ਬਰਨਾਲਾ, 25 ਫਰਵਰੀ,/ਕਰਨਪ੍ਰੀਤ ਕਰਨ /-2018 ਬੈਚ ਦੇ ਆਈ.ਏ.ਐੱਸ ਅਧਿਕਾਰੀ ਸ੍ਰੀ ਟੀ ਬੈਨਿਥ ਨੇ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਵਜੋਂ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਉਹ ਮਿਊਂਸਿਪਲ ਕਾਰਪੋਰੇਸ਼ਨ ਕਮਿਸ਼ਨਰ ਐੱਸ.ਏ.ਐੱਸ ਨਗਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਇਸ ਤੋਂ ਪਹਿਲਾਂ ਸ੍ਰੀ ਟੀ ਬੈਨਿਥ ਵਧੀਕ ਸਕੱਤਰ ਕੋਆਰਡੀਨੇਸ਼ਨ ਅਤੇ ਮੁੱਖ ਸਕੱਤਰ ਪੰਜਾਬ ਦੇ ਸਟਾਫ਼ ਅਫ਼ਸਰ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਾਨਸਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਬਰਨਾਲਾ ( ਵਾਧੂ ਚਾਰਜ) ਅਤੇ ਵੱਖ ਵੱਖ ਸਬ ਡਿਵੀਜ਼ਨਾਂ ਵਿੱਚ ਐੱਸ.ਡੀ.ਐਮ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।
ਅੱਜ ਅਹੁਦਾ ਸੰਭਾਲਣ ਮਗਰੋਂ ਪ੍ਰੈੱਸ ਮਿਲਣੀ ਕਰਦਿਆਂ ਸ੍ਰੀ ਟੀ ਬੈਨਿਥ ਆਈ ਏ ਐੱਸ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਹਿਮ ਪ੍ਰੋਜੈਕਟਾਂ ਨੂੰ ਸ਼ਿੱਦਤ ਨਾਲ ਸਿਰੇ ਚੜ੍ਹਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਾਰਦਰਸ਼ੀ, ਸਮਾਂਬੱਧ ਤਰੀਕੇ ਨਾਲ ਅਤੇ ਜਵਾਬਦੇਹੀ ਨਾਲ ਸੇਵਾਵਾਂ ਮੁਹਈਆ ਕਰਾਈਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਵੱਖ ਵੱਖ ਅਦਾਰਿਆਂ ਨਾਲ ਜੁੜੇ ਮੀਡੀਆ ਕਰਮੀਆਂ ਨਾਲ ਬਰਨਾਲਾ ਜ਼ਿਲ੍ਹੇ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਅਤੇ ਲੋਕ ਮਸਲਿਆਂ ਬਾਰੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸੁਝਾਅ ਲਏ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਮਸਲਿਆਂ ਦਾ ਪਹਿਲ ਦੇ ਆਧਾਰ ‘ਤੇ ਨਿਬੇੜਾ ਕੀਤਾ ਜਾਵੇਗਾ।