀਕੀ ਸਿੱਖਿਆ ਦੇ ਪੱਧਰ ਨੂੰ ਹੁਲਾਰਾ ਦਿੰਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਵਿਖੇ ਤਿੰਨ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ‘ਚ 180 ਸੀਟਾਂ ਹਨ।
ਸਰਕਾਰੀ ਕਾਲਜ ਬਡਬਰ ਵਿਖੇ ਇਲੈਕਟ੍ਰੀਕਲ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਇੰਜੀਨੀਅਰਿੰਗ ਅਤੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਕੋਰਸ 2024-25 ਸੈਸ਼ਨ ਤੋਂ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਤਿੰਨ ਸਾਲਾਂ ਦੇ ਡਿਪਲੋਮਾ ਕੋਰਸਾਂ ‘ਚ ਹਰ ਇੱਕ ਕੋਰਸ ‘ਚ 60- 60 ਸੀਟਾਂ ਪ੍ਰਵਾਨਿਤ ਕੀਤੀਆਂ ਗਈਆਂ ਹਨ । ਇਸ ਤੋਂ ਇਲਾਵਾ ਸਿਵਲ ਇੰਜੀਨੀਅਰਿੰਗ ਅਤੇ ਮਕੈਨੀਕਲ ਇੰਜੀਨੀਅਰਿੰਗ ‘ਚ ਵੀ ਤਿੰਨ ਸਾਲ ਡਿਪਲੋਮਾ ਕੋਰਸ ਕਰਵਾਏ ਜਾਂਦੇ ਹਨ।
ਪ੍ਰਿੰਸੀਪਲ ਸ੍ਰੀ ਸੰਦੀਪ ਕੁਮਾਰ ਸਿੰਗਲਾ ਨੇ ਕਿਹਾ ਕਿ ਡਿਪਲੋਮਾ ਕੋਰਸੇ ਦੇ ਪਹਿਲੇ ਸਾਲ ‘ਚ ਐਂਟਰੀ ਦਸਵੀਂ ਪਾਸ ਕਰਨ ਤੋਂ ਬਾਅਦ ਅਤੇ +2 (ਸਾਇੰਸ ਜਾਂ ਵੋਕੇਸ਼ਨਲ ਵਿਸ਼ਾ ‘ਚ) ਜਾਂ 2 ਸਾਲ ਦੀ ਆਈ ਟੀ ਆਈ ਪਾਸ ਕਰਨ ਤੋਂ ਬਾਅਦ ਦਾਖਲਾ ਲਿਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਵਧੇਰੀ ਜਾਣਕਾਰੀ ਲਈ gpcbadbar.gov.in ਤੋਂ ਲਈ ਜਾ ਸਕਦੀ ਹੈ।