ਭੁਨਰਹੇੜੀ,ਪਟਿਆਲਾ, 27 ਜੂਨ- (ਕ੍ਰਿਸ਼ਨ ਗਿਰ) ਪਟਿਆਲਾ ਤੋਂ ਲੋਕ ਸਭਾ ਸੰਸਦੀ ਡਾ. ਧਰਮਵੀਰ ਗਾਂਧੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੀਆਂ ਨੌਕਰੀਆਂ ਲਈ ਪਰਖਾਂ ਵਿੱਚ ਪੰਜਾਬੀ ਭਾਸ਼ਾ ਨੂੰ ਦਰਜਾਬੰਦੀ (ਮੈਰਿਟ) ਤੈਅ ਕਰਨ ਵਾਲੇ ਹਿੱਸੇ ਵਿੱਚ ਭਰਪੂਰ ਰੂਪ ਵਿੱਚ ਸ਼ਾਮਲ ਕੀਤਾ ਜਾਵੇ। ਪ੍ਰੈਸ ਨੂੰ ਜਾਰੀ ਕੀਤੇ ਲਿਖਤੀ ਬਿਆਨ ਵਿੱਚ ਉਹਨਾਂ ਦੱਸਿਆ ਹੈ ਕਿ ਉਹਨਾਂ ਇਸ ਬਾਰੇ ਮੁੱਖ-ਮੰਤਰੀ ਪੰਜਾਬ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ। ਉਹਨਾਂ ਕਿਹਾ ਹੈ ਕਿ ਪੰਜਾਬੀ ਪੰਜਾਬ ਦੀ ਰਾਜ ਭਾਸ਼ਾ ਹੈ ਤੇ ਰਾਜ ਭਾਸ਼ਾ ਕਨੂੰਨ ਅਨੁਸਾਰ ਪੰਜਾਬ ਸਰਕਾਰ ਦਾ ਸਾਰਾ ਕੰਮ ਪੰਜਾਬੀ ਵਿੱਚ ਹੋਣਾ ਜ਼ਰੂਰੀ ਹੈ। ਇਸ ਕਰਕੇ ਹਰ ਉਮੀਦਵਾਰ ਦੀ ਪੰਜਾਬੀ ਭਾਸ਼ਾ ਵਿੱਚ ਚੰਗੀ ਮੁਹਾਰਤ ਹੋਣੀ ਜ਼ਰੂਰੀ ਹੈ। ਪਰ ਪੰਜਾਬ ਵਿੱਚ ਕਈ ਮਹਿਕਮਿਆਂ ਦੀਆਂ ਅਸਾਮੀਆਂ ਲਈ ਭਰਤੀਆਂ ਲਈ ਪਰਖਾਂ (ਟੈਸਟਾਂ) ਵਿੱਚ ਪੰਜਾਬ ਭਾਸ਼ਾ ਦੀ ਮੁਹਾਰਤ ਦੀ ਪਰਖ ਲਈ ਕੋਈ ਸੁਆਲ ਨਹੀਂ ਪੁੱਛਿਆ ਜਾਂਦਾ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਬਹੁਤ ਸਾਰੀਆਂ ਅਸਾਮੀਆਂ ਲਈ ਪੰਜਾਬੀ ਯੋਗਤਾਮੁਖੀ (ਕੁਆਲੀਫਾਇੰਗ) ਪਰਚਾ ਪਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਪਰ ਇਸ ਪਰਚੇ ਵਿੱਚੋਂ ਬੱਸ ਪਾਸ ਹੋਣਾ ਜ਼ਰੂਰੀ ਹੈ ਤੇ ਇਸ ਪਰਚੇ ‘ਚੋਂ ਹਾਸਲ ਅੰਕ ਦਰਜਾਬੰਦੀ (ਮੈਰਿਟ) ਤੈਅ ਕਰਨ ਲਈ ਗਿਣੇ ਨਹੀਂ ਜਾਂਦੇ। ਉਹਨਾਂ ਕਿਹਾ ਕਿ ਸਰਕਾਰ ਨੇ ਕੁਝ ਪੰਜਾਬੀ ਪਿਆਰਿਆਂ ਦੇ ਮੰਗ ਕਰਨ ‘ਤੇ ਕੁਝ ਅਸਾਮੀਆਂ ਲਈ ਪਰਖਾਂ ਦੇ ਸਿਲੇਬਸ ਵਿੱਚ ਦਰਜਾਬੰਦੀ (ਮੈਰਿਟ) ਤੈਅ ਕਰਨ ਵਾਲੇ ਹਿੱਸੇ ਵਿੱਚ ਪੰਜਾਬੀ ਭਾਸ਼ਾ ਦਾ ਹਿੱਸਾ ਵੀ ਸ਼ਾਮਲ ਕੀਤਾ ਹੈ। ਇਹ ਸ਼ਲਾਘਾਯੋਗ ਹੈ। ਪਰ ਹਾਲੇ ਕਈ ਮਹਿਕਮਿਆਂ ਦੀਆਂ ਅਸਾਮੀਆਂ ਲਈ ਪਰਖਾਂ ਵਿੱਚ ਪੰਜਾਬੀ ਭਾਸ਼ਾ ਦਾ ਹਿੱਸਾ ਨਹੀਂ ਹੈ। ਇਸ ਬਾਰੇ ਇੱਕ ਮਿਸਾਲ ਪੁਲਿਸ ਮਹਿਕਮੇ ਦੀ ਦਿੱਤੀ ਜਾ ਸੱਕਦੀ ਹੈ। ਧਿਆਨਯੋਗ ਹੈ ਕਿ ਇਸ ਮਹਿਕਮੇ ਵਿੱਚ ਭਰਤੀਆਂ ਲਈ ਪਰਖਾਂ ਛੇਤੀ ਲਈਆਂ ਜਾਣੀਆਂ ਹਨ। ਡਾਂ ਗਾਂਧੀ ਨੇ ਮੰਗ ਕੀਤੀ ਹੈ ਕਿ ਇਸ ਕਰਕੇ ਪੰਜਾਬ ਦੀਆਂ ਸਾਰੀਆਂ ਨੌਕਰੀਆਂ ਲਈ ਪਰਖਾਂ ਵਿੱਚ ਪੰਜਾਬੀ ਭਾਸ਼ਾ ਦਾ ਚੰਗਾ ਹਿੱਸਾ ਦਰਜਾਬੰਦੀ (ਮੈਰਿਟ) ਤੈਅ ਕਰਨ ਵਾਲੇ ਹਿੱਸੇ ਵਿੱਚ ਤੁਰਤ ਸ਼ਾਮਲ ਕਰਨ ਦੀ ਲੋੜ ਹੈ। ਇਹ ਕੰਮ-ਕਾਜ ਵਿੱਚ ਪੰਜਾਬ ਦੇ ਲੋਕਾਂ ਦੀ ਸੌਖ ਲਈ, ਕੰਮ-ਕਾਜ ਦੇ ਸੁਚਾਰੂਪਨ ਲਈ, ਤੇ ਪੰਜਾਬੀ ਭਾਸ਼ਾ ਦੀ ਹੋਂਦ ਤੇ ਵਿਕਾਸ ਲਈ ਬੜਾ ਲੋੜੀਂਦਾ ਹੈ। ਉਹਨਾਂ ਕਿਹਾ ਕਿ ਇਹ ਹੋਰ ਵੀ ਮਹੱਤਵਪੂਰਨ ਹੈ ਕਿ ਪੰਜਾਬੀ ਭਾਸ਼ਾ ਦੇ ਚੰਗੇ ਹਿੱਸੇ ਨਾਲ ਥੁੜੇ ਤੇ ਪੇਂਡੂ ਪਿਛੋਕੜ ਵਾਲੇ ਉਮੀਦਵਾਰ ਵੀ ਮੁਕਾਬਲੇ ਲਈ ਬਿਹਤਰ ਯੋਗ ਹੁੰਦੇ ਹਨ ਤੇ ਅੰਗਰੇਜ਼ੀ ਭਾਸ਼ਾ ਕਾਰਣ ਹੁੰਦੇ ਵੱਡੇ ਵਿਤਕਰੇ ਤੋਂ ਉਹਨਾਂ ਨੂੰ ਕੁਝ ਰਾਹਤ ਮਿਲਦੀ ਹੈ। ਜ਼ਿਕਰਯੋਗ ਹੈ ਕਿ ਅੰਗਰੇਜੀ ਭਾਸ਼ਾ ਬਾਰੇ ਸੁਆਲ ਦਰਜਾਬੰਦੀ ਤੈਅ ਕਰਨ ਵਾਲੇ ਹਿੱਸੇ ਵਿੱਚ ਸ਼ਾਮਲ ਹੁੰਦੇ ਹਨ। ਉਹਨਾਂ ਆਸ ਜਤਲਾਈ ਹੈ ਕਿ ਮੁੱਖ ਮੰਤਰੀ ਜੀ ਉਹਨਾਂ ਦੀ ਮੰਗ ਨੂੰ ਤੁਰਤ ਵਿਚਾਰ ਕੇ ਛੇਤੀ ਲੋੜੀਂਦੀ ਕਾਰਵਾਈ ਕਰ ਕੇ ਪੰਜਾਬ ਦੀ ਹਰ ਨੌਕਰੀ ਲਈ ਪਰਖਾਂ ਵਿੱਚ ਦਰਜਾਬੰਦੀ (ਮੈਰਿਟ) ਤੈਅ ਕਰਨ ਵਾਲੇ ਹਿੱਸੇ ਵਿੱਚ ਪੰਜਾਬੀ ਭਾਸ਼ਾ ਨੂੰ ਭਰਪੂਰ ਰੂਪ ਵਿੱਚ ਸ਼ਾਮਲ ਕਰਵਾਓਣਗੇ।