ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪਾਰਟੀ ਚੜਦੀਕਲਾ ‘ਚ: ਰਵਿੰਦਰ ਸਿੰਘ ਬ੍ਰਹਮਪੁਰਾ

ਹਲਕਾ ਖਡੂਰ ਸਾਹਿਬ ਚ ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗਾਂ ਦਾ ਦੌਰ ਜਾਰੀ: ਸਤਨਾਮ ਸਿੰਘ ਚੋਹਲਾ

  ਪੰਜਾਬ ਇੰਡੀਆ ਨਿਊਜ਼ ਬਿਊਰੋ
ਤਰਨਤਾਰਨ 10 ਜੁਲਾਈ ਸ਼੍ਰੋਮਣੀ ਅਕਾਲੀ ਦਲ  ਪੰਜਾਬ ਦਾ ਪ੍ਰਮੁੱਖ  ਰਾਜਸੀ ਸੰਗਠਨ  ਹੈ। ਇਹ ਬੇਹੱਦ ਕੁਰਬਾਨੀਆਂ ਨਾਲ   1920  ਚ ਹੋਂਦ ਵਿੱਚ ਆਇਆ ਜਦ ਫਰੰਗੀਆਂ ਦਾ ਸੂਰਜ ਅਸਤ ਨਹੀਂ  ਹੁੰਦਾ ਸੀ। ਸ਼੍ਰੋਮਣੀ ਅਕਾਲੀ ਦਲ  ਦਾ ਬੇਹੱਦ ਕੁਰਬਾਨੀਆਂ ਭਰਿਆ ਇਤਿਹਾਸ ਹੈ ਤੇ ਕਾਂਗਰਸ ਬਾਅਦ  ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ। ਇਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ  ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ਚੋਹਲਾ ਸਾਹਿਬ ਨੇ ਕੀਤਾ। ਇਨਾਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਚ ਮੌਜੂਦਾ ਸਮੇਂ ਚ ਜੋ ਸੰਕਟ ਆਇਆ ਹੈ, ਉਸ ਦਾ ਹੱਲ ਕੇਵਲ ਸ੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ, ਉਹ ਵੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ। ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬੇਰੁਜਗਾਰੀ ਦਾ ਸਭ ਤੋਂ ਵੱਡਾ ਮੱਸਲਾ ਪਹਿਲਾਂ ਵਾਂਗ ਹੀ ਬਰਕਰਾਰ ਹੈ। ਨੌਜੁਆਨ ਤੇ ਵਿਦਿਆਰਥੀ ਵਿਦੇਸ਼ ਜਾ ਰਹੇ ਹਨ ।  ਉਨ੍ਹਾ ਦੇ ਮਾਪੇ ਖਫਾ ਹਨ ਤੇ ਜਾਇਦਾਦਾਂ -ਜ਼ਮੀਨਾਂ ਵੇਚ ਕੇ ਆਪਣਾ ਭਵਿੱਖ ਬਚਾਅ ਰਹੇ ਹਨ । ਲੋਕਾਂ ਚ ਚਰਚਾ ਹੈ ਕਿ ਇਸ ਵੇਲੇ ਡਰੱਗਜ ਪਹਿਲਾਂ ਨਾਲੋ ਵੀ ਜਿਆਦਾ ਵਿਕ ਰਿਹਾ ਹੈ। ਕਿਸਾਨ ਸੜਕਾਂ ਤੇ ਹੈ। ਚੋਹਲਾ ਸਾਹਿਬ ਨੇ ਕਿਹਾ ਕਿ ਮਿਹਨਤਕਸ਼ ਨੂੰ ਕੋਈ ਵੀ ਰਾਹਤ ਨਹੀਂ ਮਿਲੀ। ਬਿਆਨਬਾਜੀ ਦੇ ਦਾਅਵੇ ਉੱਭਰ ਰਹੇ ਹਨ । ਲੋਕ ਇਮਾਨਦਾਰੀ ਤੇ ਵਿਜ਼ਨਰੀ ਨੇਤਾ ਦੀ ਭਾਲ ਵਿੱਚ ਹਨ , ਪੰਜਾਬੀਆਂ ਨੇ ਬੜਾ ਵੱਡਾ ਜਿਗਰਾ ਕਰਕੇ , ਪ੍ਰਮੁੱਖ ਸਿਆਸੀ ਦਲਾਂ ਨੂੰ ਪਰਖ ਕੇ ,ਆਮ ਆਦਮੀ ਪਾਰਟੀ  ਨੂੰ ਫਤਵਾ ਦਿਤਾ ਸੀ ਪਰ ਆਸਾਂ ਮੁਤਾਬਕ ਅਜੇ ਤੱਕ ਮਸਲੇ ਹੱਲ ਨਹੀਂ ਹੋਏ।‌ ਇਹ ਜ਼ਿਕਰਯੋਗ ਹੈ ਕਿ ਹੇਠਲੇ ਪੱਧਰ ਤੇ ਫੈਲੇ ਭਰਿਸ਼ਟਾਚਾਰ ਨੂੰ ਨੱਥ ਨਹੀਂ ਪੈ ਸਕੀ ਅਤੇ ਨਾ ਹੀ ਰੇਤਾ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਠੱਲ ਪਈ ਹੈ ।

ਦੋਨਾਂ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰਾਂ ਨੇ ਇਕ ਗਿਣੀ ਮਿਥੀ ਸਾਜਿਸ਼ ਤਹਿਤ ਸਿੱਖ ਪ੍ਰਭਾਵ ਵਾਲੇ  ਸੂਬੇ ਨੂੰ ਬਹੁਤ  ਬੁਰੀ ਤਰਾਂ ਬਰਬਾਦ  ਕੀਤਾ। ਪੰਜਾਬ  ਦੇ ਕੌਮੀਂ ਤੇ ਪੰਥ ਦੇ ਬੜੇ ਅਹਿਮ ਮਸਲੇ  ਸੁਲਝਾਉਣ ਦੀ ਥਾਂ  ਉਲਝਾਉਣ ਲਈ ਸਿਆਸੀ  ਰੋਟੀਆਂ  ਸੇਕੀਆਂ। ਉਨਾ  ਮੁਤਾਬਕ ਪੰਜਾਬ  ਦੇ ਆਰਥਿਕ ਮਸਲਿਆਂ ਨਾਲ  ਜੁੜੇ ਦਰਿਆਈ ਪਾਣੀਆਂ ਚ ਕਾਣੀ  ਵੰਡ ਕਰਦਿਆਂ , ਭਾਖੜਾ ਬਿਆਸ ਮੈਨੇਜਮੈਂਟ ਬੋਰਡ  ਦਾ ਅਧਿਕਾਰ ਪੰਜਾਬ ਤੋਂ ਖੋਹ  ਲਿਆ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਕਰੀਬ ਪੰਜਾਹ ਸਾਲ ਤੋਂ ਕੇਂਦਰੀ ਪ੍ਰਦੇਸ਼ ਵੱਜੋਂ ਚਲਾਈ ਜਾ ਰਹੀ ਹੈ। ਪੰਜਾਬੀ ਸੂਬਾ ਲੰਗੜਾ ਬਣਾਇਆ ਗਿਆ ਅਤੇ  ਪੰਜਾਬ ਨੂੰ ਆਰਥਿਕ ,ਸਮਾਜਿਕ, ਰਾਜਨੀਤਕ ,ਧਾਰਮਿਕ ਤੌਰ ਤੇ ਅਸਥਿਰ ਕੀਤਾ ਗਿਆ। ਕਾਂਗਰਸ ਨੇ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੇ  ਫੌਜੀ ਹਮਲਾ ਕਰਕੇ ਅਕਾਲ ਤਖਤ ਸਾਹਿਬ  ਤੋਪਾਂ ਨਾਲ ਉਡਾਇਆ । ਦਿੱਲੀ  ਚ ਸਿੱਖ  ਨਸਲਕੁਸ਼ੀ  ਦਾ ਨਿਆਂ ਨਹੀ ਮਿਲਿਆ । ਅਜਿਹੇ ਹਲਾਤਾਂ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮੁੜ ਪੰਜਾਬ ਨੂੰ ਲੀਹ ਤੇ ਲਿਆ ਸਕਦੀ ਹੈ। ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਸਤਨਾਮ ਸਿੰਘ ਚੋਹਲਾ ਦੇ ਨਾਲ ਗੁਰਦੇਵ ਸਿੰਘ ਸ਼ਬਦੀ ਅਤੇ ਦਿਲਬਰ ਸਿੰਘ ਚੋਹਲਾ ਵੀ ਹਾਜ਼ਰ ਸਨ।