ਇਸਲਾਮਾਬਾਦ : ਪਾਕਿਸਤਾਨ ’ਚ ਘੱਟ ਗਿਣਤੀ ਫ਼ਿਰਕਿਆਂ ਦੀਆਂ ਔਰਤਾਂ ’ਤੇ ਤਸ਼ੱਦਦ ਕੀਤਾ ਜਾਣਾ ਆਮ ਗੱਲ ਹੈ। ਤਾਜ਼ਾ ਅੰਕੜਿਆਂ ਮੁਤਾਬਕ ਹਰ ਸਾਲ ਕਰੀਬ ਇਕ ਹਜ਼ਾਰ ਈਸਾਈ ਤੇ ਹਿੰਦੂ ਔਰਤਾਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾ ਦਿੱਤਾ ਜਾਂਦਾ ਹੈ।
ਗ੍ਰੀਕ ਸਿਟੀ ਟਾਈਮਜ਼ ਦੇ ਮਨੁੱਖੀ ਅਧਿਕਾਰ ਵਰਕਰ ਆਸ਼ਿਕਨਾਜ਼ ਖੋਖਰ ਮੁਤਾਬਕ ਪਾਕਿਸਤਾਨ ’ਚ ਜਨਤਕ ਥਾਵਾਂ ਤੋਂ ਧਾਰਮਿਕ ਘੱਟ ਗਿਣਤੀਆਂ ਦੀਆਂ ਨਾਬਾਲਿਗ ਕੁੜੀਆਂ ਨੂੰ ਅਗ਼ਵਾ ਕਰ ਕੇ ਇਸਲਾਮ ਧਰਮ ਕਬੂਲ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ। ਪਾਕਿਸਤਾਨੀ ਸੰਸਦ ਨੇ ਵੀ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ’ਤੇ ਕੋਈ ਵੀ ਬਿੱਲ ਪਾਸ ਕਰਨ ਤੋਂ ਨਾਂਹ ਕਰ ਦਿੱਤੀ ਹੈ। ਇਸੇ ਤਰ੍ਹਾਂ ਪਾਕਿਸਤਾਨ ਦੇ ਪੰਜਾਬ ਸੂਬੇ ’ਚ ਇਕ ਹੋਰ ਈਸਾਈ ਕੁੜੀ ਨੂੰ ਇਕ ਮੁਸਲਿਮ ਲੜਕੇ ਨੇ ਜ਼ਬਰਦਸਤੀ ਅਗਵਾ ਕਰ ਲਿਆ ਹੈ। ਇਸੇ ਤਰ੍ਹਾਂ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ 12 ਸਾਲਾ ਮੀਰਬ ਅੱਬਾਸ ਨੂੰ ਮੁਹੰਮਦ ਦਾਊਦ ਨੇ ਅਗਵਾ ਕਰ ਲਿਆ
ਦੁਨੀਆ ਨਿਊਜ਼ ਪੋਰਟ ਮੁਤਾਬਕ, ਪਾਕਿਸਤਾਨ ’ਚ ਔਰਤਾਂ ਦੀ ਸਥਿਤੀ ਦਿਨੋਂ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਕੱਲੇ ਪੰਜਾਬ ਸੂਬੇ ’ਚ ਸਾਲ 2021 ਦੇ ਸ਼ੁਰੂਆਤੀ ਛੇ ਮਹੀਨਿਆਂ ’ਚ ਕਰੀਬ 6754 ਔਰਤਾਂ ਅਗਵਾ ਹੋ ਚੁੱਕੀਆਂ ਹਨ। ਇਨ੍ਹਾਂ ’ਚੋਂ 1890 ਔਰਤਾਂ ਨਾਲ ਜਬਰ ਜਨਾਹ ਕੀਤਾ ਗਿਆ, ਜਦਕਿ 3721 ਔਰਤਾਂ ਨੂੰ ਤਸੀਹੇ ਦਿੱਤੇ ਗਏ। ਕਰੀਬ 752 ਬੱਚਿਆਂ ਨਾਲ ਵੀ ਜਬਰ ਜਨਾਹ ਕੀਤਾ ਗਿਆ। ਬੀਤੀ 30 ਅਗਸਤ ਨੂੰ ਟਰਾਂਸਪੇਰੈਂਸੀ ਇੰਟਰਨੈਸ਼ਨਲ ਪਾਕਿਸਤਾਨ ਦੇ ਬੋਰਡ ਆਫ ਟਰੱਸਟੀਜ਼ ਨੇ ਔਰਤਾਂ ’ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।