ਬਰਨਾਲਾ, 26 ਜੂਨ/ਕਰਨਪ੍ਰੀਤ ਕਰਨ

-ਸੰਗਰੂਰ ਵਿਖੇ ਐਕਸ਼ਨ ਕਮੇਟੀ ਪੰਜਾਬ ਅਤੇ sc/bc ਜਥੇਬੰਦੀਆਂ ਦੀ ਮੀਟਿੰਗ ਹੋਈ। ਜਿਸ ਵਿੱਚ ਵਿਚਾਰ ਕੀਤਾ ਗਿਆ ਕਿ ਕਿਸਾਨ ਜਥੇਬੰਦੀ ਉਗਰਾਹਾਂ ਦੇ ਆਗੂ ਮਨਜੀਤ ਸਿੰਘ ਘਰਾਚੋਂ ਅਤੇ ਹੋਰ ਸਾਥੀਆਂ ਵੱਲੋਂ ਐਸ ਸੀ ਭਾਈਚਾਰੇ ਦੇ ਦੋ ਲੜਕਿਆਂ ਦੀ ਜਾਨੋਂ ਮਾਰਨ ਦੇ ਇਰਾਦੇ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ ਗਈ ਅਤੇ ਉਹਨਾਂ ਦੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ ਸਨ।ਇਸ ਵਿੱਚ ਮੌਕੇ ਤੇ ਕੁੱਟਮਾਰ ਕਰਾਉਣ ਵਿੱਚ ਕਈ ਲੋਕਾਂ ਨੇ ਸਾਥ ਦਿੱਤਾ,ਜਿਸ ਦੀ ਵੀਡੀਓ ਵਾਇਰਲ ਹੋਈ।ਜਿਹੜੇ ਬੰਦਿਆਂ ਨੇ ਇਹਨਾਂ ਦੋ ਲੜਕਿਆਂ ਦੀ ਜਾਨੋਂ ਮਾਰਨ ਦੇ ਇਰਾਦੇ ਨਾਲ ਕੁੱਟਮਾਰ ਕੀਤੀ ਸੀ,ਇਹਨਾਂ ਨੇ ਆਪਣੇ ਗੁਨਾਹ ਨੂੰ ਛੁਪਾਉਣ ਲਈ ਪੁਲਿਸ ਪ੍ਰਸਾਸਨ ਤੇ ਕਿਸਾਨ ਜਥੇਬੰਦੀ ਦਾ ਦਬਾਅ ਬਣਾ ਕੇ ਬਿਨਾਂ ਪੁੱਛਗਿੱਛ ਕੀਤੇ ਇਹਨਾਂ ਪੀੜਿਤ ਮੁੰਡਿਆਂ ਤੇ ਧਾਰਾ 307 ਅਤੇ ਹੋਰ ਧਾਰਾਵਾਂ ਲਵਾ ਕੇ ਝੂਠਾ ਪਰਚਾ ਕਰਾ ਦਿੱਤਾ। ਐਕਸ਼ਨ ਕਮੇਟੀ ਪੰਜਾਬ ਅਤੇ sc/bc ਜਥੇਬੰਦੀਆਂ ਨੇ ਪ੍ਰਸਾਸਨ ਨੂੰ 26 ਜੂਨ 2024 ਤੱਕ ਲੜਕਿਆਂ ਤੇ ਝੂਠੇ ਪਰਚੇ ਰੱਦ ਕਰਨ ਅਤੇ ਮਨਜੀਤ ਸਿੰਘ ਘਰਾਚੌਂ ਅਤੇ ਜਗਤਾਰ ਸਿੰਘ ਲੱਡੀ ਅਤੇ ਇਹਨਾਂ ਦੇ ਸਾਥੀਆਂ ਤੇ ਧਾਰਾ 307,ਅਪਹਰਣ ਅਤੇ ਹੋਰ ਧਾਰਾਵਾਂ ਵਿੱਚ ਵਾਧਾ ਕਰਕੇ ਗਿਰਫਤਾਰ ਕਰਨ ਦਾ ਸਮਾਂ ਦਿੱਤਾ ਸੀ। ਪਰ ਪ੍ਰਸਾਸਨ ਨੇ ਅਜੇ ਤੱਕ ਕੋਈ ਐਕਸ਼ਨ ਨਹੀਂ ਕੀਤਾ।ਇਸ ਤੋਂ ਸਾਫ ਪਤਾ ਚਲਦਾ ਹੈ ਕਿ ਪ੍ਰਸਾਸਨ ਦੋਸੀਆਂ ਦੀ ਮਦਦ ਕਰ ਰਿਹਾ ਹੈ।ਇਸ ਲਈ ਇਸ ਦੇ ਰੋਸ਼ ਵਜੋਂ ਮਿਤੀ 29 ਜੂਨ 2024 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਬਰਨਾਲਾ ਕੈਂਚੀਆਂ ਸੰਗਰੂਰ ਵਿਖੇ ਸਰਕਾਰ ਅਤੇ ਪ੍ਰਸਾਸ਼ਨ ਦੇ ਖਿਲਾਫ ਐਕਸ਼ਨ ਕਮੇਟੀ ਪੰਜਾਬ,ਸਮੂਹ sc/bc ਜਥੇਬੰਦੀਆਂ ਅਤੇ ਪੀੜਿਤ ਪਰਿਵਾਰ ਵੱਲੋਂ ਧਰਨਾ ਪ੍ਰਦਰਸਨ ਕੀਤਾ ਜਾਵੇਗਾ।ਇਸ ਮੌਕੇ ਦਰਸ਼ਨ ਕਾਂਗੜਾਂ, ਸਕਤੀਜੀਤ ਸਿੰਘ, ਵਿੱਕੀ ਪਰੋਚਾ ਧੂਰੀ, ਦਰਸ਼ਨ ਸਿੰਘ, ਮੁੰਨਾ , ਦਲਵਾਰਾ ਸਿੰਘ, ਰਫੀ ਕੁਮਾਰ, ਸਤਗੁਰ ਸਿੰਘ ਬਾਲੀਆਂ, ਸਤਗੁਰ ਸਿੰਘ ਚੱਠੇ ਸੇਖਵਾਂ ਅਤੇ ਹੋਰ ਸਾਥੀ ਹਾਜਿਰ ਸਨ।