ਅੰਮਿ੍ਤਸਰ- ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਵਿਚ ਬਿਜਲੀ ਦਰਾਂ ਵਿਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕਰਨ ‘ਤੇ ਕਿਹਾ ਕਿ ਇਹ ਕੋਰਾ ਝੂਠ ਹੈ। ਉਨ੍ਹਾਂ ਖਪਤਕਾਰਾਂ ਦੇ ਤਾਜ਼ੇ ਬਿਜਲੀ ਬਿੱਲ ਮੀਡੀਆ ਸਾਹਮਣੇ ਵਿਖਾਏ ਜੋ ਪੁਰਾਣੀਆਂ ਦਰਾਂ ਮੁਤਾਬਕ ਹੀ ਆਏ ਹਨ ਤੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਵਧਾ ਚੜ੍ਹਾ ਕੇ ਪੇਸ਼ ਕੀਤਾ ਦਾਅਵਾ ਅਸਲ ਵਿਚ ਲਾਗੂ ਹੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬਿਜਲੀ ਦਰਾਂ ‘ਚ 3 ਰੁਪਏ ਪ੍ਰਤੀ ਯੁਨਿਟ ਬਿੱਲ ਦਾ ਪੰਜਾਬ ਸਰਕਾਰ ਦਾ ਕੋਰਾ ਝੂਠ ਹੈ। ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲ ਕਿਹਾ ਕਰਾਂਗੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਰ ਦਿੱਤਾ। ਇਨਾਂ੍ਹ ਦੋਨਾਂ ਹੀ ਪੰਜਾਬ ਵਾਸੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦਾ ਕਹਿਣਾ ਹੈ ਕਿ ਖਜਾਨਾ ਭਰਿਆ ਹੈ, ਖਜਾਨਾ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਕਹਿੰਦਾ ਖਜਾਨਾ ਖਾਲੀ ਹੈ। ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਹਿੰਦਾ ਪੰਜਾਬ ਵਾਸੀਆਂ ਨੂੰ ਲਾਲੀ ਪੋਪ ਨਾ ਦਿਓ, ਝੂਠ ਨਾ ਬੋਲੋ ਸੱਚ ਕਹੋ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਸ ਸਮੇਂ ਪੰਜਾਬ ‘ਤੇ ਤਿੰਨ ਲੱਖ ਕਰੋੜ ਦਾ ਕਰਜਾ ਚੜਾ ਦਿੱਤਾ ਹੈ। ਦਿੱਲੀ ਦੇ ਮੱੁਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਵੱਡੇ-ਵੱਡੇ ਵਾਅਦੇ ਕਰ ਰਹੇ ਹਨ, ਸੋਚਣ ਵਾਲੀ ਗੱਲ ਹੈ ਕਿ ਕੇਜਰੀਵਾਲ ਨੇ ਜੇਕਰ ਦਿੱਲੀ ਵਿਚ ਸਹੂਲਤਾਂ ਨਹੀਂ ਦਿੱਤੀਆਂ ਤਾਂ 3 ਲੱਖ ਕਰੋੜ ਦੇ ਕਰਜਾਈ ਪੰਜਾਬ ਨੂੰ ਸਹੂਲਤਾਂ ਕਿਵੇਂ ਮਿਲਣਗੀਆਂ। ਮਜੀਠੀਆ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਝੂਠੇ ਵਾਅਦੇ ਕਰ ਕੇ ਉਸੇ ਤਰੀਕੇ ਪੰਜਾਬੀਆਂ ਨੁੰ ਧੋਖਾ ਦੇ ਰਹੇ ਹਨ ਜਿਵੇਂ ਪਹਿਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ।
ਉਨ੍ਹਾਂ ਕਿਹਾ ਕਿ ਚੰਨੀ ਨੇ ਤਾਂ ਬਿਜਲੀ ਦਰਾਂ ਵਿਚ ਕਟੌਤੀ ਦੇ ਝੁਠੇ ਦਾਅਵੇ ਤੋਂ ਬਾਅਦ ਇਕ ਕਦਮ ਹੋਰ ਅੱਗੇ ਪੁਟਦਿਆਂ ਕਰੋੜਾਂ ਰੁਪਏ ਇਸ ਝੁਠ ਦੇ ਪ੍ਰਚਾਰ ‘ਤੇ ਖਰਚ ਦਿੱਤੇ। ਵੇਰਵੇ ਸਾਂਝੇ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਐਲਾਨ ਕੀਤਾ ਸਹੀ ਕਿ 7 ਕਿਲੋਵਾਟ ਤੱਕ ਸਾਰੇ ਵਰਗਾਂ ਲਈ ਬਿਜਲੀ ਦਰਾਂ ਵਿਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮੰਤਰੀ ਮੰਡਲ ਨੇ ਇਸ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ, ਜਿਸ ਮਗਰੋਂ ਇਸ ਕਦਮ ਦਾ ਸਿਹਰਾ ਲੈਣ ਵਾਸਤੇ ਹਰ ਪਾਸੇ ਪੋਸਟਰ ਹੀ ਪੋਸਟਰ ਲਗਾ ਦਿੱਤੇ ਗਏ। ਉਹਨਾਂ ਕਿਹਾ ਕਿ ਸੱਚਾਈ ਬਿਲਕੁਲ ਵੱਖਰੀ ਹੈ। ਉਨ੍ਹਾਂ ਨੇ ਬਿਜਲੀ ਦੇ ਬਿੱਲ ਵਿਖਾ ਕੇ ਕਿਹਾ ਕਿ ਬਿਜਲੀ ਦਰਾਂ ‘ਚ ਕਿਸੇ ਵੀ ਵਰਗ ਵਾਸਤੇ ਕੋਈ ਕਟੌਤੀ ਨਹੀਂ ਕੀਤੀ ਗਈ, 4.19 ਰਪੁਏ ਪ੍ਰਤੀ ਯੂਨਿਟ ਹੈ, ਜੋ ਕਿ ਘਟਾਉਣ ਮਗਰੋਂ 1.19 ਰੁਪਏ ਪ੍ਰਤੀ ਯੂਨਿਟ ਹੋਣੀ ਚਾਹੀਦੀ ਸੀ।
ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਇਹ ਵੀ ਝੁਠ ਬੋਲਿਆ ਸੀ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਨਵਿਆਉਣਯੋਗ ਊਰਜਾ ਉਤਪਾਦਕਾਂ ਤੋਂ 17.28 ਰੁਪਏ ਪ੍ਰਤੀ ਯੁਨਿਟ ਦੀ ਦਰ ‘ਤੇ ਬਿਜਲੀ ਖਰੀਦਣ ਲਈ ਬਿਜਲੀ ਖਰੀਦ ਸਮਝੌਤੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸੱਚਾਈ ਇਹ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ 9 ਮੈਗਾਵਾਟ ਦੇ ਇਕ ਬਿਜਲੀ ਪ੍ਰਰਾਜੈਕਟ ਲਈ ਦਰ 17.28 ਰੁਪਏ ਪ੍ਰਤੀ ਯੁਨਿਅ ਤੈਅ ਕੀਤੀ ਸੀ ਜਿਸ ਵਿਚੋਂ 12.50 ਰੁਪਏ ਪ੍ਰਤੀ ਯੂਨਿਟ ਦਾ ਖਰਚ ਕੇਂਦਰ ਸਰਕਾਰ ਨੇ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਸਾਬਤ ਕਰਨ ਕਿ ਇਸ ਦਾ ਖਰਚਾ ਪੰਜਾਬ ਨੇ ਚੁੱਕਿਆ ਸੀ ਤਾਂ ਮੈਂ ਫਿਰ ਕਦੇ ਚੋਣਾਂ ਨਹੀਂ ਲੜਾਂਗਾ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਐਲਾਨਜੀਤ ਸਿੰਘ ਚੰਨੀ ਜਾਂ ਫਿਰ ਜੋ ਸਿਰਫ ਐਲਾਨ ਕਰਦਾ ਹੈ, ਕਰਾਰ ਦਿੰਦਾ ਹਾਂ।
ਪੰਜਾਬੀਆਂ ਨੂੰ ਰੇਤੇ ਦਾ ਭਾਅ 5. 50 ਰੁਪਏ ਪ੍ਰਤੀ ਫੁੱਟ ਕਰਨ ਦੇ ਦਾਅਵਿਆਂ ਨਾਲ ਗੁੰਮਰਾਹ ਕੀਤਾ ਜਾ ਰਿਹਾ ਹੈ ਜਦੋਂ ਕਿ ਰੇਤਾ ਇਸ ਨਾਲੋਂ 5 ਤੋਂ 7 ਗੁਣਾ ਜ਼ਿਆਦਾ ਜ਼ਿਆਦਾ ਕੀਮਤ ‘ਤੇ ਵਿਕ ਰਿਹਾ ਹੈ। ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਆਪ ਸਰਕਾਰ ਬਣਨ ‘ਤੇ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਮਹੀਨਾ ਦੇਣ ਦੇ ਨਵੇਂ ਵਾਅਦੇ ਬਾਰੇ ਮਜੀਠੀਆ ਨੇ ਕਿਹਾ ਕਿ ਕੀ ਇਹ ਵਾਅਦਾ ਠੀਕ ਹੈ। ਉਨ੍ਹਾਂ ਕਿਹਾ ਕਿ ਪੈਸਾ ਲੋੜਵੰਦਾਂ ਨੂੰ ਮਿਲਣਾ ਚਾਹੀਦਾ ਹੈ ਤੇ ਕੇਜਰੀਵਾਲ ਨੇ ਤਾਂ ਇਹ ਐਲਾਨ ਕਰਨ ਤੋਂ ਪਹਿਲਾਂ ਇਸ ਨਾਲ ਸੂਬੇ ਦੇ ਖ਼ਜ਼ਾਨੇ ‘ਤੇ ਪੈਣ ਬਾਰੇ ਬੋਝ ਬਾਰੇ ਵੀ ਨਹੀਂ ਸੋਚਿਆ। ਉਨ੍ਹਾਂ ਕਿਹਾ ਕਿ ਇਸ ਹਿਸਾਬ ਨਾਲ ਹਰ ਮਹੀਨੇ 11 ਹਜ਼ਾਰ ਕਰੋੜ ਰੁਪਏ ਦੀ ਜ਼ਰੂਰਤ ਹੋਵੇਗੀ। ਉਨਾਂ੍ਹ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਨੇ ਜਿਹੜੇ ਵਾਅਦੇ ਪੰਜਾਬ ਵਾਸੀਆਂ ਨਾਲ ਕੀਤੇ ਉਸ ਨੂੰ ਪੂਰਾ ਕੀਤਾ ਝੂਠ ਨਹੀਂ ਬੋਲਿਆ, ਅਗਾਂਹ ਵੀ ਜਿਹੜੇ ਵਾਅਦੇ ਮੁਕੰਮਲ ਹੋ ਸਕਦੇ ਹਨ, ਉਸ ਵਾਅਦੇ ਹੀ ਕੀਤੇ ਜਾਣਗੇ।