ਮਾਨ ਸਰਕਾਰ ਦੇ ਬਦਲਾਅ ਤੇ ਝੂਠੇ ਸੁਪਨਿਆਂ ਨੇ ਕੰਗਾਲ ਕੀਤਾ ਪੰਜਾਬ : ਕਾਲਾ ਢਿੱਲੋਂ

 ਬਰਨਾਲਾ,7,ਨਵੰਬਰ (ਕਰਨਪ੍ਰੀਤ ਕਰਨ ): : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਦਲਾਅ ਤੇ ਝੂਠੇ ਸੁਪਨਿਆਂ ਨੇ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ। ਗਰੀਬੀ, ਭੁੱਖਮਰੀ, ਨਸ਼ਿਆਂ ਦਾ ਦਰਿਆ, ਲੁੱਟਾਖੋਹਾਂ ਤੇ ਕਤਲ ਵਰਗੀਆਂ ਭਿਆਨਕ ਵਾਰਦਾਤਾਂ ਨੇ ਪੰਜਾਬ ਦੇ ਹਾਲਾਤ ਤਰਸਯੋਗ ਬਣਾ ਦਿੱਤੇ ਹਨ। ਇਹ ਸ਼ਬਦ ਕਾਂਗਰਸ ਦੇ ਜ਼ਿਲ੍ਹਾ ਬਰਨਾਲਾ ਤੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਲੋਕਾਂ ਦੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਹੇ। ਕਾਲਾ ਢਿੱਲੋਂ ਨੇ ਕਿਹਾ ਕਿ ਸੂਬੇ ’ਚ ਅਜਿਹਾ ਕੋਈ ਵਰਗ ਨਹੀਂ, ਜੋ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਤੰਗ ਨਾ ਹੋਵੇ। ਇਸ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜ਼ਕਾਲ ’ਚ ਅਨੇਕਾਂ ਲੋਕ ਵਿਰੋਧੀ ਫ਼ੈਸਲੇ ਲਏ, ਜੋ ਸੂਬੇ ਦੀ ਜਨਤਾ ਦੇ ਵਿਰੋਧ ਦੇ ਚੱਲਦਿਆਂ ਇਸ ਸਰਕਾਰ ਨੂੰ ਵਾਪਸ ਲੈਣੇ ਪਏ। ਇਸ ਦੇ ਨਾਲ ਹੀ ਜੋ ਲੋਕ ਹਿਤੈਸ਼ੀ ਫ਼ੈਸਲੇ ਲਏ, ਉਨ੍ਹਾਂ ਦਾ ਸਿਰਫ਼ ਐਲਾਨ ਹੀ ਹੋਇਆ, ਨਾ ਤਾਂ ਉਨ੍ਹਾਂ ਸਬੰਧੀ ਕੋਈ ਨੋਟੀਫ਼ਿਕੇਸ਼ਨ ਜਾਰੀ ਹੋਇਆ ਤੇ ਨਾ ਹੀ ਉਨ੍ਹਾਂ ਦਾ ਕੋਈ ਲਾਭ ਲੋਕਾਂ ਨੂੰ ਮਿਲਿਆ। ਢਿੱਲੋਂ ਨੇ ਅੱਗੇ ਕਿਹਾ ਕਿ 2022 ’ਚ ਆਮ ਆਦਮੀ ਪਾਰਟੀ ਨੇ ਝੂਠੇ ਵਾਅਦੇ ਤੇ ਦਾਅਵੇ ਕਰ ਕੇ ਲੋਕਾਂ ਨੂੰ ਗੁਮਰਾਹ ਕੀਤਾ, ਪਰ ਹੁਣ ਲੋਕ ਇਸ ਪਾਰਟੀ ਦੀਆਂ ਚਾਲਾਂ ’ਚ ਨਹੀਂ ਫਸਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਸਰਕਾਰ ਦੇ ਸ਼ਾਸਨ ਨੂੰ ਅੱਜ ਵੀ ਯਾਦ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਇੰਨ੍ਹਾਂ ਜ਼ਿਮਨੀ ਚੋਣਾਂ ’ਚ ਕਾਂਗਰਸ ਦਾ ਸਾਥ ਦੇਣਗੇ ਤੇ ਵੱਡੀ ਲੀਡ ਨਾਲ ਜਿੱਤ ਦਵਾਉਣਗੇ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ’ਚ ਕਾਂਗਰਸੀ ਆਗੂ, ਵਰਕਰ ਤੇ ਸ਼ਹਿਰ ਵਾਸੀ ਹਾਜ਼ਰ ਸਨ।