ਬਰਨਾਲਾ ਕਰਨਪ੍ਰੀਤ ਕਰਨ

ਸ਼ਹਿਰ ਬਰਨਾਲਾ ਦੇ ਉਧੱਮੀ  ਵਿਦਿਆਰਥੀਆਂ ਨੇ ਦੁਨੀਆਂ ਭਰ ਵਿੱਚ ਬਰਨਾਲਾ ਦਾ ਨਾਮ ਰੌਸ਼ਨ ਕੀਤਾ ਹੈ। ਭਾਵੇਂ ਗੱਲ ਭਾਵੇਂ ਰਾਜਨੀਤਿਕ ਖੇਤਰ,ਧਾਰਮਿਕ ਖੇਤਰ,ਜਾਂ ਕਾਰੋਬਾਰ,ਪੜ੍ਹਾਈ,ਖੇਡਾਂ,ਸਮਾਜਿਕ ਖੇਤਰ, ਕਲਾ ਸੱਭਿਆਚਾਰ ਅਤੇ ਕਾਨੂੰਨ ਦੇ ਖੇਤਰ ਵਿੱਚ ਬਾਬਾ ਆਲਾ ਸਿੰਘ ਦੇ ਵਾਰਿਸਾਂ ਨੇ ਆਪਣੀ ਕਾਬਲੀਅਤ ਦਾ ਡੰਕਾ ਵਜਾ ਕੇ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ। ਬਰਨਾਲਾ ਦੇ ਧੀਆਂ ਪੁੱਤਾਂ ਦੀ ਪ੍ਰਾਪਤੀਆਂ ਦੀ ਇਸ ਗਾਨੀ ‘ਚ ਇੱਕ ਹੋਰ ਮਣਕਾ ਜੋੜਦੇ ਹੋਏ ਬਰਨਾਲਾ ਦੇ ਹੋਣਹਾਰ ਵਕੀਲ ਨਰੇਸ਼ ਗਰਗ ਨੇ ਐਡੀਸ਼ਨਲ ਸੈਸ਼ਨ ਜੱਜ ਦੀ ਪਦਵੀ ਪ੍ਰਾਪਤ ਕੀਤੀ ਹੈ। ਨਰੇਸ਼ ਗਰਗ ਦੀ ਇਸ ਪ੍ਰਾਪਤੀ ਦਾ ਅਹਿਮ ਪੱਖ ਇਹ ਵੀ ਹੈ ਕਿ ਮੌਜੂਦਾ ਦੌਰ ‘ਚ ਪੰਚਕੂਲਾ ਵਿਖੇ ਡਿਪਟੀ ਡੀ.ਏ. ਦੀ ਨੌਕਰੀ ਕਰਦੇ ਹੋਏ ਉਸਨੇ ਹੁਣ ਪੰਜਾਬ ਤੇ ਹਰਿਆਣਾ ਦੀ ਪ੍ਰੀਖਿਆ ਵਿੱਚ ਟੱਪ ਕੀਤਾ ਹੈ। ਸ਼ੁਰੂ ਤੋਂ ਹੀ ਹਲੀਮੀ ਅਤੇ ਨਿਮਰਤਾ ਦੇ ਧਾਰਨੀ ਨਰੇਸ਼ ਗਰਗ ਦਾ ਨਿਸ਼ਾਨਾ ਹਮੇਸ਼ਾ ਆਪਣੇ ਟੀਚੇ ‘ਤੇ ਰਿਹਾ ਤੇ ਆਖ਼ਰ ਉਸਨੇ ਆਪਣੀ ਇਕਾਗਰਤਾ ਤੇ ਮਿਹਨਤ ਸਦਕਾ ਇਹ ਨਿਸ਼ਾਨਾ ਫੁੰਡ ਹੀ ਲਿਆ। ਇੱਥੇ ਇਹ ਵੀ ਦੱਸ ਦੇਈਏ ਕਿ ਨਰੇਸ਼ ਗਰਗ ਦੇ ਪਿਤਾ ਸ੍ਰੀ ਰਘੁਬੀਰ ਪ੍ਰਕਾਸ਼ ਗਰਗ ਬਰਨਾਲਾ ਨਗਰ ਕੌਂਸਲ ਦੇ ਮੀਤ ਪ੍ਰਧਾਨ ਰਹੇ ਹਨ ਅਤੇ ਉਹਨਾਂ ਦੇ ਭਰਾ ਨਰਿੰਦਰ ਗਰਗ ਨੀਟਾ ਮੌਜੂਦਾ ਸਮੇਂ `ਚ ਨਗਰ ਕੌਂਸਲ ਬਰਨਾਲਾ ਦੇ ਮੀਤ ਪ੍ਰਧਾਨ ਹਨ। ਨਰੇਸ਼ ਗਰਗ ਦਾ ਪਰਿਵਾਰ ਬਰਨਾਲਾ ਦੇ ਚੋਣਵੇਂ ਪਰਿਵਾਰਾਂ ਵਿੱਚੋਂ ਹੈ ਅਤੇ ਨਰੇਸ਼ ਗਰਗ ਦੀ ਇਸ ਪ੍ਰਾਪਤੀ ਨੇ ਆਪਣੇ ਪਰਿਵਾਰ ਦੀ ਸਮਾਜਿਕ ਚਮਕ ਵਿੱਚ ਹੋਰ ਵਾਧਾ ਕੀਤਾ ਹੈ। ਪਰਿਵਾਰ ਦੇ ਲਾਡਲੇ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਪਿਤਾ ਰਘਵੀਰ ਪ੍ਰਕਾਸ਼ ਗਰਗ ਅਤੇ ਉਹਨਾਂ ਦੇ ਭਰਾਤਾ ਨਰਿੰਦਰ ਗਰਗ ਨੀਟਾ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ