ਆਸਟ੍ਰੇਲੀਆ ’ਚ ਜਗਵਿੰਦਰ ਜੋਧਾ ਦੀ ਪੁਸਤਕ ‘ਮੈਂ-ਅਮੈਂ’ ਲੋਕ ਅਰਪਤ

ਬ੍ਰਿਸਬੇਨ : ਆਸਟ੍ਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ ਇੰਡੋਜ ਪੰਜਾਬੀ ਸਾਹਿਤ ਅਕਾਡਮੀ ਆਫ ਆਸਟ੍ਰੇਲੀਆ ਵੱਲੋਂ ਸਥਾਨਕ ਇੰਡੋਜ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਪੰਜਾਬੀ ਦੇ ਯੁਵਾ ਆਲੋਚਕ ਤੇ ਸ਼ਾਇਰ ਜਗਵਿੰਦਰ ਜੋਧਾ ਦੀ ਨਵੀਂ ਪ੍ਰਕਾਸ਼ਿਤ ਪੁਸਤਕ ‘ਮੈਂ ਅਮੈ’ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਸੀਨੀਅਰ ਮੈਂਬਰ ਮਨਜੀਤ ਬੋਪਾਰਾਏ ਦੇ ਸਵਾਗਤੀ ਸਬਦਾਂ ਨਾਲ ਹੋਈ। ਉਨ੍ਹਾਂ ਨੇ ਸੰਸਥਾ ਦੇ ਇਤਿਹਾਸ ਅਤੇ ਬ੍ਰਿਸਬੇਨ ਵਿਚ ਮੁੱਢਲੇ ਦੌਰ ਦੀਆਂ ਸਰਗਰਮੀਆਂ ਬਾਰੇ ਚਾਨਣਾ ਪਾਇਆ। ਕਿਤਾਬ ਬਾਰੇ ਬੋਲਦਿਆਂ ਸ਼ਾਇਰ ਰੁਪਿੰਦਰ ਸੋਜ ਨੇ ਕਿਹਾ ਜਗਵਿੰਦਰ ਦੀ ਗ਼ਜ਼ਲ ’ਚ ਵਿਚਾਰ ਸਹਿਜ-ਭਾਵੀ ਰੂਪ ’ਚ ਅੰਕਿਤ ਹੁੰਦੇ ਹਨ। ਇਸ ਕਿਤਾਬ ਵਿਚ ਦਰਜ ਗ਼ਜ਼ਲਾਂ ਯਥਾਰਥ ਵਿੱਚੋਂ ਕਸ਼ੀਦੇ ਅਨੁਭਵਾਂ ਦਾ ਪ੍ਰਗਟਾਵਾ ਹੈ। ਸਰਬਜੀਤ ਸੋਹੀ ਨੇ ਜਗਵਿੰਦਰ ਦੀ ਸ਼ਾਇਰੀ ਨੂੰ ਪੰਜਾਬੀ ਕਵਿਤਾ ਦਾ ਨਿਵੇਕਲਾ ਹਾਸਲ ਆਖਦਿਆਂ ਇਸ ਨੂੰ ਮਾਨਵੀ ਸੰਵੇਦਨਾ ਅਤੇ ਪਰਿਵਾਰਕ ਸਮੀਕਰਨਾਂ ਦੀ ਭਾਵਨਾਤਮਕ ਪੇਸ਼ਕਾਰੀ ਕਿਹਾ।ਇਸ ਮੌਕੇ ਹੋਏ ਕਵੀ ਦਰਬਾਰ ਵਿਚ ਹਾਜ਼ਰੀਨ ਕਲਮਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ ਕੀਤੀਆਂ। ਕਵੀ ਦਰਬਾਰ ਦੀ ਸ਼ੁਰੂਆਤ ਹੈਪੀ ਚਾਹਲ ਦੇ ਰਿਸ਼ਤਿਆਂ ਬਾਰੇ ਭਾਵਪੂਰਨ ਗੀਤ ਨਾਲ ਹੋਈ। ਇਸ ਉਪਰੰਤ ਸੁਰਜੀਤ ਸੰਧੂ, ਆਤਮਾ ਸਿੰਘ ਹੇਅਰ, ਪੁਸ਼ਪਿੰਦਰ ਤੂਰ, ਚੇਤਨਾ ਗਿੱਲ, ਪਾਲ ਰਾਊਕੇ, ਹਰਜੀਤ ਕੌਰ ਸੰਧੂ, ਦਲਵੀਰ ਹਲਵਾਰਵੀ ਨੇ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਨਾਲ ਭਰਵੀਂ ਹਾਜ਼ਰੀ ਲਵਾਈ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਅਮਰਜੀਤ ਮਾਹਲ, ਤਰਸੇਮ ਸਿੰਘ ਸਹੋਤਾ, ਲਿਬਰਲ ਆਗੂ ਪਿੰਕੀ ਸਿੰਘ, ਦੀਪਇੰਦਰ ਸਿੰਘ, ਰਛਪਾਲ ਸਿੰਘ ਗਿੱਲ, ਸਮਸੇਰ ਸਿੰਘ ਚੀਮਾ, ਹਰਦੇਵ ਸਿੰਘ ਧੀਰੇਕੋਟ ਅਤੇ ਗੁਰਦੀਪ ਸਿੰਘ ਮਲਹੋਤਰਾ ਮੌਜੂਦ ਸਨ। ਸਟੇਜ ਸੈਕਟਰੀ ਦੀ ਭੂਮਿਕਾ ਦਲਵੀਰ ਹਲਵਾਰਵੀ ਵੱਲੋਂ ਬਾਖੂਬੀ ਨਿਭਾਈ ਗਈ।