ਟ੍ਰੈਵਲ ਬਲੌਗਰ ਨੂੰ ਗਲਵਾਨ ਘਾਟੀ ‘ਚ ਮਾਰੇ ਗਏ ਚੀਨੀ ਸੈਨਿਕਾਂ ਦੀ ਯਾਦਗਾਰ ‘ਤੇ ਫੋਟੋ ਖਿਚਵਾਉਣੀ ਪਈ ਮਹਿੰਗੀ, 7 ਮਹੀਨੇ ਦੀ ਜੇਲ੍ਹ

ਨਵੀਂ ਦਿੱਲੀ: ਚੀਨ ਨੇ ਇੱਕ ਟ੍ਰੈਵਲ ਬਲੌਗਰ ਨੂੰ ਸੱਤ ਮਹੀਨੇ ਦੀ ਸਜ਼ਾ ਸੁਣਾਈ ਹੈ। ਇਸ ਟ੍ਰੈਵਲ ਬਲੌਗਰ ‘ਤੇ ਚੀਨੀ ਸੈਨਿਕਾਂ ਦਾ ਅਪਮਾਨ ਕਰਨ ਦਾ ਦੋਸ਼  ਲੱਗਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਗਲਵਾਨ ਘਾਟੀ ਵਿੱਚ ਭਾਰਤ ਤੇ ਚੀਨ ਦੇ ਸੈਨਿਕਾਂ ਵਿੱਚ ਝੜਪ ਹੋਈ ਸੀ। ਸ਼ੁਰੂਆਤ ‘ਚ ਚੀਨ ਨੇ ਇਸ ਨਾਲ ਹੋਏ ਨੁਕਸਾਨ ਤੋਂ ਇਨਕਾਰ ਕੀਤਾ ਸੀ। ਫਿਰ ਬਾਅਦ ਵਿਚ ਇਹ ਮੰਨਿਆ ਗਿਆ ਕਿ ਉਸ ਦਾ ਵੀ ਨੁਕਸਾਨ ਹੋਇਆ ਹੈ, ਫਿਰ ਸ਼ਹੀਦ ਸੈਨਿਕਾਂ ਦੀ ਯਾਦ ਵਿੱਚ ਇੱਕ ਮਕਬਰਾ ਵੀ ਬਣਾਇਆ ਗਿਆ ਸੀ।

ਟ੍ਰੈਵਲ ਬਲੌਗਰ ਨੇ ਚੀਨ ਦੇ ਸ਼ਹੀਦ ਸੈਨਿਕਾਂ ਦੇ ਮਕਬਰੇ ਦੇ ਨੇੜੇ ਕੁਝ ਤਸਵੀਰਾਂ ਲਈਆਂ ਸਨ। ਟ੍ਰੈਵਲ ਬਲੌਗਰ ‘ਤੇ ਫੌਜੀਆਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਉੱਤਰ-ਪੱਛਮੀ ਚੀਨ ਦੇ ਸ਼ਿਨਜਿਆਂਗ ਉਇਗਰ ਖੇਤਰ ਵਿੱਚ ਪਿਸ਼ਾਨ ਕਾਉਂਟੀ ਦੀ ਸਥਾਨਕ ਅਦਾਲਤ ਨੇ ਇਹ ਸਜ਼ਾ ਸੁਣਾਈ ਹੈ। ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਟ੍ਰੈਵਲ ਬਲੌਗਰ ਨੂੰ 10 ਦਿਨਾਂ ਦੇ ਅੰਦਰ ਜਨਤਕ ਤੌਰ ‘ਤੇ ਮੁਆਫੀ ਮੰਗਣੀ ਚਾਹੀਦੀ ਹੈ।

ਬਲੌਗਰ ਦਾ ਨਾਮ ਲੀ ਕਿਕਸੀਅਨ ਹੈ। ਉਹ Xiaoxian Jayson ਨਾਮ ਨਾਲ ਸੋਸ਼ਲ ਮੀਡੀਆ ‘ਤੇ ਸਰਗਰਮ ਹੈ। ਉਹ 15 ਜੁਲਾਈ ਨੂੰ ਇਸ ਸਮਾਧੀ ‘ਤੇ ਗਿਆ ਸੀ। ਇਹ ਸ਼ਹੀਦੀ ਸਮਾਰਕ ਕਾਰਾਕੋਰਮ ਪਹਾੜੀ ਖੇਤਰ ਵਿੱਚ ਸਥਿਤ ਹੈ। ਦੋਸ਼ ਹੈ ਕਿ ਉਹ ਉਸ ਪੱਥਰ ‘ਤੇ ਚੜ੍ਹਿਆ ਸੀ, ਜਿਸ ‘ਤੇ ਸਮਾਰਕ ਦਾ ਨਾਂ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਦੋਸ਼ ਹੈ ਕਿ ਉਹ ਸ਼ਹੀਦ ਸੈਨਿਕਾਂ ਦੀ ਕਬਰ ਕੋਲ ਖੜ੍ਹ ਕੇ ਮੁਸਕਰਾ ਰਿਹਾ ਸੀ ਅਤੇ ਨਾਲ ਹੀ ਹੱਥ ਨਾਲ ਪਿਸਤੌਲ ਬਣਾ ਕੇ ਸਮਾਧੀ ਵੱਲ ਇਸ਼ਾਰਾ ਕਰ ਰਿਹਾ ਸੀ।

ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਲੀ ਕਿਜਿਆਨ ਦਾ ਵਿਰੋਧ ਸ਼ੁਰੂ ਹੋ ਗਿਆ। ਫਿਰ 22 ਜੁਲਾਈ ਨੂੰ ਇਸ ਦੀ ਜਾਂਚ ਦੇ ਹੁਕਮ ਦਿੱਤੇ ਗਏ। ਹੁਣ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਸੱਤ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।ਗਲਵਾਨ ਘਾਟੀ ‘ਚ ਭਾਰਤ ਦੇ 20 ਜਵਾਨ ਸ਼ਹੀਦ
ਸਾਲ 2020 ਤੋਂ ਲੱਦਾਖ ਦੇ ਗਲਵਾਨ ਇਲਾਕੇ ‘ਚ ਭਾਰਤ ਤੇ ਚੀਨੀ ਫੌਜ ਵਿਚਾਲੇ ਤਣਾਅ ਬਣਿਆ ਹੋਇਆ ਹੈ। ਹਾਲਾਤ ਸੁਧਾਰਨ ਲਈ ਮੀਟਿੰਗਾਂ ਚੱਲ ਰਹੀਆਂ ਸਨ। ਭਾਰਤ ਦੀ ਗੱਲ ਮੰਨਣ ਤੋਂ ਬਾਅਦ ਵੀ ਚੀਨ ਪਿੱਛੇ ਨਹੀਂ ਹਟਿਆ। ਹੌਲੀ-ਹੌਲੀ ਮਾਮਲਾ ਵਿਗੜਦਾ ਗਿਆ ਅਤੇ ਫਿਰ ਦੋਹਾਂ ਫੌਜਾਂ ਵਿਚਾਲੇ ਝੜਪ ਹੋ ਗਈ। ਇਸ ਵਿੱਚ ਭਾਰਤ ਦੇ ਕਮਾਂਡਿੰਗ ਅਫ਼ਸਰ ਕਰਨਲ ਬੀ ਸੰਤੋਸ਼ ਬਾਬੂ ਸਮੇਤ 20 ਜਵਾਨ ਸ਼ਹੀਦ ਹੋਏ ਸੀ।

ਚੀਨ ਨੇ ਪਹਿਲਾਂ ਕਿਹਾ ਸੀ ਕਿ ਇਸ ਝੜਪ ਵਿੱਚ ਉਸ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ ਪਰ ਬਾਅਦ ਵਿੱਚ 4 ਸੈਨਿਕਾਂ ਨੂੰ ਮਾਰਨ ਦੀ ਗੱਲ ਮੰਨੀ ਗਈ। ਹਾਲਾਂਕਿ ਚੀਨ ਦਾ ਨੁਕਸਾਨ ਇਸ ਤੋਂ ਵੀ ਵੱਧ ਸੀ। ਰੂਸ ਦੀ ਨਿਊਜ਼ ਏਜੰਸੀ TASS ਨੇ ਇਹ ਵੀ ਕਿਹਾ ਕਿ ਗਲਵਾਨ ‘ਚ ਕਰੀਬ 45 ਚੀਨੀ ਸੈਨਿਕ ਮਾਰੇ ਗਏ ਹਨ।

ਮੰਨਿਆ ਜਾਂਦਾ ਹੈ ਕਿ ਨੁਕਸਾਨ ਦੀ ਜਾਣਕਾਰੀ, ਸੈਨਿਕਾਂ ਦੇ ਸਨਮਾਨ ਨੂੰ ਲੈ ਕੇ ਉਸ ਨੂੰ ਆਪਣੇ ਨਾਗਰਿਕਾਂ ਦੇ ਦਬਾਅ ਹੇਠ ਆਉਣਾ ਪਿਆ। ਨਹੀਂ ਤਾਂ ਇਸ ਤੋਂ ਪਹਿਲਾਂ ਉਹ ਇਸ ਜਾਣਕਾਰੀ ਨੂੰ ਛੁਪਾਉਣਾ ਚਾਹੁੰਦਾ ਸੀ। ਦੂਜੇ ਪਾਸੇ ਭਾਰਤ ਨੇ ਹੋਏ ਨੁਕਸਾਨ ਦੀ ਜਾਣਕਾਰੀ ਦਿੱਤੀ ਅਤੇ ਜਵਾਨਾਂ ਦੀਆਂ ਲਾਸ਼ਾਂ ਨੂੰ ਪੂਰੇ ਸਨਮਾਨ ਨਾਲ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਇਆ ਗਿਆ।