ਆਮ ਆਦਮੀ ਪਾਰਟੀ ਨੇ ਪੰਜਾਬ ਦਾ ਕੀਤਾ ਸੱਤਿਆਨਾਸ਼ : ਸਾਬਕਾ ਸੀ.ਐੱਮ ਚਰਨਜੀਤ ਸਿੰਘ ਚੰਨੀ

ਪੰਜਾਬ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ, ਭਗਵੰਤ ਮਾਨ ਸਿਰਫ਼ ਕਠਪੁਤਲੀ : ਚੰਨੀ

ਕਾਲਾ ਢਿੱਲੋਂ ਦੇ ਹੱਕ ’ਚ ਚੰਨੀ ਨੇ ਬਰਨਾਲਾ ’ਚ ਕੀਤਾ ਚੋਣ ਪ੍ਰਚਾਰ

ਕਾਲਾ ਢਿੱਲੋਂ ਬੇਦਾਗ਼ ਸ਼ਖਸੀਅਤ : ਚੰਨੀ

ਬਰਨਾਲਾ, 10 ਨਵੰਬਰ (ਕਰਨਪ੍ਰੀਤ ਕਰਨ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਸੱਤਿਆਨਾਸ਼ ਕਰ ਕੇ ਰੱਖ ਦਿੱਤਾ ਹੈ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੇ ਇਸ ਪਾਰਟੀ ਦੇ 92 ਵਿਧਾਇਕ ਜਿਤਾ ਕੇ ਵਿਧਾਨ ਸਭਾ ਭੇਜਦਿਆਂ ਸਰਕਾਰ ਬਣਾਈ, ਪਰ ਇਸ ਸਰਕਾਰ ਨੇ ਲੋਕਾਂ ਨਾਲ ਵਾਅਦਾਖ਼ਿਲਾਫ਼ੀ ਕਰਦਿਆਂ ਸੂਬੇ ਦੀ ਜਨਤਾ ਦੀ ਭਲਾਈ ਲਈ ਕੱਖ ਨਹੀਂ ਕੀਤਾ। ਇਹ ਸ਼ਬਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਅਮਲਾ ਸਿੰਘ ਵਾਲਾ, ਜੋਧਪੁਰ, ਖੁੱਡੀ ਕਲਾਂ, ਹੰਡਿਆਇਆ ਤੇ ਬਰਨਾਲਾ ਵਿਖੇ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਸਮੇਂ ਸੂਬਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਹੇ। ਚੰਨੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸਹੁੰ ਖਾ ਕੇ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਸੀ, ਅੱਜ ਸਰਕਾਰ ਉਨ੍ਹਾਂ ਦੇ ਆਦਰਸ਼ਾਂ ਨੂੰ ਭੁੱਲ ਗਈ ਹੈ। ‘ਆਪ’ ਸਰਕਾਰ ਦਾ ਨਸ਼ਾ ਮੁਕਤ ਪੰਜਾਬ ਦਾ ਨਾਅਰਾ ਫੇਲ ਹੁੰਦਾ ਨਜ਼ਰ ਆ ਰਿਹਾ ਹੈ। ਅੱਜ ਸੂਬੇ ’ਚ ਜਿੰਨੀ ਨਸ਼ਿਆਂ ਦੀ ਭਰਮਾਰ ਹੈ, ਪਹਿਲਾਂ ਕਦੇ ਨਹੀਂ ਹੋਈ। ਇਸ ਸਰਕਾਰ ਨੇ ਨਸ਼ਾ ਤਸਰਕਾਂ ’ਤੇ ਨੱਥ ਪਾਉਣ ਲਈ ਕੁਝ ਵੀ ਨਹੀਂ ਕੀਤਾ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਚੋਣ ਜਲਸੇ ਦੌਰਾਨ ਹਾਜ਼ਰ ਹੋਈਆਂ ਵੱਡੀ ਗਿਣਤੀ ’ਚ ਬੀਬੀਆਂ ਦੇ ਸ਼ਾਮਲ ਹੋਣ ਦੀ ਸਿਫ਼ਤ ਕਰਦਿਆਂ ਕਿਹਾ ਕਿ ਇੰਨੀਆਂ ਬੀਬੀਆਂ ਨੂੰ ਨਾਲ ਲੈ ਕੇ ਤਾਂ ਅਸੀਂ ਦਿੱਲੀ ਜਿੱਤ ਲਈਏ, ਇਹ ਤਾਂ ਫ਼ਿਰ ਬਰਨਾਲਾ ਹਲਕੇ ਦੀ ਚੋਣ ਹੈ। ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਡਾ ਧੋਖਾ ਪੰਜਾਬ ਦੀ ਅੱਧੀ ਅਬਾਦੀ ਔਰਤਾਂ ਨਾਲ ਕੀਤਾ। ਇਸ ਸਰਕਾਰ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਦੀਆਂ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ, ਪਰ ਅੱਜ ਸਰਕਾਰ ਬਣੀ ਨੂੰ ਕਰੀਬ 3 ਸਾਲ ਹੋ ਗਏ ਹਨ ਤੇ ਬੀਬੀਆਂ ਨੂੰ ਇਕ ਰੁਪਇਆ ਤੱਕ ਇਸ ਸਰਕਾਰ ਨੇ ਨਹੀਂ ਦਿੱਤਾ। ਜਿਸ ਕਾਰਨ ਇਸ ਸਰਕਾਰ ਵੱਲ ਪੰਜਾਬ ਦੀਆਂ ਔਰਤਾਂ ਦਾ 35-35 ਹਜ਼ਾਰ ਰੁਪਇਆ ਬਕਾਇਆ ਹੈ। ਚੰਨੀ ਨੇ ਅੱਗੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਕਹਿੰਦਾ ਸੀ ਕਿ ਸਾਡੀ ਸਰਕਾਰ ਆਉਣ ’ਤੇ ਅਸੀਂ ਸਰਪੰਚਾਂ ਨੂੰ 25,25 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਵਾਂਗੇ, ਪਰ ਅੱਜ ਉਹ ਆਪਣੇ ਇਸ ਵਾਅਦੇ ਤੋਂ ਵੀ ਮੁਕਰ ਗਏ। ਇਸ ਸਰਕਾਰ ਨੇ ਪਿੰਡਾਂ ਦੇ ਵਿਕਾਸ ਲਈ ‘ਆਪ’ ਤਾਂ ਕੀ ਦੇਣਾ ਸੀ, ਸਗੋਂ ਜੋ ਫ਼ੰਡ ਕਾਂਗਰਸ ਸਰਕਾਰ ਸਮੇਂ ਪਿੰਡਾਂ ਲਈ ਬਚੇ ਪਏ ਸਨ, ਉਹ ਵੀ ਲਗਾਉਣ ਨਹੀਂ ਦਿੱਤੇ। ਚੰਨੀ ਨੇ ਕਿਹਾ ਕਿ ਹਰ ਵਰਗ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜੋਂ ਦੁਸ਼ਮਣ ਜਮਾਤ ਹੈ, ਉਹ ਭਾਰਤੀ ਜਨਤਾ ਪਾਰਟੀ ਹੈ। ਆਮ ਆਦਮੀ ਪਾਰਟੀ ਨੇ ਵੀ ਉਸੇ ਤਰਜ਼ ’ਤੇ ਹੀ ਚੱਲ ਰਹੀ ਹੈ। ‘ਆਪ’ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਹਾ ਕਿ ਸੀ ਸਾਡੀ ਸਰਕਾਰ ਬਣਨ ’ਤੇ ਉੱਪ ਮੁੱਖ ਮੰਤਰੀ ਦਲਿਤ ਵਰਗ ਦਾ ਬਣਾਇਆ ਜਾਵੇਗਾ, ਪਰ ਸਰਕਾਰ ਬਣਨ ਮਗਰੋਂ ਇੰਨ੍ਹਾਂ ਨੇ ਅਜਿਹਾ ਨਹੀਂ ਕੀਤਾ। ਫ਼ਿਰ ਕਹਿਣ ਲੱਗੇ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਦਲਿਤ ਡਿਪਟੀ ਸੀ.ਐੱਮ ਬਣਾਇਆ ਜਾਵੇਗਾ, ਪਰ ਉਹ ਚੋਣਾਂ ਵੀ ਲੰਘ ਗਈਆਂ, ਕੱਖ ਨਹੀਂ ਕੀਤਾਜਿਸ ਤੋਂ ਸਪੱਸ਼ਟ ਹੈ ਕਿ ਇਸ ਸਰਕਾਰ ਨੇ ਹਰ ਵਰਗ ਨਾਲ ਧੋਖਾ ਕੀਤਾ ਹੈ। ‘ਆਪ’ ਦੀ ਦਿੱਲੀ ਹਾਈਕਮਾਨ ’ਤੇ ਵਰ੍ਹਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਗਵੰਤ ਮਾਨ ਕੇਜਰੀਵਾਲ ਦੇ ਹੱਥਾਂ ਦੀ ਕਠਪੁਤਲੀ ਹੈ, ਜੋ ਖ਼ੁਦ ਕੋਈ ਫ਼ੈਸਲਾ ਨਹੀਂ ਲੈ ਸਕਦਾ। ਇਸ ਸਰਕਾਰ ’ਚ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਮੀਟਿੰਗਾਂ ਲਈ ਦਿੱਲੀ ਬੁਲਾਇਆ ਜਾਂਦਾ ਹੈ, ਪੰਜਾਬ ਪ੍ਰਤੀ ਕੋਈ ਵੀ ਫ਼ੈਸਲਾ ਲੈਣਾ ਹੋਵੇ, ਉਹ ਦਿੱਲੀ ਦੀ ਹਾਈਕਮਾਨ ਲੈਂਦੀ ਹੈ। ‘ਆਪ’ ਦੀ ਦਿੱਲੀ ਲੀਡਰਸ਼ਿਪ ਨੇ ਪੰਜਾਬ ਦੇ ਆਪਣੇ ਹਰੇਕ ਵਿਧਾਇਕ ਤੇ ਮੰਤਰੀ ਨਾਲ ਆਪਣਾ ਵਿਅਕਤੀ ਲਗਾਏ ਹੋਏ ਹਨ। ਇੱਥੋ ਤੱਕ ਕਿ ਉਨ੍ਹਾਂ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਪੀ.ਏ. ਤੱਕ ਵੀ ਬਦਲ ਦਿੱਤੇ ਹਨ। ਕਿਸਾਨੀ ਦੀ ਗੱਲ ਕਰਦਿਆਂ ਚੰਨੀ ਨੇ ਕਿਹਾ ਕਿ ਭਗਵੰਤ ਮਾਨ ਚੋਣਾਂ ਸਮੇਂ ਕਹਿੰਦਾ ਸੀ ਕਿ ਸਾਡੀ ਸਰਕਾਰ ਆਉਣ ’ਤੇ ਅਸੀਂ 5 ਮਿੰਟਾਂ ’ਚ ਐੱਮ.ਐੱਸ.ਪੀ ਦੇਵਾਂਗੇ ਤੇ ਮੰਡੀਆਂ ’ਚੋਂ ਦਾਣਾ-ਦਾਣਾ ਚੁੱਕਿਆ ਜਾਵੇਗਾ, ਪਰ ਅੱਜ ਮੰਡੀਆਂ ’ਚ ਖੱਜਲ-ਖ਼ੁਆਰ ਹੋ ਰਹੇ ਕਿਸਾਨ ਸਾਰਿਆਂ ਦੇ ਸਾਹਮਣੇ ਹਨ।

ਕਾਲਾ ਢਿੱਲੋਂ ਬੇਦਾਗ਼ ਸ਼ਖਸੀਅਤ : ਚੰਨੀ

ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਲਈ ਪਾਰਟੀ ਵਲੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ, ਜੋ ਬੇਹੱਦ ਇਮਾਨਦਾਰ, ਸੂਝਵਾਨ ਤੇ ਬੇਦਾਗ਼ ਸ਼ਖਸੀਅਤ ਹਨ। ਉਨ੍ਹਾਂ ਕਿਹਾ ਕਿ ਕਾਲਾ ਢਿੱਲੋਂ ਨੇ ਹਮੇਸ਼ਾ ਹੱਕ ਤੇ ਸੱਚ ਦੀ ਅਵਾਜ਼ ਬੁਲੰਦ ਕੀਤੀ ਹੈ ਤੇ ਲੋਕਾਂ ਦੇ ਦੁੱਖ-ਸੁੱਖ ਦੇ ਸਾਰਥੀ ਹਨ। ਉਨ੍ਹਾਂ ਸਮੂਹ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿਤਾਓ ਤਾਂ ਜੋ ਉਹ ਵਿਧਾਨ ਸਭਾ ’ਚ ਵੀ ਤੁਹਾਡੇ ਹੱਕਾਂ ਦੀ ਲੜਾਈ ਲੜ ਸਕਣ ਤੇ ਹਲਕੇ ਦੇ ਵਿਕਾਸ ਕਾਰਜ਼ ਕਰਵਾ ਸਕਣ। ਇਸ ਮੌਕੇ ਮਹਿਲਾ ਕਾਂਗਰਸ ਦੇ ਜ਼ਿਲ੍ਾ ਪ੍ਰਧਾਨ ਮਨਵਿੰਦਰ ਪੱਖੋ, ਚੇਅਰਮੈਨ ਚੇਅਰ ਪਰਸਨ ਸਰਬਜੀਤ ਕੌਰ ਇਹ ਤੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।