ਪਿੰਡ ਗੁੜੱਦੀ ਵਿਖੇ ਰਮਨ ਸਿੰਘ ਨੇ ਕੀਤੀ ਵੱਡੀ ਲੀਡ ਨਾਲ ਜਿੱਤ ਦਰਜ,ਬਣੇ ਸਭ ਤੋਂ ਛੋਟੀ ਉਮਰ ਦੇ ਨੌਜਵਾਨ ਸਰਪੰਚ।

 

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪਿੰਡ ਗੁੜੱਦੀ ਵਿਖੇ ਨੌਜਵਾਨ ਰਮਨ ਸਿੰਘ ਪੁੱਤਰ ਸੁਖਚੈਨ ਸਿੰਘ ਨੇ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਸਭ ਤੋਂ ਛੋਟੀ ਉਮਰ ਦੇ ਸਰਪੰਚ ਬਣਨ ਦਾ ਰੁਤਬਾ ਹਾਸਲ ਕੀਤਾ।ਇਸ ਮੌਕੇ ਨਵ ਨਿਯੁਕਤ ਸਰਪੰਚ ਰਮਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਿੰਡ ਦਾ ਸਰਪੰਚ ਬਣਨ ਤੇ ਮਾਣ ਹੈ ਅਤੇ ਪਿੰਡ ਵਾਸੀਆਂ ਨੂੰ ਉਨ੍ਹਾਂ’ਤੇ ਭਰੋਸਾ ਜਤਾਉਣ ਉੱਤੇ ਤਹਿ ਦਿਲੋਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪਿੰਡ ਦੇ ਚੰਗੇ ਭਵਿੱਖ ਨੂੰ ਮੱਦੇਨਜ਼ਰ ਰੱਖਦਿਆਂ ਉਹ ਆਪਣਾ ਕਾਰਜਕਾਲ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਦੇ ਸਹਿਯੋਗ ਨਾਲ ਗ੍ਰਾਂਟਾਂ ਰਾਹੀਂ ਪੰਚਾਇਤ ਦੇ ਅਧੂਰੇ ਰਹਿੰਦੇ ਕੰਮਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਦਖਲ ਅੰਦਾਜ਼ੀ ਜਾਂ ਕੋਈ ਭੇਦਭਾਵ ਨਹੀਂ ਹੋਣ ਦਿੱਤਾ ਜਾਵੇਗਾ। ਪਿੰਡ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇਗਾ ਅਤੇ ਕਿਸੇ ਵੀ ਪ੍ਰਕਾਰ ਦਾ ਚਿਟਾ, ਸਮੈਕ ਅਤੇ ਹੈਰੋਇਨ ਨੂੰ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਪਿੰਡ ਦੀਆਂ ਗਲੀਆਂ ਦਾ ਵਿਕਾਸ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇਗਾ। ਪਿੰਡ ਵਿੱਚ ਦਸਵੀਂ ਜਮਾਤ ਤੱਕ ਦਾ ਸਕੂਲ ਹੈ।ਜਿਸ ਕਾਰਨ ਲੜਕੀਆਂ ਬਾਹਰ ਪੜਨ ਲਈ ਜਾਂਦੀਆਂ ਹਨ।ਉਸਨੂੰ ਬਾਰਵੀਂ ਜਮਾਤ ਤੱਕ ਅਪ੍ਰਗੈਡ ਕਰਨ ਲਈ ਸਰਕਾਰ ਅੱਗੇ ਪੂਰ ਜ਼ੋਰ ਮੰਗ ਰੱਖੀ ਜਾਵੇਗੀ ਤਾਂ ਜੋ ਪਿੰਡ ਦੀਆਂ ਬੱਚੀਆਂ ਵਿਦਿਆ ਦੇ ਖੇਤਰ ਵਿੱਚ ਵਾਂਝੀਆਂ ਨਾ ਰਹਿ ਜਾਣ।ਇਸ ਤੋਂ ਇਲਾਵਾ ਉਨ੍ਹਾਂ ਜਨਤਾ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਵੱਧ ਤੋਂ ਵੱਧ ਕੰਮਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ।ਇਸ ਮੌਕੇ ਮੈਂਬਰ ਕੁਲਦੀਪ ਸਿੰਘ, ਮਲਕੀਤ ਸਿੰਘ, ਜਸਵਿੰਦਰ ਸਿੰਘ, ਗੁਰਮੀਤ ਕੌਰ, ਸ਼ਿੰਦਰਪਾਲ ਕੌਰ,ਮਨਪ੍ਰੀਤ ਕੌਰ,ਭੋਲਾ ਸਿੰਘ,ਕੁਲਵੰਤ ਕੌਰ ਅਤੇ ਪਰਮਜੀਤ ਕੌਰ ਆਦਿ ਹਾਜ਼ਰ ਸਨ।