ਮੇਰੇ ਵਲੋਂ ਲਿਆਂਦਾ ਮਲਟੀਸ਼ਪੈਸਲਿਟੀ ਹਸਪਤਾਲ ਦਾ ਪ੍ਰੋਜੈਕਟ ਕੈਂਸਲ ਕਰਕੇ ‘ਆਪ’ ਨੇ ਲੋਕਾਂ ਨਾਲ ਵੱਡਾ ਧੋਖਾ ਕੀਤਾ- ਕੇਵਲ ਸਿੰਘ ਢਿੱਲੋਂ

ਢਿੱਲੋਂ ਨੇ ਝੋਲੀ ਅੱਡ ਕੇ ਕਿਹਾ – ਸਰਕਾਰ ਮੇਰੇ ਨੀਂਹ ਪੱਥਰ ’ਤੇ ਭਾਵੇਂ ਬੁਲਡੋਜ਼ਰ ਚਲਾ ਦੇਵੇ, ਪਰ ਲੋਕਾਂ ਦੀ ਭਲਾਈ ਲਈ ਹਸਪਤਾਲ ਬਣਾਵੇ

ਬਰਨਾਲਾ,29,ਅਕਤੂਬਰ /ਕਰਨਪ੍ਰੀਤ ਕਰਨ/-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੇਰੇ ਵਲੋਂ ਲਿਆਂਦਾ ਗਿਆ ਮਲਟੀਸ਼ਪੈਸਲਿਟੀ ਹਸਪਤਾਲ ਦਾ ਪ੍ਰੋਜੈਕਟ ਰੱਦ ਕਰਕੇ ਬਰਨਾਲਾ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ­, ਜਿਸਦਾ ਜਵਾਬ ਬਰਨਾਲਾ ਦੇ ਲੋਕ ਇਸ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿੱਚ ਵੋਟ ਦੀ ਚੋਟ ਨਾਲ ਦੇਣਗੇ। ਇਹ ਪ੍ਰਗਟਾਵਾ ਬਰਨਾਲਾ ਵਿਧਾਨ ਸਭਾ ਜ਼ਿਮਨੀ ’ਚ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ ਨੇ ਹਸਪਤਾਲ ਦੇ ਨੀਂਹ ਪੱਥਰ ਕੋਲ ਪ੍ਰੈਸ ਨੂੰ ਸੰਬੋਧਨ ਕਰਦਿਆਂ ਕੀਤਾ।

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੇਰਾ ਮਨੋਰਥ ਹਮੇਸ਼ਾ ਬਰਨਾਲਾ ਹਲਕੇ ਦੇ ਲੋਕਾਂ ਦੀ ਜੀਵਨ ਪੱਧਰ ਉਚਾ ਚੁੱਕਣਾ ਰਿਹਾ ਹੈ। ਇਸੇ ਮੰਤਵ ਨਾਲ ਮੈਂ ਬਰਨਾਲਾ ਵਾਸੀਆਂ ਲਈ ਇੱਕ ਵੱਡਾ ਮਲਟੀਸ਼ਪੈਸਲਿਟੀ ਹਸਪਤਾਲ ਪਾਸ ਕਰਵਾਇਆ ਸੀ। ਜਿਸਦਾ ਬਾਕਾਇਦਾ ਹੰਡਿਆਇਆ ਵਿੱਚ ਨੀਂਹ ਪੱਥਰ ਰੱਖਿਆ ਸੀ ਅਤੇ ਉਸ ਲਈ 40 ਕਰੋੜ ਰੁਪਏ ਗ੍ਰਾਂਟ ਵੀ ਪਾਸ ਹੋਈ ਸੀ। ਪਰ ਉਸਤੋਂ ਤੁਰੰਤ ਬਾਅਦ ਸੂਬੇ ਵਿੱਚ ਸਰਕਾਰ ਬਦਲ ਗਈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਪਹਿਲਾ ਕੰਮ ਹੀ ਹਸਪਤਾਲ ਨੂੰ ਰੋਕਣ ਦਾ ਕੀਤਾ। ਉਹਨਾਂ ਕਿਹਾ ਕਿ ‘ਆਪ’ ਸਰਕਾਰ ਨੇ ਇਸ ਮਲਟੀਸਪੈਸਲਿਟੀ ਹਸਪਤਾਲ ਨੂੰ ਇਸ ਕਰਕੇ ਨਹੀਂ ਬਨਣ ਦਿੱਤਾ ਕਿ ਇਸ ਦਾ ਕ੍ਰੈਡਿਟ ਮੈਨੂੰ ਮਿਲ ਜਾਵੇਗਾ। ਉਹਨਾਂ ਕਿਹਾ ਕਿ ਆਪ ਸਰਕਾਰ ਸਿਹਤ ਅਤੇ ਸਿੱਖਿਆ ਦੇ ਮੁੱਦੇ ਤੇ ਸੱਤਾ ਵਿੱਚ ਆਈ। ਪਰ ਸਰਕਾਰ ਬਨਣ ਸਾਰ ਬਰਨਾਲਾ ਦੇ ਲੋਕਾਂ ਨੂੰ ਮਿਲ ਜਾ ਰਹੀ ਸਿਹਤ ਦੀ ਵੱਡੀ ਸਹੂਲਤ ਖੋਹ ਲਈ ਗਈ। ਇਸ ਹਸਪਤਾਲ ਲਈ ਬਾਕਾਇਦਾ ਨਕਸ਼ੇ ਪਾਸ ਸਨ, ਬਿਲਡਿੰਗ ਬਨਣ ਦਾ ਕੰਮ ਸ਼ੁਰੂ ਹੋਣਾ ਸੀ। ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਸਦਾ ਕੰਮ ਰੁਕਵਾ ਦਿੱਤਾ। ਅੱਜ ਇਸ ਹਸਪਤਾਲ ਦੀ ਜਗ੍ਹਾ ਉਪਰ ਕੂੜੇ ਦੇਡੰਪ ਹਨ ਅਤੇ ਝਾੜੀਆਂ ਹਨ।

ਕੇਵਲ ਸਿੰਘ ਢਿੱਲੋਂ ਨੇ ਅੱਡ ਕੇ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਚਾਹੇ ਮੇਰੇ ਨਾਮ ਵਾਲੇ ਨੀਂਹ ਪੱਥਰ ’ਤੇ ਬੁਲਡੋਜ਼ਰ ਚਲਾ ਦੇਵੇ ਅਤੇ ਸਰਕਾਰ ਕ੍ਰੈਡਿਟ ਵੀ ਆਪਣਾ ਰੱਖ ਲਵੇ, ਪਰ ਬਰਨਾਲਾ ਦੇ ਲੋਕਾਂ ਨੂੰ ਮਿਲ ਰਿਹਾ ਸਿਹਤ ਸਹੂਲਤ ਦਾ ਵੱਡਾ ਪ੍ਰੋਜੈਕਟ ਕੈਂਸਲ ਨਾ ਕਰੇ। ਉਹਨਾਂ ਕਿਹਾ ਕਿ ਸਰਕਾਰ ਨੇ ਲੋਕਾਂ ਦੀ ਸਿਹਤ ਸਹੂਲਤਾਂ ਦਾ ਕੋਈ ਧਿਆਨ ਨਾ ਰੱਖਦਿਆਂ ਉਸ ਪ੍ਰੋਜੈਕਟ ਨੂੰ ਖ਼ਤਮ ਹੀ ਕਰ ਦਿੱਤਾ, ਜੋ ਆਮ ਆਦਮੀ ਪਾਰਟੀ ਸਰਕਾਰ ਦਾ ਵੱਡਾ ਲੋਕ ਵਿਰੋਧੀ ਫ਼ੈਸਲਾ ਸਾਬਤ ਹੋਇਆ ਅਤੇ ਇਹ ਬਰਨਾਲਾ ਦੇ ਲੋਕਾਂ ਨਾਲ ਆਮ ਆਦਮੀ ਪਾਰਟੀ ਦਾ ਵੱਡਾ ਧੋਖਾ ਹੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਢਾਈ ਸਾਲਾਂ ਦੌਰਾਨ ਬਰਨਾਲਾ ਵਾਸੀਆਂ ਨੂੰ ਸਿਹਤ ਪ੍ਰਤੀ ਕੋਈ ਸੁਵਿਧਾ ਨਹੀਂ ਮੁਹੱਈਆ ਕਰਵਾ ਸਕੀ। ਜਦਕਿ ਮੇਰਾ ਹਲਕੇ ਦੇ ਲੋਕਾਂ ਨਾਲ ਵਾਅਦਾ ਹੈ ਕਿ ਜੇਕਰ ਹਲਕੇ ਦੇ ਲੋਕਾਂ ਦਾ ਫ਼ਤਵਾ ਮੇਰੇ ਹੱਕ ਵਿੱਚ ਰਿਹਾ ਤਾਂ ਮੈਂ ਹਲਕੇ ਵਿੱਚ ਮੁੜ ਮਲਟੀਸ਼ਪੈਸਲਿਟੀ ਹਸਪਤਾਲ ਬਨਾਉਣ ਦਾ ਉਪਰਾਲਾ ਕਰਾਂਗਾ ਤਾਂ ਕਿ ਸਾਡੇ ਸ਼ਹਿਰ ਦੇ ਲੋਕਾਂ ਨੂੰ ਇਲਾਜ਼ ਲਈ ਬਾਹਰ ਦੇ ਸ਼ਹਿਰਾਂ ਵਿੱਚ ਨਾ ਜਾਣਾ ਪਵੇ। ਇਸ ਮੌਕੇ ਭਾਜਪਾ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ। ਇਸ ਮੌਕੇ ਕਰਨ ਢਿੱਲੋਂ, ਨਰਿੰਦਰ ਨੀਟਾ, ਕੁਲਦੀਪ ਸਿੰਘ ਧਾਲੀਵਾਲ, ਅਸ਼ਵਨੀ ਆਸ਼ੂ, ਰਾਜਿੰਦਰ ਉਪਲ, ਹਰਪਾਲ ਸਿੰਘ ਤੋਂ ਇਲਾਵਾ ਹੋਰ ਭਾਜਪਾ ਆਗੂ ਤੇ ਹੰਡਿਆਇਆ ਵਾਸੀ ਹਾਜ਼ਰ ਸਨ।