ਨਵੀਂ ਦਿੱਲੀ- ਰੇਲਵੇ ਬੋਰਡ (Indian Railways Board) ਨੇ ਰੇਲਗੱਡੀਆਂ ‘ਚ ਯਾਤਰੀਆਂ ਨੂੰ ਪੱਕਿਆ ਹੋਇਆ ਭੋਜਨ (ਕੁਕਡ ਫੂਡ) ਪਰੋਸਣਾ ਮੁੜ ਸ਼ੁਰੂ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਸ ਸੇਵਾ ਨੂੰ ਕੋਵਿਡ-19 ਪਾਬੰਦੀਆਂ (Covid-19 Measures) ਦੀ ਵਜ੍ਹਾ ਨਾਲ ਬੰਦ ਕਰ ਦਿੱਤਾ ਗਿਆ ਸੀ।
ਰੇਲਵੇ ਬੋਰਡ ਨੇ ਇਕ ਪੱਤਰ ‘ਚ ਭਾਰਤੀ ਰੇਲਵੇ ਖਾਣ-ਪੀਣ ਐਂਡ ਟੂਰਿਜ਼ਮ ਨਿਗਮ (IRCTC) ਨੂੰ ਸੇਵਾ ਮੁੜ ਸ਼ੁਰੂ ਕਰਨ ਨੂੰ ਕਿਹਾ। ਰੇਲਵੇ ਬੋਰਡ ਨੇ ਇਹ ਵੀ ਕਿਹਾ ਕਿ ਯਾਤਰੀਆਂ ਨੂੰ ‘ਖਾਣੇ ਲਈ ਤਿਆਰ’ (ਰੈੱਡੀ-ਟੂ-ਈਟ) ਭੋਜਨ ਹੀ ਪਰੋਸਿਆ ਜਾਂਦਾ ਰਹੇਗਾ
ਪੱਤਰ ‘ਚ ਕਿਹਾ ਗਿਆ ਹੈ, ‘ਜਨਰਲ ਟ੍ਰੇਨ ਸੇਵਾਵਾਂ ਦੀ ਬਹਾਲੀ, ਯਾਤਰਾ ਕਰਨ ਵਾਲੇ ਯਾਤਰੀਆਂ ਦੀਆਂ ਜ਼ਰੂਰਤਾਂ ਤੇ ਦੇਸ਼ ਭਰ ਦੇ ਭੋਜਨਾਲਿਆਂ, ਰੈਸਟੋਰੈਂਟਾਂ, ਹੋਟਲਾਂ ਤੇ ਅਜਿਹੀਆਂ ਹੋਰ ਥਾਵਾਂ ‘ਤੇ ਕੋਵਿਡ ਲਾਕਡਾਊਨ ਪਾਬੰਦੀਆਂ ‘ਚ ਢਿੱਲ ਦੇ ਮੱਦੇਨਜ਼ਰ ਰੇਲ ਮੰਤਰਾਲੇ ਵੱਲੋਂ ਰੇਲ ਗੱਡੀਆਂ ‘ਚ ਪੱਕੇ ਹੋਏ ਭੋਜਨ ਦੀਆਂ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।’
ਖਾਣ ਲਈ ਤਿਆਰ ਭੋਜਨ ਦੀ ਸੇਵਾ ਵੀ ਜਾਰੀ ਰਹੇਗੀ। ਇਸ ਮਹੀਨੇ ਦੀ ਸ਼ੁਰੂਆਤ ‘ਚ ਰੇਲਵੇ ਨੇ ਮਹਾਮਾਰੀ ਕਾਰਨ ਜਨਰਲ ਟ੍ਰੇਨ ਸੰਚਾਲਨ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਸੀ।
ਦੱਸ ਦੇਈਏ ਕਿ ਰੇਲ ਮੰਤਰਾਲਾ ਬੀਤੇ ਹਫ਼ਤੇ ਹੀ ਸਪੈਸ਼ਲ ਟ੍ਰੇਨਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਮੰਤਰਾਲੇ ਨੇ ਕਿਹਾ ਸੀ ਕਿ covid ਤੋਂ ਪਹਿਲਾਂ ਵਾਂਗ ਜਨਰਲ ਟ੍ਰੇਨਾਂ ਚੱਲਣਗੀਆਂ। ਇਸ ਨਾਲ ਕਿਰਾਏ ‘ਚ ਵੀ ਕਟੌਤੀ ਹੋਵੇਗੀ ਤੇ ਯਾਤਰੀਆਂ ਦਾ ਸਫ਼ਰ ਵੀ ਆਸਾਨ ਹੋਵੇਗਾ।