ਨੈਸ਼ਨਲ ਯੂਥ ਪ੍ਰੋਜੈਕਟ ਵੱਲੋਂ 6 ਰੋਜ਼ਾਂ ਰਾਸ਼ਟਰੀ ਸਦਭਾਵਨਾ ਅਤੇ ਭਾਈਚਾਰਾ ਦੇ ਵਿਸ਼ੇਸ਼ ਕੈਂਪ ਦਾ ਆਗਾਜ਼
ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਦੇ ਨੌਜਵਾਨਾਂ ਨੇ ਲਿਆ ਭਾਗ, ਖਡੂਰ ਸਾਹਿਬ ਬਣਿਆ ਮਿੰਨੀ ਹਿੰਦੁਸਤਾਨ
ਖਡੂਰ ਸਾਹਿਬ, 5 ਫਰਵਰੀ: ਨਿਊਜ਼ ਸਰਵਿਸ ਦੂਜੇ ਸਿੱਖ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਨਾਲ ਸਬੰਧਤ ਖਡੂਰ ਸਾਹਿਬ ਦੀ ਪਵਿੱਤਰ ਨਗਰੀ ਵਿਖੇ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਨੌਜਵਾਨਾਂ ਨੇ ਨੈਸ਼ਨਲ ਯੂਥ ਪ੍ਰੋਜੈਕਟ ਟਰੱਸਟ ਨਵੀਂ ਦਿੱਲੀ ਅਤੇ ਸ਼੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਸਹਿਯੋਗ ਨਾਲ ਲਗਾਏ 6 ਰੋਜ਼ਾਂ ਕੈਂਪ ‘ਚ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਕੈਂਪ ਦਾ ਰਸਮੀ ਤੌਰ ਤੇ ਉਦਘਾਟਨ ਡਾ: ਇੰਦਰਜੀਤ ਕੌਰ ਸ੍ਰਪਰਸਤ ਪਿੰਗਲਵਾੜਾ ਅੰਮ੍ਰਿਤਸਰ ਨੇ ਅੱਜ ਖਡੂਰ ਸਾਹਿਬ ਵਿਖੇ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਆਏ ਨੌਜਵਾਨਾਂ ਦੀ ਹਾਜ਼ਰੀ ਦੌਰਾਨ ਕੀਤਾ। ਜਿੱਥੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਨੌਜਵਾਨ ਮੁੰਡੇ ਕੁੜੀਆਂ ਆਪੋ-ਆਪਣੇ ਰਾਜਾਂ ਦੇ ਪਹਿਰਾਵੇ, ਖਾਣ-ਪੀਣ, ਸੱਭਿਆਚਾਰ, ਨਾਚ, ਬੋਲੀ ਆਦਿ ਇੱਕ ਦੂਸਰੇ ਨਾਲ ਰੂਬਰੂ ਕਰਕੇ ਰਾਸ਼ਟਰੀ ਏਕਤਾ, ਰਾਸ਼ਟਰੀ ਸਦਭਾਵਨਾ ਅਤੇ ਭਾਈਚਾਰਾ ਦੀ ਅਹਿਮ ਭੂਮਿਕਾ ਅਦਾ ਕਰ ਰਹੇ ਹਨ । ਇਸ ਟਰੱਸਟ ਦੇ ਮੈਨੇਜਿੰਗ ਟਰੱਸਟੀ ਵਜੋਂ ਗੁਰਦੇਵ ਸਿੰਘ ਸਿੱਧੂ ਆਪਣੀ ਅਹਿਮ ਸੇਵਾ ਨਿਭਾ ਰਹੇ ਹਨ। ਇਸ ਟਰੱਸਟ ਦੇ ਸਲਾਹਕਾਰ ਸੁਰੇਸ਼ ਰਾਠੀ, ਰਾਮੇਸ਼ ਭਈਆ, ਸੁਧੀਰ ਭਾਈ ਗੋਇਲ, ਸ਼੍ਰੀਮਤੀ ਨੀਲਿਮਾ ਕਾਮਰਾਹ ਤੇ ਨਜ਼ਮਾ ਨਾਹੀਦ ਹਨ। ਇਸ ਤੋਂ ਇਲਾਵਾ ਆਰ.ਸੀ. ਗੁਪਤਾ ਖਜ਼ਾਨਚੀ, ਮਧੂ ਸੂਦਨ ਦਾਸ, ਜਗਦੀਸ਼ ਚੌਧਰੀ, ਅਜੈ ਪਾਂਡੇ ਅਤੇ ਸੰਜੇ ਰਾਏ ਟਰੱਸਟ ਮੈਂਬਰ ਦੀ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਕੈਂਪ ਵਿੱਚ ‘ਜਯ ਜਗਤ ਪੁਕਾਰੇ ਜਾ’ ਗੀਤ ਅਤੇ ਵੱਖ-ਵੱਖ ਰਾਜਾਂ ਦੇ ਅਲੱਗ-ਅਲੱਗ ਨਾਅਰਿਆਂ ਨੇ ਸਭ ਦਾ ਦਿਲ ਮੋਂਹ ਲਿਆ। ਇਸ ਕੈਂਪ ਵਿੱਚ ਕੈਂਪਰ ਸਭ ਇੱਕਠੇ ਰਲ ਮਿਲ ਜ਼ਿੰਦਗੀ ਦਾ ਇੱਕ ਵੱਖਰਾ ਲੁਤਫ ਆਨੰਦ ਮਾਨਣ ਤੋਂ ਇਲਾਵਾ ਉਹ ਵੇਖ ਰਹੇ ਕਿ ਬਾਬਾ ਸੇਵਾ ਸਿੰਘ ਜੀ ਵੱਲੋਂ ਕਿਸ ਤਰ੍ਹਾਂ ਆਲੇ-ਦੁਆਲੇ ਦੇ 80 ਪਿੰਡਾਂ ਵਿੱਚ ਵਾਤਾਵਰਨ ਦੀ ਸੰਭਾਲ ਕਰਕੇ ਰੁੱਖ ਲਗਾਉਣ ਦਾ ਸ਼ਾਨਦਾਰ ਕੰਮ ਕੀਤਾ ਗਿਆ ਹੈ। ਇਹ ਕੈਂਪ ਨੌਜਵਾਨਾਂ ਅਤੇ ਲੋਕਾਂ ਵਿੱਚ ਦੇਸ਼ ਪ੍ਰੇਮ, ਰਾਸ਼ਟਰੀ ਏਕਤਾ, ਮਿਲਵਰਤਨ, ਆਪਸੀ ਸਾਂਝ, ਵਾਤਾਵਰਨ ਸੰਭਾਲ, ਸਵੱਛਤਾ, ਅਨੁਸ਼ਾਸ਼ਨ ਦੇ ਅਹਿਮ ਸੰਕਲਪ ਤੇ ਪਹਿਰਾ ਦੇ ਰਿਹਾ ਹੈ। ਇਸ ਕੈਂਪ ‘ਚ ਅਮਰੀਕ ਸਿੰਘ ਕਲੇਰ ਆਪਣੀਆਂ ਅਹਿਮ ਸੇਵਾਵਾਂ ਨੌਜਵਾਨਾਂ ਦੇ ਸਪੁਰਦ ਕਰ ਰਹੇ ਹਨ। ਕਾਲਜ ਦੇ ਪ੍ਰਿੰਸੀਪਲ ਡਾ: ਬਲਵੰਤ ਸਿੰਘ ਸੰਧੂ ਅਤੇ ਪ੍ਰੋ: ਸਰਤਾਜ ਸਿੰਘ ਛੀਨਾ ਵੀ ਵਿਸ਼ੇਸ਼ ਸਹਿਯੋਗ ਪ੍ਰਦਾਨ ਕਰ ਰਹੇ ਹਨ। ਇਸ ਕੈਂਪ ‘ਚ 22 ਰਾਜਾਂ ਦੇ ਲੱਗਭੱਗ 300 ਸਾਥੀ ਭਾਗ ਲੈ ਰਹੇ ਹਨ। ਕੈਂਪ ਦੌਰਾਨ ਪ੍ਰੈੱਸ ਨੋਟ ਜਾਰੀ ਕਰਦਿਆਂ ਰਾਜੇਸ਼ ਬੁਢਲਾਡਾ ਨੇ ਦੱਸਿਆ ਕਿ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਸਾਥੀਆਂ ਵਿੱਚ ਇੱਕ ਵੱਖਰਾ ਹੀ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ਇਸ ਕੈਂਪ ਵਿੱਚ ਮੇਜ਼ਮਾਨ ਰਾਜ ਪੰਜਾਬ ਤੋਂ ਇਲਾਵਾ ਛੱਤੀਸਗੜ੍ਹ, ਦਿੱਲੀ, ਬਿਹਾਰ, ਕਰਨਾਟਕਾ, ਗੁਜਰਾਤ, ਹਰਿਆਣਾ, ਪਾਂਡੇਚਿਰੀ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਝਾਰਖੰਡ ਆਦਿ ਰਾਜਾਂ ਦੇ ਸਾਥੀ ਹਾਜ਼ਰ ਹਨ।