ਬਰਨਾਲਾ, 27,ਜੂਨ/ਕਰਨਪ੍ਰੀਤ ਕਰਨ /-ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਡਾਇਰੈਕਟਰ ਸ.ਜਸਵੰਤ ਸਿੰਘ ਜ਼ਫਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਸਤਕ ਸਭਿਆਚਾਰ ਦੀ ਪ੍ਰਫੁੱਲਿਤਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਇਹਨਾਂ ਉਪਰਾਲਿਆਂ ਤਹਿਤ ਹੀ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਸਥਾਨਕ ਐੱਸ.ਐੱਸ.ਡੀ ਕਾਲਜ ‘ਚ ਪੁਸਤਕ ਲੋਕ ਅਰਪਣ ਸਮਾਗਮ ਕੀਤਾ ਗਿਆ।
    ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫਸਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਕਰਵਾਏ ਪੁਸਤਕ ਲੋਕ ਅਰਪਣ ਸਮਾਗਮ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਦੀ ਵਾਰਾਂ ਦੀ ਪੁਸਤਕ “ਮਹਾਨ ਯੋਧਿਆਂ ਦੀ ਵਾਰਾਂ” ਦਾ ਲੋਕ ਅਰਪਣ ਕੀਤਾ ਗਿਆ।ਇਸ ਮੌਕੇ ਆਪਣੇ ਸੰਬੋਧਨ ‘ਚ ਜ਼ਿਲ੍ਹਾ ਭਾਸ਼ਾ ਅਫਸਰ ਨੇ ਕਿਹਾ ਕਿ ਭਾਸ਼ਾ ਵਿਭਾਗ ਹਮੇਸ਼ਾ ਹੀ ਉਸਾਰੂ ਸਾਹਿਤ ਦਾ ਮੁੱਦਈ ਰਿਹਾ ਹੈ।ਉਹਨਾਂ ਕਿਹਾ ਕਿ ਵਾਰਾਂ ਦੀ ਇਸ ਪੁਸਤਕ ਨੂੰ ਲੋਕ ਅਰਪਣ ਕਰਦਿਆਂ ਜ਼ਿਲ੍ਹਾ ਭਾਸ਼ਾ ਦਫਤਰ ਮਾਣ ਮਹਿਸੂਸ ਕਰਦਾ ਹੈ।ਉਹਨਾਂ ਕਿਹਾ ਕਿ ਇਹ ਪੁਸਤਕ ਪਾਠਕਾਂ ਖਾਸ ਕਰਕੇ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਪੁਸਤਕ ਹੈ।ਪੁਸਤਕ ਦੀ ਸਿਰਜਣਾ ਬਾਰੇ ਬੋਲਦਿਆਂ ਪਵਨ ਹਰਚੰਦਪੁਰੀ ਨੇ ਕਿਹਾ ਕਿ ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਪੰਜਾਬੀ ਸਾਹਿਤ ਦੀ ਵਿਲੱਖਣ ਵੰਨਗੀ ‘ਵਾਰ’ ਲਿਖਣ ਦੀ ਉਹਨਾਂ ਦੀ ਮਨ ਦੀ ਤਮੰਨਾ ਪੂਰੀ ਹੋਈ ਹੈ।ਉਹਨਾਂ ਕਿਹਾ ਕਿ ਆਧੁਨਿਕ ਪੀੜ੍ਹੀ ਨੂੰ ‘ਵਾਰ’ ਵੰਨਗੀ ਨਾਲ ਜੋੜ ਕੇ ਰੱਖਣਾ ਵੀ ਸਮੇਂ ਦੀ ਜ਼ਰੂਰਤ ਹੈ।ਅੱਗੇ ਬੋਲਦਿਆਂ ਉਹਨਾਂ ਕਿਹਾ ਕਿ ‘ਵਾਰ’ ਹਮੇਸ਼ਾ ਹੀ ਯੋਧਿਆਂ ਦੀ ਲਿਖੀ ਅਤੇ ਗਾਈ ਜਾਂਦੀ ਹੈ।’ਵਾਰ’ ਰੂਪ ਵਿੱਚ ਯੋਧਿਆਂ ਬਾਰੇ ਪੜ੍ਹਨਾ ਉੱਤਮ ਸਾਹਿਤ ਨਾਲ ਜੁੜੇ ਹੋਣ ਦੀ ਨਿਸ਼ਾਨੀ ਹੈ।ਗੁਲਜ਼ਾਰ ਸਿੰਘ ਸ਼ੌਂਕੀ ਨੇ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਹਰਚੰਦਪੁਰੀ ਨੇ ਇਸ ਪੁਸਤਕ ਵਿੱਚ ਕਈ ਉਹਨਾਂ ਸਖਸ਼ੀਅਤਾਂ ਬਾਰੇ ਵੀ ‘ਵਾਰਾਂ’ ਲਿਖੀਆਂ ਹਨ ਜਿਨਾਂ ਬਾਰੇ ਪਹਿਲਾਂ ਕਦੇ ‘ਵਾਰ’ ਨਹੀਂ ਲਿਖੀ ਗਈ।ਡਾ.ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਇਹ ਪੁਸਤਕ ਕਾਵਿ ਕਲਾ ਦਾ ਬਿਹਤਰੀਨ ਨਮੂਨਾ ਹੈ।ਇਹ ਪੁਸਤਕ ਕਾਵਿ ਕਲਾ ਸਿੱਖਣ ਦੇ ਚਾਹਵਾਨਾਂ ਲਈ ਵੀ ਬੇਹੱਦ ਲਾਭਦਾਇਕ ਹੈ।ਉਹਨਾਂ ਕਿਹਾ ਕਿ ਜੇਕਰ ਕੋਈ ਮੈਨੂੰ ਪੁੱਛੇ ਕਿ ਕਿਸ ਤਰ੍ਹਾਂ ਦੀ ਪੁਸਤਕ ਪੜ੍ਹਨੀ ਚਾਹੀਦੀ ਹੈ ਤਾਂ ਮੈਂ ਕਹਾਂਗਾ ਪਵਨ ਹਰਚੰਦਪੁਰੀ ਦੀ ਪੁਸਤਕ “ਮਹਾਨ ਯੋਧਿਆਂ ਦੀਆਂ ਵਾਰਾਂ” ਵਰਗੀ ਪੁਸਤਕ ਹਰ ਪੰਜਾਬੀ ਨੂੰ ਪੜ੍ਹਨੀ ਚਾਹੀਦੀ ਹੈ।
    ਪੁਸਤਕ ਬਾਰੇ ਹੋਰਨਾਂ ਤੋਂ ਇਲਾਵਾ ਸਾਹਿਤ ਸਭਾ ਧੂਰੀ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਅਮਨ,ਕਰਤਾਰ ਸਿੰਘ ਠੁੱਲੀਵਾਲ,ਡਾ.ਅਮਨਦੀਪ ਸਿੰਘ ਟੱਲੇਵਾਲੀਆ,ਸੁਰਜੀਤ ਸਿੰਘ ਦਿਹੜ,  ਮਨਜੀਤ ਸਿੰਘ ਸਾਗਰ ਅਤੇ ਸਾਗਰ ਸਿੰਘ ਸਾਗਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਮਾਲਵਿੰਦਰ ਸ਼ਾਇਰ,ਜਗਤਾਰ ਪੱਖੋ,ਹਾਕਮ ਸਿੰਘ ਰੂੜੇਕੇ ਕਲਾਂ,ਰਾਮ ਸਰੂਪ ਸ਼ਰਮਾ,ਮਨਦੀਪ ਕੌਰ ਭਦੌੜ,ਨਰਿੰਦਰ ਕੌਰ,ਸੁਖਪਾਲ ਕੌਰ ਬਾਠ,ਸੰਦੀਪ ਕੌਰ ਕਲਰਕ ਅਤੇ ਪਾਲ ਸਿੰਘ ਲਹਿਰੀ ਆਦਿ ਲੇਖਕ ਹਾਜ਼ਰ ਸਨ।