ਤਰਨ ਤਾਰਨ 16 ਜਨਵਰੀ ਨਿਊਜ਼ ਸਰਵਿਸ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਮਾਤਾ ਗੁਰਮੀਤ ਕੌਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਸ ਦੁੱਖ ਦੀ ਘੜੀ ਦੌਰਾਨ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਹਰੇਕ ਵਿਅਕਤੀ ਦੇ ਜੀਵਨ ਵਿੱਚ ਮਾਂ ਦੀ ਨਿੱਘੀ ਅਤੇ ਸੰਵੇਦਨਸ਼ੀਲ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹਰ ਇੱਕ ਪਰਿਵਾਰ ਵਿੱਚ ਮਾਂ ਦਾ ਪਿਆਰ ਅਤੇ ਉਸਦੀ ਸਥਾਈ ਮੌਜੂਦਗੀ ਬਹੁਤ ਅਹਿਮੀਅਤ ਰੱਖਦੀ ਹੈ। ਚਾਹੇ ਕੋਈ ਵਿਅਕਤੀ ਵਿਸ਼ੇਸ਼ ਕਿੰਨੀ ਵੀ ਤਰੱਕੀ ਹਾਸਲ ਕਰ ਲਵੇ, ਪਰ ਉਹ ਹਮੇਸ਼ਾ ਆਪਣੀ ਮਾਂ ਦੀਆਂ ਨਜ਼ਰਾਂ ਵਿੱਚ ਬੱਚੇ ਹੀ ਰਹਿੰਦੇ ਹਨ।
ਸ੍ਰ. ਬ੍ਰਹਮਪੁਰਾ ਨੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਸਾਬਕਾ ਵਿਧਾਇਕ ਦੇ ਨਾਲ ਉੱਘੇ ਕਾਰੋਬਾਰੀ ਸ਼੍ਰੀ. ਰਾਜਨ ਬੇਦੀ ਅਤੇ ਹੋਰ ਨਾਮਵਰ ਸ਼ਖ਼ਸੀਅਤਾਂ ਵੀ ਸ਼ਾਮਲ ਹੋਈਆਂ, ਜਿੰਨ੍ਹਾਂ ਨੇ ਇਸ ਮੌਕੇ ਸੰਸਦ ਮੈਂਬਰ ਔਜਲਾ ਨਾਲ ਦੁੱਖ ਸਾਂਝਾ ਕੀਤਾ।