ਮੁੱਖ ਮੰਤਰੀ ਦੇ ਸਾਦਗੀ ਵਾਲੇ ਪੈਟਰਨ ਨੂੰ ਆਧਾਰ ਬਣਾ ਕੇ ਕੀਤਾ ਟਿਕਟ ਦਾ ਦਾਅਵਾ

ਬੰਗਾ 

ਇੱਥੋਂ ਦੇ ਕਾਂਗਰਸੀ ਆਗੂ ਡਾ. ਬਖਸ਼ੀਸ਼ ਸਿੰਘ ਵੱਲੋਂ ਪਾਰਟੀ ਦਾ ਉਮੀਦਵਾਰ ਬਣਨ ਲਈ ਮੁੱਖ ਮੰਤਰੀ ਦਾ ‘ਸਾਦਗੀ’ ਵਾਲਾ ਪੈਟਰਨ ਅਪਣਾਉਂਦਿਆਂ ਪਾਰਟੀ ਦੇ ਨਾਂ ‘ਚਿੱਠੀ’ ਲਿਖ ਕੇ ਟਿਕਟ ਦੀ ਮੰਗ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਇਹ ਕਾਰਵਾਈ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਡਾ. ਬਖਸ਼ੀਸ਼ ਨੇ ਕਿਹਾ ਕਿ ਉਹ ਵੱਡੇ ਇਕੱਠ ਜਾਂ ਇਸ਼ਤਿਹਾਰਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਹੁੰਗਾਰੇ ਵਿਚ ਵਿਸ਼ਵਾਸ਼ ਰੱਖਦੇ ਹਨ। ਪਾਰਟੀ ਦੇ ਨਾਂ ਲਿਖੀ ਇਸ ਚਿੱਠੀ ਵਿਚ ‘ਟਕਸਾਲੀ’ ਹੋਣ ਦਾ ਵਾਸਤਾ ਪਾਉਂਦਿਆਂ ਉਨ੍ਹਾਂ ਪਾਰਟੀ ਦੇ ਉਮੀਦਵਾਰ ਵਜੋਂ ਸੇਵਾ ਨਿਭਾਉਣ ਦਾ ਮੌਕਾ ਮੰਗਿਆ ਹੈ। ਇਸ ਚਿੱਠੀ ਨਾਲ ਉਨ੍ਹਾਂ ਆਪਣੀ ਵਿੱਦਿਅਕ ਯੋਗਤਾ, ਕਾਂਗਰਸ ਪਾਰਟੀ ਲਈ ਕੀਤੇ ਗਏ ਕੰਮਾਂ, ਸਮਾਜਿਕ ਖੇਤਰ ਲਈ ਨਿਭਾਈਆਂ ਗਈਆਂ ਸੇਵਾਵਾਂ ਅਤੇ ਹੋਰ ਪ੍ਰਾਪਤੀਆਂ ਦਾ ਵੇਰਵਾ ਵੀ ਨੱਥੀ ਕੀਤਾ ਹੈ।

ਸਥਾਨਕ ਮੁੱਖ ਡਾਕਘਰ ਤੋਂ ਇਹ ਚਿੱਠੀ ਪੋਸਟ ਕਰਨ ਮੌਕੇ ਡਾ. ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਹ ਪਾਰਟੀ ਵੱਲੋਂ ਆਏ ਹਰ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਲੰਬੇ ਅਰਸੇ ਤੋਂ ਕੰਮ ਕਰਦੇ ਆ ਰਹੇ ਹਨ ਅਤੇ ਇਕ ਵਫ਼ਾਦਾਰ ਸਿਪਾਹੀ ਵਜੋ ਪਾਰਟੀ ਨਾਲ ਅਡੋਲ ਖੜ੍ਹੇ ਹਨ। ਕਿਸੇ ਵੀ ਆਗੂ ਦੇ ਵਿਰੋਧ ਵਿਚ ਕੋਈ ਟਿੱਪਣੀ ਨਾ ਕਰਦਿਆਂ ਉਨ੍ਹਾਂ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਸੀਨੀਆਰਤਾ ਦੇ ਆਧਾਰ ’ਤੇ ਬੰਗਾ (ਰਾਖਵਾਂ) ਵਿਧਾਨ ਸਭਾ ਹਲਕੇ ਤੋਂ ਪਾਰਟੀ ਦਾ ਉਮੀਦਵਾਰ ਬਣਨ ਦਾ ਮੌਕਾ ਉਨ੍ਹਾਂ ਨੂੰ ਦਿੱਤਾ ਜਾਵੇ।

ਇਹ ਵੀ ਪਤਾ ਲੱਗਾ ਹੈ ਕਿ ਉਕਤ ਚਿੱਠੀ ਦਾ ਉਤਾਰਾ ਦਰਜਨ ਦੇ ਕਰੀਬ ਦਰਜਾ-ਬ-ਦਰਜਾ ਸੀਨੀਅਰ ਆਗੂਆਂ ਨੂੰ ਵੀ ਭੇਜਿਆ ਗਿਆ ਹੈ। ਦੱਸਣਯੋਗ ਹੈ ਕਿ ਡਾ. ਬਖਸ਼ੀਸ਼ ਸਿੰਘ ਹਲਕੇ ਅੰਦਰ ਸੀਨੀਅਰ ਆਗੂ ਵਜੋਂ ਵਿਚਰ ਰਹੇ ਹਨ। ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਪਾਰਟੀ ਵੱਲੋਂ ਜੋ ਵੀ ਫ਼ੈਸਲਾ ਆਉਂਦਾ ਹੈ ਉਹ ਉਸ ’ਤੇ ਫੁੱਲ ਚੜ੍ਹਾਉਣਗੇ ਅਤੇ ਹਮੇਸ਼ਾਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ।