ਨਵੀਂ ਦਿੱਲੀ – ਆਈਸੀਸੀ ਟੀ-20 ਵਿਸ਼ਵ ਕੱਪ 2021 ਵਿੱਚ ਸੱਟ ਕਾਰਨ ਆਲੋਚਨਾ ਦਾ ਸ਼ਿਕਾਰ ਹੋਏ ਹਰਫ਼ਨਮੌਲਾ ਹਾਰਦਿਕ ਪਾਂਡਿਆ ਦੀ ਭਾਰਤ ਪਰਤਣ ‘ਤੇ ਉਸ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋ ਗਿਆ ਹੈ ਕਿਉਂਕਿ ਮੁੰਬਈ ਕਸਟਮਜ਼ (ਕਸਟਮ ਵਿਭਾਗ) ਨੇ ਉਸ ਨੂੰ ਕੁਝ ਕੀਮਤੀ ਸਮਾਨ ਸਮੇਤ ਫੜ ਲਿਆ ਹੈ। ਹਾਰਦਿਕ ਪਾਂਡਿਆ ਨੂੰ ਦੁਬਈ ਤੋਂ ਪਰਤਦੇ ਸਮੇਂ ਦੋ ਘੜੀਆਂ ਮਿਲੀਆਂ ਹਨ, ਜਿਨ੍ਹਾਂ ਦੀ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਨ੍ਹਾਂ ਕੀਮਤੀ ਘੜੀਆਂ ਨੂੰ ਕਸਟਮ ਵਿਭਾਗ ਨੇ ਜ਼ਬਤ ਕਰ ਲਿਆ ਹੈ ਕਿਉਂਕਿ ਹਾਰਦਿਕ ਪਾਂਡਿਆ ਇਨ੍ਹਾਂ ਦੀ ਖਰੀਦ ਦੇ ਬਿੱਲ ਨਹੀਂ ਦਿਖਾ ਸਕੇ।
ਏਐਨਆਈ ਮੁਤਾਬਕ, ਮੁੰਬਈ ਕਸਟਮਜ਼ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਕਸਟਮ ਵਿਭਾਗ ਨੇ ਐਤਵਾਰ (14 ਨਵੰਬਰ) ਰਾਤ ਨੂੰ ਕ੍ਰਿਕਟਰ ਹਾਰਦਿਕ ਪਾਂਡਿਆ ਦੀਆਂ 5 ਕਰੋੜ ਰੁਪਏ ਦੀਆਂ ਦੋ ਗੁੱਟ ਘੜੀਆਂ ਜ਼ਬਤ ਕੀਤੀਆਂ ਜਦੋਂ ਉਹ ਦੁਬਈ ਤੋਂ ਵਾਪਸ ਆ ਰਿਹਾ ਸੀ। ਕ੍ਰਿਕਟਰ ਹਾਰਦਿਕ ਪਾਂਡਿਆ ਦੁਬਈ ਤੋਂ ਵਾਪਸ ਆ ਰਿਹਾ ਸੀ। ਕਥਿਤ ਤੌਰ ‘ਤੇ ਘੜੀਆਂ ਲਈ ਬਿੱਲ ਦੀ ਰਸੀਦ ਨਹੀਂ ਸੀ।”
ਇਸ ਮਾਮਲੇ ‘ਤੇ ਹਾਰਦਿਕ ਪਾਂਡਿਆ ਦਾ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ, ਜਿਸ ‘ਚ ਉਨ੍ਹਾਂ ਨੇ ਘੜੀਆਂ ਦੀ ਕੀਮਤ ਪੰਜ ਕਰੋੜ ਨਹੀਂ ਸਗੋਂ ਡੇਢ ਕਰੋੜ ਰੁਪਏ ਦੱਸੀ ਹੈ।
ਧਿਆਨ ਯੋਗ ਹੈ ਕਿ ਪਿਛਲੇ ਸਾਲ ਜਦੋਂ ਉਸ ਦਾ ਭਰਾ ਕਰੁਣਾਲ ਪਾਂਡਿਆ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਖੇਡ ਕੇ ਵਾਪਸ ਆਇਆ ਸੀ ਤਾਂ ਉਸ ਨੂੰ ਕੁਝ ਅਜਿਹੀਆਂ ਹੀ ਚੀਜ਼ਾਂ ਨਾਲ ਗ੍ਰਿਫਤਾਰ ਕੀਤਾ ਗਿਆ ਸੀ। 2020 ‘ਚ ਕਰੁਣਾਲ ਦਾ ਸਮਾਨ ਵੀ ਕਸਟਮ ਵਿਭਾਗ ਨੇ ਜ਼ਬਤ ਕਰ ਲਿਆ ਸੀ, ਜਦਕਿ ਇਸ ਵਾਰ ਹਾਰਦਿਕ ਪਾਂਡਿਆ ਕੀਮਤੀ ਘੜੀਆਂ ਸਮੇਤ ਫੜਿਆ ਗਿਆ ਹੈ। ਹਾਲਾਂਕਿ ਹਾਰਦਿਕ ਪਾਂਡਿਆ ਨੂੰ ਹਿਰਾਸਤ ‘ਚ ਲਏ ਜਾਣ ਦਾ ਮਾਮਲਾ ਅਜੇ ਸਾਹਮਣੇ ਨਹੀਂ ਆਇਆ ਹੈ ਪਰ ਉਸ ਤੋਂ ਜ਼ਰੂਰ ਪੁੱਛਗਿੱਛ ਕੀਤੀ ਗਈ ਹੋਵੇਗੀ।
ਦੱਸ ਦੇਈਏ ਕਿ ਹਾਰਦਿਕ ਪਾਂਡਿਆ ਅਤੇ ਕਰੁਣਾਲ ਪਾਂਡਿਆ ਮਹਿੰਗੀਆਂ ਘੜੀਆਂ ਪਹਿਨਣ ਦੇ ਸ਼ੌਕੀਨ ਹਨ ਅਤੇ ਉਹ ਅਕਸਰ ਮਹਿੰਗੀਆਂ ਘੜੀਆਂ ਅਤੇ ਹੋਰ ਸਮਾਨ ਦੇ ਨਾਲ ਦੇਖੇ ਜਾਂਦੇ ਹਨ ਪਰ ਇਸ ਵਾਰ ਉਨ੍ਹਾਂ ਦੀ ਮੁਸ਼ਕਿਲ ਵੱਧ ਗਈ ਹੈ। ਸੋਨੇ ਦੀਆਂ ਵਸਤੂਆਂ ਅਤੇ ਹੋਰ ਚੀਜ਼ਾਂ ਯੂਏਈ ਵਿੱਚ ਭਾਰਤ ਦੇ ਮੁਕਾਬਲੇ ਬਹੁਤ ਸਸਤੇ ਭਾਅ ‘ਤੇ ਉਪਲਬਧ ਹਨ। ਸ਼ਾਇਦ ਇਸੇ ਲਈ ਹਾਰਦਿਕ ਪਾਂਡਿਆ ਦੁਬਈ ਤੋਂ ਘੜੀ ਲਿਆ ਰਿਹਾ ਸੀ ਅਤੇ ਉਸ ਨੂੰ ਕਸਟਮ ਵਿਭਾਗ ਨੇ ਫੜ ਲਿਆ ਹੈ।