ਪਠਾਨਕੋਟ ‘ਚ ਧਮਾਕੇ ਤੋਂ ਬਾਅਦ ਅੰਮ੍ਰਿਤਸਰ ‘ਚ ਹੈਂਡ ਗ੍ਰਨੇਡ ਬਰਾਮਦ, ਵੱਡੀ ਅੱਤਵਾਦੀ ਵਾਰਦਾਤ ਦਾ ਖਦਸ਼ਾ

ਅੰਮ੍ਰਿਤਸਰ : ਪਠਾਨਕੋਟ ‘ਤੇ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਐੱਸਐੱਸਓਸੀ ਨੇ ਅੰਮ੍ਰਿਤਸਰ ‘ਚ ਇਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ‘ਚੋਂ ਦੋ ਹੈਂਡ ਗ੍ਰਨੇਡ ਤੇ ਦੋ ਪਿਸਤੌਲ ਬਰਾਮਦ ਕੀਤੇ ਹਨ। ਪੁਲਿਸ ਨੇ ਫੜੇ ਗਏ ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਸੋਹਲ ਦੇ ਰਹਿਣ ਵਾਲੇ ਰਣਜੀਤ ਸਿੰਘ ਵਜੋਂ ਕੀਤੀ ਹੈ। ਵਿਰਾਸਤੀ ਗਲੀ ਦੀ ਭੰਨਤੋੜ ਕਰਨ ਦੇ ਦੋਸ਼ ਹੇਠ ਰਣਜੀਤ ਸਿੰਘ ਖ਼ਿਲਾਫ਼ ਥਾਣਾ ਕੋਤਵਾਲੀ ਵਿੱਚ ਕੇਸ ਵੀ ਦਰਜ ਕੀਤਾ ਗਿਆ ਹੈ। ਰਣਜੀਤ ਸਿੰਘ ਦਾ ਅੱਤਵਾਦੀ ਸੰਗਠਨਾਂ ਨਾਲ ਸਬੰਧ ਕਿਵੇਂ ਜੁੜਿਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਮੁੱਢਲੀ ਪੁੱਛਗਿੱਛ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਰਣਜੀਤ ਸਿੰਘ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣਾ ਸੀ। ਦੂਜੇ ਪਾਸੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਤੋਂ ਇਲਾਵਾ ਦੇਸ਼ ਦੀਆਂ ਹੋਰ ਜਾਂਚ ਏਜੰਸੀਆਂ ਜੁਆਇੰਟ ਇੰਟੈਰੋਗੇਸ਼ਨ ਸੈਂਟਰ ‘ਚ ਮੁਲਜ਼ਮ ਤਰਨਜੀਤ ਸਿੰਘ ਤੋਂ ਪੁੱਛਗਿੱਛ ਕਰਨ ‘ਚ ਜੁਟੀਆਂ ਹੋਈਆਂ ਹਨ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਰਣਜੀਤ ਕੋਲ ਹੋਰ ਕਿੰਨੇ ਹੈਂਡ ਗ੍ਰੇਨੇਡ, ਵਿਸਫੋਟਕ ਤੇ ਪਿਸਤੌਲ ਪਏ ਹਨ।

ਜ਼ਿਕਰਯੋਗ ਹੈ ਕਿ ਪਾਕਿਸਤਾਨੀ ਖੁਫ਼ਿਆ ਏਜੰਸੀ ISI ਪੰਜਾਬ ‘ਚ ਵੱਡੇ ਅੱਤਵਾਦੀ ਹਮਲੇ ਦੀ ਫ਼ਿਰਾਕ ‘ਚ ਹੈ। ਖਾਸਕਰ ਆਰਐੱਸਐੱਸ ਦੀਆਂ ਬ੍ਰਾਂਚਾਂ ਤੇ ਹਿੰਦੂ ਆਗੂਆਂ ਨੂੰ ਟਾਰਗੈੱਟ ਕੀਤਾ ਜਾ ਸਕਦਾ ਹੈ। ਆਈਬੀ ਨੇ ਪੰਜਾਬ ਸਰਕਾਰ ਨੂੰ ਇਸ ਸਬੰਧੀ ਪਹਿਲਾਂ ਹੀ ਜਾਣੂ ਕਰਵਾਇਆ ਹੋਇਆ ਹੈ ਜਿਸ ਤੋਂ ਬਾਅਦ ਸੂਬੇ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਨੇ ਤਮਾਮ ਅਧਿਕਾਰੀਆਂ ਨੂੰ ਗਸ਼ਤ ਵਧਾਉਣ, ਰਾਤ ਵੇਲੇ ਗਸ਼ਤ ਵਿਚ ਇਕ ਤਿਹਾਈ ਅਧਿਕਾਰੀਆਂ ਨੂੰ ਮੈਦਾਨ ‘ਚ ਉਤਰਨ ਦੇ ਹੁਕਮ ਦਿੱਤੇ ਹੋਏ ਹਨ।