ਨਵੀਂ ਦਿੱਲੀ : ਅਸਾਮ ਰਾਈਫਲਜ਼ ਦੀ 46ਵੀਂ ਬਟਾਲੀਅਨ ਦੇ ਕਮਾਂਡਿੰਗ ਅਫਸਰ (ਸੀਓ), ਉਨ੍ਹਾਂ ਦੇ ਪਰਿਵਾਰ ਦੇ ਦੋ ਮੈਂਬਰ ਤੇ ਨੀਮ ਫੌਜੀ ਬਲਾਂ ਦੇ ਸੱਤ ਜਵਾਨ ਸ਼ਨੀਵਾਰ ਨੂੰ ਮਣੀਪੁਰ ਵਿਚ ਇਕ ਹਮਲੇ ‘ਚ ਸ਼ਹੀਦ ਹੋ ਗਏ ਸਨ। ਜ਼ਿਕਰਯੋਗ ਹੈ ਕਿ ਕਮਾਂਡਿੰਗ ਅਧਿਕਾਰੀ ਦੀ ਪਤਨੀ ਤੇ ਬੇਟੇ ਦੀ ਵੀ ਮੌਤ ਹੋ ਗਈ ਹੈ।ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਮਣੀਪੁਰ ਦੇ ਚੁਰਾਚੰਦਪੁਰ ‘ਚ ਅਸਾਮ ਰਾਈਫ਼ਲਜ਼ ਦੇ ਕਾਫ਼ਲੇ ‘ਤੇ ਹਮਲਾ ਕਾਇਰਤਾਪੂਰਨ ਤੇ ਨਿੰਦਣਯੋਗ ਹੈ। ਇਸ ਹਮਲੇ ‘ਚ ਸ਼ਾਮਲ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਲਦ ਹੀ ਇਨ੍ਹਾਂ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ‘ਚ ਲਿਆਂਦਾ ਜਾਵੇਗਾ।
ਮਨੀਪੁਰ ‘ਚ ਫੌਜ ਦੇ ਕਾਫਲੇ ‘ਤੇ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਅੱਤਵਾਦੀਆਂ ਨੇ ਅਸਾਮ ਰਾਈਫਲਜ਼ ਯੂਨਿਟ ਦੇ ਕਮਾਂਡਿੰਗ ਅਫਸਰ ਦੇ ਕਾਫਲੇ ‘ਤੇ ਹਮਲਾ ਕੀਤਾ। ਕਾਫਲੇ ‘ਚ ਰੈਪਿਡ ਰਿਸਪਾਂਸ ਟੀਮ ਨਾਲ ਅਧਿਕਾਰੀ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਸਨ। ਇਹ ਘਟਨਾ ਮਨੀਪੁਰ ਦੇ ਚੂਰਾਚੰਦਪੁਰ ਜ਼ਿਲ੍ਹੇ ਦੇ ਸਿੰਘਾਤ ਸਬ-ਡਿਵੀਜ਼ਨ ਦੀ ਹੈ।ਅੱਤਵਾਦੀ ਹਮਲੇ ‘ਚ ਕਈ ਜਵਾਨ ਸ਼ਹੀਦ ਹੋ ਗਏ ਹਨ, ਕਮਾਂਡਿੰਗ ਅਫਸਰ ਸੇਮਟ। ਇਸ ਨਾਲ ਹੀ ਹਮਲੇ ‘ਚ ਕਮਾਂਡਿੰਗ ਅਫਸਰ ਦੇ ਪਰਿਵਾਰ ਦੇ ਕੁਝ ਮੈਂਬਰਾਂ ਦੀ ਵੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਅਜੇ ਤਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਅੱਤਵਾਦੀ ਹਮਲੇ ‘ਚ ਸਿਸੀਪੁਰ ‘ਚ ਸੀਓ ਅਤੇ ਉਨ੍ਹਾਂ ਦੇ ਪਰਿਵਾਰ ਸਮੇਤ ਕੁਝ ਜਵਾਨਾਂ ਦੀ ਮੌਤ ਹੋ ਗਈ ਹੈ। ਰਾਜ ਬਲ ਤੇ ਅਰਧ ਸੈਨਿਕ ਬਲ ਅੱਤਵਾਦੀਆਂ ਨੂੰ ਫੜਨ ਲਈ ਆਪਰੇਸ਼ਨ ਚਲਾ ਰਹੇ ਹਨ। ਦੋਸ਼ੀਆਂ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ।