ਸਿੱਧੂ ਨੇ ਸਿਆਸੀ ਪਾਰਟੀਆਂ ਦੇ ਲੋਕ ਲੁਭਾਉਣੇ ਵਾਅਦਿਆਂ ‘ਤੇ ਚੁੱਕਿਆ ਸਵਾਲ, ਕੇਬਲ ਟੀਵੀ ਦੇ ਰੇਟ ਨੂੰ ਲੈ ਕੇ ਚੰਨੀ ‘ਤੇ ਕੀਤਾ ਹਮਲਾ

ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਇਕ ਵਾਰ ਫਿਰ ਸਿਆਸੀ ਆਗੂਆਂ ਵੱਲੋਂ ਕੀਤੇ ਜਾ ਰਹੇ ਲੋਕ ਲੁਭਾਉਣੇ ਐਲਾਨਾਂ ‘ਤੇ ਉਨ੍ਹਾਂ ਨੂੰ ਘੇਰਿਆ। ਸਿੱਧੂ ਨੇ ਕਿਹਾ ਕਿ ਸ਼ਾਰਟਕੱਟ ਤੇ ਸਕੀਮਾਂ ਵਾਲੇ ਕੰਮਾਂ ਨਾਲ ਲੋਕਾਂ ਦਾ ਭਲਾ ਹੋਣ ਵਾਲਾ ਨਹੀਂ ਹੈ। ਜੁਗਾੜ ਵਾਲੇ ਕੰਮ ਲੌਂਗ ਟਰਮ ਨਹੀਂ ਹੁੰਦੇ। ਲੋਕਾਂ ਨੂੰ ਲੁਭਾਉਣ ਵਾਲੇ ਲਾਲੀਪਾਪ ਨੂੰ ਜੁਗਾੜ ਕਹਿ ਲੈਂਦੇ ਹਾਂ ਜਾਂ ਫਿਰ ਉਸ ਨੂੰ ਸਕੀਮ ਕਹਿ ਲੈਂਦੇ ਹਾਂ। ਸਕੀਮ ਤੋਂ ਕਿਤੇ ਜ਼ਿਆਦਾ ਪਾਵਫੁੱਲ ਚੀਜ਼ ਪਾਲਿਸੀ ਹੁੰਦੀ ਹੈ ਤੇ ਪਾਲਿਸੀ ਰਿਸਰਚ ਦੇ ਨਾਲ ਬਣਦੀ ਹੈ। ਪਾਲਿਸੀ ਪਿਛਲੇ 15-20 ਸਾਲਾਂ ਦੇ ਇਤਿਹਾਸ ਨੂੰ ਦੇਖ ਕੇ ਬਣਦੀ ਹੈ। ਪਾਲਿਸੀ ‘ਚ ਬਜਟ ਦੀ ਐਲੋਕੇਸ਼ਨ ਹੁੰਦੀ ਹੈ। ਉਸ ਵਿਚ ਦੱਸਿਆ ਜਾਂਦਾ ਹੈ ਕਿ ਜੇਕਰ ਕੋਈ ਸਕੀਮ ਲਾਂਚ ਹੁੰਦੀ ਹੈ ਤਾਂ ਉਸ ਦੇ ਲਈ ਏਨਾ ਬਜਟ ਹੈ। ਉਨ੍ਹਾਂ ਸੀਐੱਮ ਚੰਨੀ ਵੱਲੋਂ ਕੇਬਲ ਦਾ ਰੇਟ 100 ਰੁਪਏ ਕਰਨ ਦੀ ਗੱਲ ‘ਤੇ ਵਿਅੰਗ ਕੱਸਦੇ ਹੋਏ ਕਿਹਾ ਕਿ 130 ਰੁਪਏ ਤਾਂ ਟਰਾਈ ਦਾ ਰੇਟ ਹੈ। ਇਸ ਲਈ ਅਜਿਹਾ ਸੰਭਵ ਨਹੀਂ ਹੈ ਪਰ ਜੋ ਸੀਐੱਮ ਨੇ ਕਿਹਾ ਹੈ, ਉਸ ਨੂੰ ਅਸੀਂ ਪੂਰਾ ਕਰ ਕੇ ਦਿਆਂਗੇ। ਚਾਰ ਸਾਲ ਮਿਹਨਤ ਕਰ ਕੇ ਇੰਟਰਟੇਨਮੈਂਟ ਦਾ ਕਾਨੂੰਨ ਲਿਆਏ ਸਨ, ਜੋ ਕੈਬਨਿਟ ‘ਚ ਧੱਕੇ ਖਾਂਦਾ ਰਿਹਾ।

ਉਨ੍ਹਾਂ ਕਿਹਾ ਕਿ ਅੱਜ ਸਾਡੇ ਸੀਐੱਮ ‘ਤੇ ਨਿਸ਼ਾਨਾ ਵਿੰਨ੍ਹਣ ਵਾਲੇ ਲੋਕ ਉਹੀ ਹਨ ਜਿਹੜੇ ਈਡੀ ਦੇ ਹੱਥੋਂ ਰਬੜ ਦੇ ਪੁਤਲੇ ਵਾਂਗ ਨੱਚਦੇ ਸਨ। ਸੀਐੱਮ ਚੰਨੀ ਦਾ ਨਜ਼ਰੀਆ ਠੀਕ ਹੈ। ਜੋ ਪਿਛਲੇ ਸਾਢੇ ਚਾਰ ਸਾਲ ‘ਚ ਨਹੀਂ ਕੀਤਾ ਗਿਆ, ਉਹ ਚੰਨੀ ਨੇ ਤਿੰਨ ਮਹੀਨਿਆਂ ‘ਚ ਕਰ ਦਿਖਾਇਆ ਹੈ। ਜੇਕਰ ਕੁਝ ਕਮੀਆਂ ਰਹਿ ਗਈਆਂ ਹਨ, ਤਾਂ ਉਹ ਵੀ ਦੂਰ ਹੋਣਗੀਆਂ। ਕਿਉਂਕਿ, ਇਹ ਜੋ ਕੁਝ ਹੋ ਰਿਹਾ ਹੈ, ਉਹ ਪਾਰਟੀ ਤੇ ਲੱਖਾਂ ਵਰਕਰਾਂ ਦੇ ਕਹਿਣ ‘ਤੇ ਹੋ ਰਿਹਾ ਹੈ। ਚੰਨੀ ਇਕੱਲੇ ਨਹੀਂ ਕਰ ਰਹੇ।

ਸਿੱਧੂ ਨੇ ਕਿਹਾ ਕਿ ਅਸੀਂ 13 ਨੁਕਾਤੀ ਪੰਜਾਬ ਮਾਡਲ ਲਈ ਪੂਰਾ ਬਜਟ ਅਲਾਟ ਕਰਾਂਗੇ। ਮੁੱਖ ਮੰਤਰੀ ਨੂੰ ‘ਐਲਾਨ-ਏ-ਜੀਤ ਸਿੰਘ ਚੰਨੀ’ ਕਹਿਣ ‘ਤੇ ਉਨ੍ਹਾਂ ਕਿਹਾ ਕਿ ਮੈਂ ਕਿਸੇ ‘ਤੇ ਸਵਾਲ ਨਹੀਂ ਉਠਾਉਂਦਾ। ਮੈਂ ਇਹ ਸਵਾਲ ਪਿਛਲੇ ਚਾਰ ਸਾਲਾਂ ਤੋਂ ਪੁੱਛ ਰਿਹਾ ਹਾਂ। ਜੇਕਰ ਫੰਡ ਤੁਹਾਡੇ ਕੋਲ ਨਹੀਂ ਹਨ ਤੇ ਤੁਸੀਂ ਸਿਰਫ਼ ਐਲਾਨ ਕਰ ਰਹੇ ਹੋ ਤਾਂ ਲੋਕਾਂ ਨੂੰ ਕਿਵੇਂ ਫਾਇਦਾ ਹੋਵੇਗਾ।

ਉਨ੍ਹਾਂ ਕਿਹਾ ਕਿ ਜੇਕਰ ਕੋਈ 26 ਲੱਖ ਨੌਕਰੀਆਂ ਦੇਣ ਦੀ ਹਿੰਮਤ ਕਰਦਾ ਹੈ ਤਾਂ ਇਸ ਦਾ ਸਪੱਸ਼ਟ ਮਤਲਬ ਹੈ ਕਿ ਇਸ ਲਈ 93 ਹਜ਼ਾਰ ਕਰੋੜ ਰੁਪਏ ਦੇ ਬਜਟ ਦੀ ਲੋੜ ਹੈ। ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਲਈ ਹਰ ਸਾਲ 12000 ਕਰੋੜ ਦੀ ਲੋੜ ਹੈ। ਦੋ ਕਿਲੋਵਾਟ ਮੁਫਤ ਬਿਜਲੀ ਦੇਣ ਦਾ ਮਤਲਬ 3600 ਕਰੋੜ ਹੋ ਗਿਆ ਹੈ। 110000 ਕਰੋੜ ਹਵਾ ਵਿੱਚ ਵੰਡੇ ਗਏ ਹਨ ਜਦਕਿ ਸਰਕਾਰ ਦਾ ਬਜਟ 72000 ਕਰੋੜ ਹੈ। ਮੇਰਾ ਪੰਜਾਬ ਮਾਡਲ ਅਜਿਹੀਆਂ ਗੱਲਾਂ ਨਹੀਂ ਕਰਦਾ। ਖਜ਼ਾਨਾ ਕਿਵੇਂ ਖਾਲੀ ਹੋ ਗਿਆ ਹੈ, ਸਗੋਂ ਪੰਜਾਬ ਮਾਡਲ ਕਹਿੰਦਾ ਹੈ ਕਿ ਖਜ਼ਾਨਾ ਕਿਵੇਂ ਭਰੇਗਾ।