ਬੁਢਲਾਡਾ, (ਦਵਿੰਦਰ ਸਿੰਘ ਕੋਹਲੀ): ਹਾਰੇ ਕਾ ਸਹਾਰਾ ਸ਼੍ਰੀ ਸ਼ਿਆਮ ਖਾਟੂ ਵਾਲੇ ਜੀ ਦੇ ਮੰਦਰ ਦਾ ਨਿਰਮਾਣ ਭਗਤਾਂ ਵੱਲੋਂ ਸਥਾਨਕ ਸ਼ਹਿਰ ਦੇ ਡੀ.ਡੀ. ਇਨਕਲੇਵ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਤੇ ਅੱਜ ਸ਼ਿਆਮ ਭਗਤਾਂ ਦੀ ਹਾਜਰੀ ਵਿੱਚ ਸ਼੍ਰੀ ਸ਼ਿਆਮ ਪਰਿਵਾਰ ਟਰੱਸਟ ਪੰਜਾਬ ਵੱਲੋਂ ਆਲੀਸ਼ਾਨ ਮੰਦਰ ਦੀ ਡਿਜੀਟਲ ਫੋਟੋ ਭਗਤਾਂ ਲਈ ਜਾਰੀ ਕਰ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਆਗੂ ਸੋਮਨਾਥ ਸਿੰਗਲਾ, ਸ਼ਾਮ ਲਾਲ, ਰਵੀ ਕੁਮਾਰ ਅਤੇ ਡੀ.ਡੀ. ਇਨਕਲੇਵ ਦੇ ਮੈਨੇਜਰ ਵਿਸ਼ਾਲ ਸ਼ਾਲੂ ਨੇ ਦੱਸਿਆ ਕਿ ਇਸ ਦਾ ਨੀਂਹ ਪੱਥਰ 2 ਫਰਵਰੀ ਨੂੰ ਹਜਾਰਾਂ ਸ਼ਿਆਮ ਭਗਤਾਂ ਦੀ ਹਾਜਰੀ ਵਿੱਚ ਵਿਧੀ ਵਿਧਾਨ ਨਾਲ ਰੱਖਿਆ ਜਾ ਰਿਹਾ ਹੈ। ਜਿੱਥੇ 2 ਫਰਵਰੀ ਨੂੰ ਸਵੇਰੇ 10 ਵਜੇ ਵਿਸ਼ਾਲ ਸੰਕੀਰਤਨ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸੰਕੀਰਤਨ ਵਿੱਚ ਗਾਇਕ ਹਰਮਿੰਦਰ ਸਿੰਘ ਰੋਮੀ ਖਲੀਲਾਬਾਦ, ਲੱਕੀ ਬਾਧਵਾ ਡੱਬਾਵਾਲੀ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ। ਇਹ ਮੰਦਰ ਸ਼ਹਿਰ ਦੇ ਭੀਖੀ ਰੋਡ ਤੋਂ ਪੁਰਾਣੀ ਗੈਸ ਏਜੰਸੀ ਗੋਦਾਮ ਡੀ.ਏ.ਵੀ. ਪਬਲਿਕ ਸਕੂਲ ਰੋਡ ਤੇ ਸਥਿਤ ਹੈ। ਉਨ੍ਹਾਂ ਸ਼ਿਆਮ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਇਸ ਆਲੀਸ਼ਾਨ ਮੰਦਰ ਦੇ ਨਿਰਮਾਣ ਸਮਾਰੋਹ ਵਿੱਚ ਪਰਿਵਾਰ ਸਮੇਤ ਪਹੁੰਚ ਕੇ ਸ਼੍ਰੀ ਸ਼ਿਆਮ ਬਾਬਾ ਖਾਟੂ ਵਾਲੇ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਉਨ੍ਹਾਂ ਦੱਸਿਆ ਕਿ ਮਾਲਵਾ ਖੇਤਰ ਵਿੱਚ ਇਹ ਪਹਿਲਾ ਆਲੀਸ਼ਾਨ ਮੰਦਰ ਹੋਵੇਗਾ ਜੋ ਇਤਿਹਾਸ ਦੇ ਪੰਨਿਆ ਵਿੱਚ ਲਿਖਿਆ ਜਾਵੇਗਾ।
ਸ਼੍ਰੀ ਸ਼ਿਆਮ ਬਾਬਾ ਖਾਟੂ ਵਾਲੇ ਜੀ ਦੇ ਮੰਦਰ ਨਿਰਮਾਣ ਲਈ ਡਿਜੀਟਲ ਫੋਟੋ ਜਾਰੀ, ਨੀਂਹ ਪੱਥਰ ਸਮਾਰੋਹ ਤੇ ਸੰਕੀਰਤਨ ਭਲਕੇ
