ਬਰਨਾਲਾ ਦੇ ਭਲੇ ਲਈ ਕੇਵਲ ਢਿੱਲੋਂ ਅਤੇ ਬੀਜੇਪੀ ਦਾ ਸਾਥ ਦਿਉ : ਪ੍ਰੀਤੀ ਸਪਰੂ

ਬਰਨਾਲਾ/15 ਨਵੰਬਰ/- ਕਰਨਪ੍ਰੀਤ ਕਰਨ

ਬਰਨਾਲਾ ਜਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਪ੍ਰਸਿੱਧ ਅਦਾਕਾਰਾ ਪ੍ਰੀਤੀ ਸਪਰੂ ਵਲੋਂ ਵੱਖ ਵੱਖ ਪਿੰਡਾਂ ਵਿੱਚ ਚੋਣ ਪ੍ਰਚਾਾਰ ਕੀਤਾ ਗਿਆ। ਉਹਨਾਂ ਹਲਕੇ ਦੇ ਲੋਕਾਂ ਨੂੰ ਕੇਵਲ ਸਿੰਘ ਢਿੱਲੋਂ ਦਾ ਸਾਥ ਦੇ ਕੇ ਜਿਤਾਉਣ ਦੀ ਅਪੀਲ ਕੀਤੀ।
ਇਸ ਮੌਕੇ ਪ੍ਰੀਤੀ ਸਪਰੂ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਦਾ ਬਰਨਾਲਾ ਨਾਲ ਬਹੁਤ ਪਿਆਰ ਹੈ ਅਤੇ ਉਹ ਆਪਣੇ ਇਲਾਕੇ ਨੂੰ ਬਹੁਤ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ। ਜਿਸ ਕਰਕੇ ਬਰਨਾਲਾ ਦੇ ਲੋਕਾਂ ਨੂੰ ਕੇਵਲ ਢਿੱਲੋਂ ਦਾ ਸਾਥ ਦੇ ਕੇ ਬਰਨਾਲਾ ਦੀ ਚੋਣ ਵਿੱਚ ਬੀਜੇਪੀ ਦੀ ਜਿੱਤ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਨੇ ਦੇਸ਼ ਨੂੰ ਵੱਡੀ ਤਰੱਕੀ ਦਿੱਤੀ ਹੈ। ਪੂਰੀ ਦੁਨੀਆ ਇਸ ਵੇਲੇ ਭਾਰਤ ਦਾ ਲੋਹਾ ਮੰਨਣ ਲੱਗੀ ਹੈ। ਕੇਂਦਰ ਸਰਕਾਰ ਦੀਆਂ ਆਯੂਸ਼ਮਾਨ ਸਮੇਤ ਹੋਰ ਅਨੇਕਾਂ ਲੋਕ ਭਲਾਈ ਦੀਆਂ ਯੋਜਨਾਵਾਂ ਨਾਲ ਦੇਸ਼ ਦੇ ਲੋਕਾਂ ਦਾ ਭਲਾ ਕੀਤਾ ਹੈ। ਉਹਨਾਂ ਕਿਹਾ ਕਿ ਮੈਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਮਾਣ ਅਤੇ ਪਿਆਰ ਦਿੱਤਾ ਹੈ। ਉਹ ਹੁਣ ਆਪਣੇ ਪੰਜਾਬ ਦੇ ਲੋਕਾਂ ਨੂੰ ਅੱਗੇ ਵੱਧਦਾ ਦੇਖਣਾ ਚਾਹੁੰਦੀ ਹੈ ਅਤੇ ਪੰਜਾਬ ਦਾ ਭਲਾ ਬੀਜੇਪੀ ਤੋਂ ਬਿਨ੍ਹਾਂ ਕੋਈ ਪਾਰਟੀ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਸਾਡੇ ਲੋਕਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਨਾ ਤਾਂ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਪੂਰਾ ਕੀਤਾ ਅਤੇ ਨਾ ਹੀ ਸਾਡੇ ਨੌਜਵਾਨਾਂ ਲਈ ਕੋਈ ਰੁਜ਼ਗਾਰ ਦਾ ਪ੍ਰਬੰਧ ਕੀਤਾ। ਹੁਣ ਬਰਨਾਲਾ ਦੇ ਲੋਕਾਂ ਨੇ ਸੋਚਣਾ ਹੈ ਕਿ ਉਹਨਾਂ ਦਾ ਭਲਾ ਕੌਣ ਕਰਦਾ ਹੈ। ਉਥੇ ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਹਰ ਵਰਗ ਦੁਖੀ ਹੈ। ਬਰਨਾਲਾ ਦੇ ਲੋਕ ਬਦਲਾਅ ਵਾਲੀ ਸਰਕਾਰ ਤੋਂ ਅੱਕ ਚੁੱਕੇ ਹਨ ਅਤੇ ਇਹਨਾਂ ਨੂੰ ਸਬਕ ਸਿਖਾਉਣ ਲਈ ਤਿਆਰ ਹਨ।