ਆਪ ,ਭਾਜਪਾ ਨੂੰ ਲਾਏ ਰਗੜੇ ਕਲਾ ਢਿੱਲੋਂ ਦੀ ਜਿੱਤ ਅੱਟਲ
ਬਰਨਾਲਾ, 3 ਨਵੰਬਰ /ਕਰਨਪ੍ਰੀਤ ਕਰਨ
ਆਮ ਆਦਮੀ ਪਾਰਟੀ ਪੰਜਾਬ ਨੂੰ ਕਰਜ਼ੇ ’ਚ ਡੋਬ ਕੇ ਵਿਕਾਸ ਨਹੀਂ, ਵਿਨਾਸ਼ ਕਰ ਰਹੀ ਹੈ। ਜਦ ਕਿ ਜੋ ਵੀ ਪੰਜਾਬ ਅੰਦਰ ਵਿਕਾਸ ਹੋਇਆ, ਉਹ ਸਿਰਫ ਕਾਂਗਰਸ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਹੋਇਆ ਹੈ। ਇਹ ਸ਼ਬਦ ਵਿਧਾਨ ਸਭਾ ਹਲਕਾ ਬਰਨਾਲਾ ਦੇ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਕ ’ਚ ਉਨ੍ਹਾਂ ਦੇ ਗ੍ਰਹਿ ਵਿਖੇ ਰੱਖੀ ਵਰਕਰ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਵਿਜੇਇੰਦਰ ਸਿੰਗਲਾ ਨੇ ਕਹੇ। ਸਿੰਗਲਾ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਇਲਾਵਾ ਕੱਖ ਨਹੀਂ ਕੀਤਾ। ਕੇਂਦਰ ਦੀ ਭਾਜਪਾ ਸਰਕਾਰ ’ਤੇ ਨਿਸ਼ਾਨ ਵਿੰਨ੍ਹਦਿਆਂ ਸਿੰਗਲਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਵੀ ਦੇਸ਼ ਦੀ ਸੱਤਾ ਸੰਭਾਲਣ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਦਿਖਾਏ, ਪਰ ਸੱਤਾ ਸੰਭਾਲਣ ਉਪਰੰਤ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਭਾਰਤ ਦੇ ਲੋਕਾਂ ਨੂੰ ਕਿਹਾ ਸੀ ਅੱਛੇ ਦਿਨ ਆਉਣਗੇ, ਕਾਲਾ ਧਨ ਵਾਪਸ ਲਿਆਵਾਂਗੇ, ਘਰ ਘਰ ਰੋਜ਼ਗਾਰ ਦਿੱਤਾ ਜਾਵੇਗਾ ਤੇ 15-15 ਲੱਖ ਹਰੇਕ ਵਿਅਕਤੀ ਦੇ ਬੈਂਕ ਖਾਤੇ ’ਚ ਆਉਣਗੇ, ਪਰ 10 ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਜੇ ਤਕ ਅੱਛੇ ਦਿਨ ਨਹੀਂ ਆਏ। ਪਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੰਬਾਨੀ-ਅੰਡਾਨੀ ਪਰਿਵਾਰਾਂ ਦੇ ਅੱਛੇ ਦਿਨ ਜ਼ਰੂਰ ਆਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਦਿਨ ਪ੍ਰਤੀ ਦਿਨ ਮਹਿੰਗਾਈ ਵਧ ਰਹੀ ਹੈ ਤੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ, ਪਰ ਕੇਂਦਰ ਸਰਕਾਰ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਿੰਗਲਾ ਨੇ ਕਿਹਾ ਕਿ ਕਾਲਾ ਢਿੱਲੋਂ ਨੇ ਹਮੇਸ਼ਾ ਹੀ ਹੱਕ ਸੱਚ ਦਾ ਸਾਥ ਦਿੱਤਾ ਹੈ। ਉਹ ਬਰਨਾਲਾ ਦੇ ਇਕਲੌਤੇ ਅਜਿਹੇ ਸਿਆਸੀ ਆਗੂ ਹਨ, ਜੋ ਹਮੇਸ਼ਾ ਆਪਣੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਹਨ, ਜਦਕਿ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂ ਜਾਂ ਤਾਂ ਚੰਡੀਗੜ੍ਹ ਹੀ ਰਹਿੰਦੇ ਹਨ ਤੇ ਸਿਰਫ਼ ਚੋਣਾਂ ਸਮੇਂ ਬਰਨਾਲਾ ’ਚ ਆਉਂਦੇ ਹਨ ਜਾਂ ਫ਼ਿਰ ਕੰਮ ਲਈ ਘਰ ਆਏ ਲੋਕਾਂ ਨੂੰ ਬੂਹਾ ਤੱਕ ਨਹੀਂ ਖੋਲ੍ਹਦੇ। ਸਿੰਗਲਾ ਨੇ ਵਰਕਰਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਵਰਕਰ ਹੀ ਪਾਰਟੀ ਦੀ ਰੀਡ ਦੀ ਹੱਡੀ ਹੁੰਦੇ ਹਨ, ਜਿੰਨ੍ਹਾਂ ਤੋਂ ਬਿਨਾਂ ਪਾਰਟੀ ਕੁਝ ਵੀ ਨਹੀਂ ਹੁੰਦੀ ਹੈ। ਉਨ੍ਹਾਂ ਸਮੂਹ ਆਗੂਆਂ ਤੇ ਵਰਕਰਾਂ ਨੂੰ ਕਾਲਾ ਢਿੱਲੋਂ ਦੀ ਚੋਣ ਮੁਹਿੰਮ ’ਚ ਤਨੇਦਹੀ ਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਸੱਦਾ ਦਿੰਦਿਆਂ ਹੱਲਾਸ਼ੇਰੀ ਵੀ ਦਿੱਤੀ।ਇਸ ਮੌਕੇ ਕਾਂਗਰਸ ਮਹਿਲਾ ਵਿੰਗ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ,ਜਿਲਾ ਮਹਿਲਾ ਵਿੰਗ ਪ੍ਰਧਾਨ ਮਨਵਿੰਦਰ ਪੱਖੋਂ ,ਜਿਲਾ ਪ੍ਰੀਸ਼ਦ ਚੈਰਪ੍ਰਸਨ ਸਰਬਜੀਤ ਕੌਰ,ਜਿਲਾ ਸਕੱਤਰ ਨਰਿੰਦਰ ਸ਼ਰਮਾ,ਬਲਦੇਵ ਭੁੱਚਰ ,ਬਾਜ਼ ਸਿੰਘ ਰਟੋਲ,ਟਰਾਂਸਪੋਰਟਰ ਪਰਮਜੀਤ ਪੰਮਾ ,ਸਮੇਤ ਵੱਡੀ ਗਿਣਤੀ ਚ ਪਾਰਟੀ ਆਗੂ ਵਰਕਰ ਹਾਜਿਰ ਸਨ ~