ਚਲਾਕ ਨਿਕਲੀ ਅਕਾਲੀ ਨੇਤਾ ਦੀ ਧੀ, ਪਹਿਲਾਂ ਦਿਵਿਆਂਗ ਕੋਟੇ ’ਚ ਲਿਆ ਪੰਪ ਤੇ ਫਿਰ ਨੌਕਰੀ

ਪਟਿਆਲਾ : ਭਰਤੀ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ (Punjabi University) ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ ਪਰ ਹੁਣ ਰਾਜਪਾਲ ਦਫ਼ਤਰ ਤੋਂ ਆਈ ਚਿੱਠੀ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਚਿੱਠੀ ’ਚ ਇਕ ਮਹਿਲਾ ਮੁਲਾਜ਼ਮ ਵੱਲੋਂ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਦਿਵਿਆਂਗ ਕੋਟੇ ’ਚੋਂ ਦੋ ਲਾਭ ਲੈਣ ਬਾਰੇ ਦੱਸਿਆ ਗਿਆ ਹੈ। ਸ਼ਿਕਾਇਤ ਅਨੁਸਾਰ ਲੁਧਿਆਣਾ ਵਾਸੀ ਔਰਤ ਵੱਲੋਂ ਦਿਵਿਆਂਗ ਕੋਟੇ ’ਚ ਕੇਂਦਰ ਸਰਕਾਰ ਕੋਲੋਂ ਪੈਟਰੋਲ ਪੰਪ (Petrol Pump) ਲੈਣ ਦੇ ਨਾਲ ਪੰਜਾਬੀ ਯੂਨੀਵਰਸਿਟੀ ’ਚ ਪੱਕੀ ਨੌਕਰੀ ਹਾਸਲ ਕਰ ਲਈ। ਮਾਮਲੇ ਦਾ ਦਿਲਚਸਪ ਪਹਿਲੂ ਇਹ ਹੈ ਚਿੱਠੀ ਅਨੁਸਾਰ ਲਾਭ ਲੈਣ ਵਾਲੀ ਔਰਤ ਲੁਧਿਆਣਾ ਤੋਂ ਸਾਬਕਾ ਅਕਾਲੀ ਮੰਤਰੀ (SAD Leader) ਦੀ ਧੀ ਹੈ।

ਰਾਜਪਾਲ ਦਫ਼ਤਰ ਤੋਂ ਪੰਜਾਬੀ ਯੂਨੀਵਰਸਿਟੀ ਵਾਇਸ ਚਾਂਸਲਰ ਕੋਲ ਪੁੱਜੀ ਸ਼ਿਕਾਇਤ ਅਨੁਸਾਰ ਲੁਧਿਆਣਾ ਵਾਸੀ ਇਕ ਔਰਤ ਵੱਲੋਂ ਬੇਰੁਜ਼ਗਾਰ ਤੇ ਦਿਵਿਆਂਗ ਹੋਣ ਦਾ ਕਹਿ ਕੇ 2005 ਵਿਚ ਹਿੰਦੁਸਤਾਨ ਪੈਟਰੋਲੀਅਮ ਲਿਮਟਡ ਦੀ ਡੀਲਰਸ਼ਿਪ ਲਈ ਗਈ। ਉਸ ਸਮੇਂ ਤੋਂ ਇਸ ਔਰਤ ਦੇ ਨਾਂ ’ਤੇ ਲੁਧਿਆਣਾ ’ਚ ਪੈਟਰੋਲ ਪੰਪ ਚੱਲ ਰਿਹਾ ਹੈ। ਫਿਰ 2010 ’ਚ ਉਕਤ ਔਰਤ ਨੇ ਪੈਟਰੋਲ ਪੰਪ ਸਬੰਧੀ ਜਾਣਕਾਰੀ ਨਾ ਦੇ ਕੇ ਪੰਜਾਬੀ ਯੂਨੀਵਰਸਿਟੀ ’ਚ ਰਸੂਖ ਦਿਖਾਉਂਦਿਆਂ ਐਡਹਾਕ ਆਧਾਰ ’ਤੇ ਨੌਕਰੀ ਹਾਸਲ ਕਰ ਲਈ। ਸੀਨੀਆਰਤਾ ਦੀ ਅਣਦੇਖੀ ਕਰਦਿਆਂ ਉਸ ਸਮੇਂ ਇਸ ਮੁਲਾਜ਼ਮ ਨੂੰ ਯੂਨੀਵਰਸਿਟੀ ਕੈਂਪਸ ਵਿਚ ਰਿਹਾਇਸ਼ ਵੀ ਮੁਹੱਈਆ ਕਰਵਾ ਦਿੱਤੀ ਗਈ। ਇਸੇ ਤਰ੍ਹਾਂ 2014 ਵਿਚ ਇਸ ਔਰਤ ਦੀ ਪੰਜਾਬੀ ਯੂਨੀਵਰਸਿਟੀ ’ਚ ਸੀਨੀਅਰ ਤਕਨੀਕੀ ਸਹਾਇਕ ਵਜੋਂ ਨੌਕਰੀ ਵੀ ਪੱਕੀ ਹੋ ਗਈ। ਕੇਂਦਰ ਤੇ ਸੂਬਾ ਸਰਕਾਰ ਤੋਂ ਇਕ ਕੋਟੇ ਵਿਚ ਦੋ-ਦੋ ਲਾਭ ਲੈਣ ਸਬੰਧੀ ਕੀਤੀ ਸ਼ਿਕਾਇਤ ’ਚ ਸਿਵਲ ਸੇਵਾਵਾਂ, ਯੂਨੀਵਰਸਿਟੀ ਤੇ ਭਾਰਤ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਹੋਣ ਦੀ ਗੱਲ ਕਹੀ ਗਈ ਹੈ।

ਇਕ ਕੋਟੇ ’ਚ ਦੋ ਲਾਭ ਲੈਣ ਦਾ ਮਾਮਲਾ ਇਕ ਸਾਬਕਾ ਅਕਾਲੀ ਮੰਤਰੀ ਨਾਲ ਜੁੜਿਆ ਹੋਇਆ ਹੈ। ਸ਼ਿਕਾਇਤ ਅਨੁਸਾਰ ਸਾਲ 2010 ’ਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਮੌਕੇ ਪੰਜਾਬੀ ਯੂਨੀਵਰਸਿਟੀ ਚ ਇਹ ਭਰਤੀ ਹੋਈ ਸੀ। ਪੱਤਰ ਅਨੁਸਾਰ ਉਸ ਦੌਰਾਨ ਵਾਈਸ ਚਾਂਸਲਰ ਦੀ ਸਿਆਸੀ ਨੇੜਤਾ ਦਾ ਲਾਭ ਲੈਂਦਿਆਂ ਇਹ ਨਿਯੁਕਤੀ ਲਈ ਗਈ। ਮਾਮਲਾ ਲੁਧਿਆਣਾ ਤੋਂ ਸਾਬਕਾ ਅਕਾਲੀ ਮੰਤਰੀ ਦੀ ਧੀ ਨਾਲ ਜੁੜਿਆ ਹੋਣ ਕਰਕੇ ਜਿੱਥੇ ਨਵੀਂ ਚਰਚਾ ਛਿੜ ਗਈ ਹੈ, ਉਥੇ ਯੂਨੀਵਰਸਿਟੀ ਅਥਾਰਟੀ ਲਈ ਵੀ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ।

ਮਾਮਲਾ ਮੇਰੇ ਧਿਆਨ ’ਚ ਨਹੀਂ ਹੈ। ਜੇਕਰ ਰਾਜਪਾਲ ਦਫਤਰ ਤੋਂ ਕੋਈ ਚਿੱਠੀ ਆਈ ਹੈ ਤਾਂ ਉਸ ਦੀ ਜਾਂਚ ਲਈ ਫਾਇਲ ਅੱਗੇ ਭੇਜੀ ਜਾ ਚੁੱਕੀ ਹੋਵੇਗੀ। ਜੇਕਰ ਕਿਸੇ ਦੇ ਨਾਮ ’ਤੇ ਜ਼ਮੀਨ ਹੈ ਤੇ ਨਾਲ ਹੀ ਉਹ ਸਹੀ ਢੰਗ ਨਾਲ ਸਰਕਾਰੀ ਨੌਕਰੀ ਕਰਦਾ ਹੈ ਤਾਂ ਇਸ ਵਿਚ ਕੁਝ ਗਲਤ ਨਹੀਂ ਹੈ ਪਰ ਕਿਸੇ ਵਿਸ਼ੇਸ਼ ਕੋਟੇ ਦੇ ਅਧਾਰ ’ਤੇ ਦੋ ਲਾਭ ਲੈਣਾ ਜਾਂਚ ਦਾ ਵਿਸ਼ਾ ਹੈ।

ਇਕੋ ਕੋਟੇ ’ਚੋਂ ਦੋ-ਦੋ ਲਾਭ ਲੈਣਾ ਕਾਨੂੰਨਨ ਜ਼ੁਰਮ ਹੈ ਤੇ ਇਸ ਨਾਲ ਹੋਰਾਂ ਲਾਭਪਾਤਰੀਆਂ ਦਾ ਹੱਕ ਵੀ ਮਾਰਿਆ ਗਿਆ ਹੈ। ਅਜਿਹੇ ਮਾਮਲੇ ਦੀ ਬਿਨਾਂ ਪੱਖਪਾਤ ਤੋਂ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚ ਸਭ ਦੇ ਸਾਹਮਣੇ ਆ ਸਕੇ। ਗਲਤ ਢੰਗ ਨਾਲ ਭਰਤੀ ਹੋਏ ਤੇ ਭਰਤੀ ਕਰਨ ਵਾਲੇ ਦੋਵਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।