ਪਹਿਲਾ ਸੋਨੇ ਦੀ ਚੇਨ ਤੇ ਹੁਣ ਚਾਂਦੀ ਦੀ ਚੈਨ ਚੋਰੀ ਪਰਚੇ ਨੂੰ ਲੈਕੇ ਸ਼ਹਿਰ ਚ ਚਰਚਾਵਾਂ ਦਾ ਬਾਜ਼ਾਰ ਗਰਮ ú
ਬਰਨਾਲਾ,22,ਨਵੰਬਰ /ਕਰਨਪ੍ਰੀਤ ਕਰਨ/–ਬਰਨਾਲਾ ਪੁਲਿਸ ਵਲੋਂ ਕਾਂਗਰਸੀ ਆਗੂ ਬਲਾਕ ਕਾਂਗਰਸ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਸਾਬਕਾ ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ, ਬਲਦੇਵ ਸਿੰਘ ਭੁੱਚਰ, ਟਿੰਕੂ ਸਿੰਘ ਅਤੇ ਪ੍ਰਦੀਪ ਸਿੰਘ ਦੇ ਖਿਲਾਫ ਬੀਐਨਐਸ ਦੀਆਂ ਵੱਖ ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।ਥਾਣਾ ਸਿਟੀ-1 ਵਿਖੇ 21 ਨਵੰਬਰ ਨੂੰ ਦਰਜ ਐਫਆਈਆਰ ਮੁਤਾਬਿਕ ਮਹੇਸ਼ ਕੁਮਾਰ ਲੋਟਾ ਅਤੇ ਉਕਤ ਕਾਂਗਰਸੀ ਆਗੂਆਂ ਉੱਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੂਬਾ ਆਗੂ ਕੁਸ਼ਲਦੀਪ ਸਿੰਘ ਮਾਨ ਵਾਸੀ ਸੈਕਟਰ 36 8 ਚੰਡੀਗੜ੍ਹ ਦੇ ਬਿਆਨਾਂ ਦੇ ਆਧਾਰ ‘ਤੇ ਕੁੱਟਮਾਰ ਦੀਆਂ ਧਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਕੁਸ਼ਲਦੀਪ ਸਿੰਘ ਮਾਨ ਨੇ ਮਹੇਸ਼ ਕੁਮਾਰ ਲੋਟਾਂ ਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ‘ਤੇ ਉਸ ਦੇ ਗਲ ਵਿੱਚ ਪਾਈ ਚਾਂਦੀ ਦੀ ਚੁੰਨੀ ਚੋਰੀ ਦੇ ਦੋਸ਼ ਵੀ ਲਗਾਏ ਹਨ, ਜਿਸ ਨੂੰ ਵੀ ਬਰਨਾਲਾ ਪੁਲਿਸ ਨੇ ਰਿਕਾਰਡ ‘ਤੇ ਲੈ ਕੇ ਜਾਂਚ ਦੀ ਗੱਲ ਆਖੀ ਹੈ।
ਪੁਲਿਸ ਵੇਰਵੇ ਅਨੁਸਾਰ 20 ਨਵੰਬਰ ਦੀ ਸ਼ਾਮ ਨੂੰ ਜਿਮਨੀ ਚੋਣ ਦੀ ਵੋਟਿੰਗ ਦੌਰਾਨ ਕੁਸ਼ਲਦੀਪ ਸਿੰਘ ਮਾਨ ਨੇ ਇੱਕ ਲਿਖਤੀ ਸ਼ਿਕਾਇਤ ਪੁਲਿਸ ਨੂੰ ਕੀਤੀ ਸੀ ਕਿ ਮਹੇਸ਼ ਲੋਟੇ ਦੇ ਦਫਤਰ ਵਿੱਚ ਵੋਟਰਾਂ ਨੂੰ ਪੈਸੇ ਵੰਡੇ ਜਾ ਰਹੇ ਹਨ ਜਿਸ ਤੋਂ ਬਾਅਦ ਡੀਐਸਪੀ ਸਤਬੀਰ ਸਿੰਘ ਬੈਂਸ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮਹੇਸ਼ ਲੋਟੇ ਦੇ ਦਫਤਰ ਦੀ ਚੈਕਿੰਗ ਕੀਤੀ ਪ੍ਰੰਤੂ ਕੁਝ ਵੀ ਬਰਾਮਦ ਨਹੀਂ ਹੋਇਆ।
ਇਸ ਸਬੰਧੀ ਮਹੇਸ਼ ਕੁਮਾਰ ਲੋਟੇ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਸ਼ਾਮ ਦੇ ਕਰੀਬ 7 ਵਜੇ ਉਕਤ ਕੁਸ਼ਲਦੀਪ ਸਿੰਘ ਮਾਨ 150 ਦੇ ਕਰੀਬ ਵਿਅਕਤੀਆਂ ਨੂੰ ਨਾਲ ਲੈ ਕੇ ਉਸ ਦੇ ਦਫਤਰ ਆਇਆ ਅਤੇ ਗ਼ਾਲੀ ਗਲੋਚ ਕੀਤਾ ਅਤੇ ਦਫਤਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਸਮੇਤ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਉਕਤ ਵਿਅਕਤੀਆਂ ਕੋਲ ਅਸਲਾ ਤੇ ਤੇਜ਼ਧਾਰ ਹਥਿਆਰ ਵੀ ਸਨ। ਕੁਸ਼ਲਦੀਪ ਸਿੰਘ ਮਾਨ ਹਲਕੇ ਤੋਂ ਬਾਹਰਲਾ ਵਿਅਕਤੀ ਹੈ ਜਿਸ ਦੇ ਖਿਲਾਫ਼ ਉਸਨੇ ਸਥਾਨਕ ਪ੍ਰਸ਼ਾਸਨ ਅਤੇ ਚੋਣ ਕਮਿਸ਼ਨਰ ਨੂੰ ਵੀ ਸ਼ਿਕਾਇਤ ਕੀਤੀ ਹੈ। ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਉਸ ਦੀ ਦਰਖਾਸਤ ਦੇ ਸਬੰਧੀ ਕੁਸ਼ਲਦੀਪ ਸਿੰਘ ਮਾਨ ਅਤੇ ਹੋਰ ਹਲਕੇ ਤੋਂ ਬਾਹਰੀ ਵਿਅਕਤੀਆਂ ‘ਤੇ ਕਾਰਵਾਈ ਕਰਨ ਦੀ ਬਜਾਏ ਉਸ ਤੇ ਅਤੇ ਹੋਰ ਕਾਂਗਰਸੀ ਆਗੂਆਂ ‘ਤੇ ਝੂਠੀ ਐਫਆਈਆਰ ਦਰਜ ਕਰ ਦਿੱਤੀ ਗਈ ਹੈ।
ਕਾਂਗਰਸੀ ਮਹੇਸ਼ ਕੁਮਾਰ ਲੋਟਾ ਨੇ ਪੁਲਿਸ ਕਾਰਵਾਈ ‘ਤੇ ਸਵਾਲ ਕਰਦੇ ਹੋਏ ਕਿਹਾ ਕਿ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਅਤੇ ਮੌਕੇ ‘ਤੇ ਕਈ ਮੋਬਾਈਲ ਫੋਨਾਂ ਦੀ ਵੀਡੀਓ ਨੂੰ ਵੀ ਰਿਕਾਰਡ ‘ਤੇ ਨਹੀਂ ਲਿਆ ਜਿਸ ਵਿੱਚ ਸਾਫ ਦਿਸ ਰਿਹਾ ਹੈ ਕਿ ਕਿਸੇ ਵੀ ਕਾਂਗਰਸੀ ਆਗੂ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਕਿਸੇ ਵੀ ਵਰਕਰ ‘ਤੇ ਕੋਈ ਹਮਲਾ ਨਹੀਂ ਕੀਤਾ ਸਗੋਂ ਉਲਟਾ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਨੇ ਕੁਸ਼ਲਦੀਪ ਸਿੰਘ ਮਾਨ ਦੀ ਅਗਵਾਈ ਹੇਠ ਉਸ ਦੇ ਦਫ਼ਤਰ ‘ਤੇ ਹਮਲਾ ਕੀਤਾ। ਮਹੇਸ਼ ਕੁਮਾਰ ਲੋਟਾ ਨੇ ਆਪਣੇ ਸਮੇਤ ਹੋਰ ਕਾਂਗਰਸੀ ਆਗੂਆਂ ‘ਤੇ ਦਰਜ ਹੋਈ ਐਫਆਰਆਈ ਨੂੰ ਚੁਣੌਤੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਮੁੱਚੀ ਹਾਈ ਕਮਾਂਡ ਅਤੇ ਕੁਸ਼ਲਦੀਪ ਸਿੰਘ ਮਾਨ ਨੂੰ ਸਮਾਜਿਕ ਅਤੇ ਧਾਰਮਿਕ ਚੈਲੰਜ ਕੀਤਾ ਕਿ ਜੇਕਰ ਉਕਤ ਕੁਸ਼ਲਦੀਪ ਸਿੰਘ ਮਾਨ ਬਰਨਾਲਾ ਦੇ ਕਿਸੇ ਵੀ ਗੁਰੂ ਘਰ ਇਕੱਠ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਅਰਦਾਸ ਕਰਵਾ ਕੇ ਇਹ ਕਹਿ ਦੇਵੇ ਕਿ ਮਹੇਸ਼ ਕੁਮਾਰ ਲੋਟਾ ਜਾਂ ਕਿਸੇ ਕਾਂਗਰਸੀ ਆਗੂ ਨੇ ਉਸ ਉੱਪਰ ਕੋਈ ਹਮਲਾ ਕੀਤਾ ਹੈ ਜਾਂ ਕੋਈ ਚਾਂਦੀ ਦੀ ਚੈਨ ਚੋਰੀ ਕੀਤੀ ਹੈ ਤਾਂ ਉਹ ਆਪਣੇ ਉੱਪਰ ਦਰਜ ਝੂਠੀ ਐਫ ਆਈ ਆਰ ਸਬੰਧੀ ਕੋਈ ਕਾਰਵਾਈ ਨਹੀਂ ਕਰਨਗੇ ਅਤੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਗੇ।
ਮਹੇਸ਼ ਲੋਟੇ ਦੀ ਇਸ ਧਾਰਮਿਕ ਚੁਣੌਤੀ ਤੋਂ ਬਾਅਦ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ ਕਿਉਂਕਿ ਹੁਣ ਗੇਂਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਦੇ ਵਿਹੜੇ ਵਿੱਚ ਹੈ ਕਿ ਉਹ ਮਹੇਸ਼ ਕੁਮਾਰ ਲੋਟੇ ਦੀ ਧਾਰਮਿਕ ਚੁਣੌਤੀ ਸਬੰਧੀ ਕੀ ਸਟੈਂਡ ਲੈਂਦੇ ਹਨ। ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਉਹ ਆਪਣੇ ਉੱਪਰ ਦਰਜ ਐਫਆਈਆਰ ਸਬੰਧੀ ਕੋਈ ਜ਼ਮਾਨਤ ਅਰਜ਼ੀ ਨਹੀਂ ਲਗਾਉਣਗੇ ਸਗੋਂ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਅਥਾਹ ਸ਼ਰਧਾ ਰੱਖਦੇ ਹੋਏ ਆਗੂਆਂ ਦੇ ਫੈਸਲੇ ਦੀ ਉਡੀਕ ਕਰਦੇ ਹੋਏ ਕਨੂੰਨੀ ਕਾਰਵਾਈ ਦਾ ਸਾਹਮਣਾ ਕਰਨਗੇ। ਲੋਟਾ ਨੇ ਕਿਹਾ ਕਿ ਉਹਨਾਂ ਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ ਕਿ ਪਹਿਲਾਂ ਸੋਨੇ ਦੀ ਚੈਨ ਚੋਰੀ ਦੇ ਝੂਠੇ ਕੇਸ ਵਾਂਗ ਹੁਣ ਚਾਂਦੀ ਦੀ ਚੈਨ ਚੋਰੀ ਦੇ ਝੂਠੇ ਕੇਸ ਵਿੱਚ ਵੀ ਝੂਠੇ ਦੋਸ਼ ਲਗਾਉਣ ਵਾਲਿਆਂ ਨੂੰ ਦੁੱਧ ਦਾ ਦੁੱਧ ਤੇ ਪਾਣੀ ਪਤਾ ਲੱਗੇਗਾ । ਦੂਜੇ ਪਾਸੇ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ਨੇ ਪੁਲਿਸ ਦੀ ਕਾਰਵਾਈ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪੁਲਿਸ ਨੇ ਕੁਸ਼ਲਦੀਪ ਸਿੰਘ ਮਾਨ ਦੇ ਬਿਆਨਾਂ ‘ਤੇ ਜਿਹੜੇ ਕਾਂਗਰਸੀ ਆਗੂਆਂ ਮਹੇਸ਼ ਕੁਮਾਰ ਲੋਟਾ,ਲੋਕੀ ਪੱਖੋਂ, ਬਲਦੇਵ ਸਿੰਘ ਭੁੱਚਰ ਤੇ ਹੋਰਾਂ ਦੇ ਖ਼ਿਲਾਫ਼ ਪੁਲਿਸ ਕਾਰਵਾਈ ਕੀਤੀ ਹੈ ਉਹਨਾਂ ਦੇ ਸਿਆਸੀ ਪਿਛੋਕੜ ਅਤੇ ਕਿਰਦਾਰ ਬਾਰੇ ਸਾਰਾ ਸ਼ਹਿਰ ਭਲੀਭਾਂਤ ਜਾਣੂ ਹੈ, ਫਿਰ ਵੀ ਪੁਲਿਸ ਨੇ ਬਿਨਾਂ ਕਿਸੇ ਪੜ੍ਹਤਾਲ ਤੋਂ ਉਕਤ ਆਗੂਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਜੋ ਮੰਦਭਾਗਾ ਤੇ ਨਿੰਦਣਯੋਗ ਹੈ !