–ਪ੍ਰਸ਼ਾਸਨ ਇਸਦਾ ਜਲਦੀ ਹੱਲ ਕਰਕੇ ਪਬਲਿਕ ਨੂੰ ਨਿਜਾਤ ਦਿਵਾਏ -ਡਾ.ਸਿੰਗਲਾਂ
ਮਾਨਸਾ 3 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆ ਸ਼ਹਿਰ ਦੀਆਂ ਵੱਖ ਵੱਖ ਸਮੱਸਿਆਵਾਂ ਦੇ ਹੱਲ ਲਈ ਤਤਪਰ ਸਮਾਜਿਕ ਸੰਸਥਾ ਵੁਆਇਸ ਆਫ ਮਾਨਸਾ ਵੱਲੋਂ ਬੀਤੇ ਦਿਨੀਂ ਜਿੱਥੇ ਮਾਨਸਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਦੇ ਵਿੱਚ ਥਾਂ ਥਾਂ ਤੇ ਪਏ ਟੋਇਆਂ ਦੀ ਫੌਰਨ ਮੁਰੰਮਤ ਕੀਤੇ ਜਾਣ ਦੀ ਮੰਗ ਕੀਤੀ ਸੀ, ਉੱਥੇ ਨਾਲ ਹੀ ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦੀ ਅਗਵਾਈ ਵਿੱਚ ਮੈਂਬਰਾਂ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਸੜਕਾਂ ‘ਤੇ ਪਏ ਟੋਇਆਂ ਦੇ ਆਲੇ ਦੁਆਲੇ ਸਫੈਦ ਚੂਨਾ ਪਾ ਕੇ ਉਹਨਾਂ ਦੀ ਮਿਣਤੀ ਕੀਤੀ ਜਾ ਰਹੀ ਹੈ। ਇਸ ਪਹਿਲ ਨਾਲ ਆਮ ਲੋਕ ਵੀ ਇਹਨਾਂ ਟੋਇਆਂ ਨੂੰ ਭਰਨ ਦੀ ਮੰਗ ਕਰਨ ਲੱਗੇ ਹਨ। ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਚੇਅਰਮੈਨ ਨਰਿੰਦਰ ਸਿੰਘਲ ਨੇ ਦੱਸਿਆ ਕੇ ਸ਼ਹਿਰ ਦੇ ਅੰਦਰ ਰੇਲਵੇ ਫਾਟਕ, ਕਚਿਹਰੀ ਰੋਡ, ਗ੍ਰੀਨ ਵੈਲੀ ਰੋਡ ਅਤੇ ਰੇਲਵੇ ਅੰਡਰ ਬ੍ਰਿਜ ਦੇ ਆਲੇ ਦੁਆਲੇ ਦੀਆਂ ਸੜਕਾਂ ਦਾ ਬੁਰਾ ਹਾਲ ਦੇਖ ਕੇ ਪ੍ਰਸ਼ਾਸ਼ਨ ਵੱਲੋਂ ਹੁਣ ਤੱਕ ਵਰਤੀ ਜਾ ਰਹੀ ਅਣਗਿਹਲੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਮੁਹਿੰਮ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਪ੍ਰਦਰਸ਼ਨ ਕਰਨ ਲਈ ਸ਼ੁਰੂ ਕੀਤੀ ਗਈ ਹੈ। ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਅਨਾਜ਼ ਮੰਡੀ ਤੋਂ ਲੈ ਕੇ ਗ੍ਰੀਨ ਵੈਲੀ ਰੋਡ ਅਤੇ ਐਫ. ਸੀ. ਆਈ. ਦਫਤਰ ਅੱਗੋ ਸ਼ਹਿਰ ਵਿੱਚ ਆਉਦੀਆਂ ਮੁੱਖ ਸੜਕਾਂ ਵਿੱਚ ਬਹੁਤ ਜਗ੍ਹਾ ‘ਤੇ ਟੋਏ ਪਏ ਹਨ, ਜੋ ਸੀਨੀਅਰ ਸਿਟੀਜ਼ਨਾਂ ਅਤੇ ਸਕੂਲੀ ਬੱਚਿਆਂ ਲਈ ਵੱਡੀਆਂ ਮੁਸੀਬਤਾਂ ਪੈਦਾ ਕਰ ਰਹੇ ਹਨ। ਸੋਸ਼ਲਿਸਟ ਪਾਰਟੀ ਆਗੂ ਹਰਿੰਦਰ ਮਾਨਸ਼ਾਹੀਆ ਅਤੇ ਸੰਸਥਾਂ ਦੇ ਜਰਨਲ ਸਕੱਤਰ ਵਿਸ਼ਵਦੀਪ ਬਰਾੜ ਨੇ ਕਿਹਾ ਕਿ ਮਾਨਸਾ ਖੁਰਦ ਤੋਂ ਲੈ ਕੇ ਕਚਿਹਰੀਆਂ ਤੱਕ ਜਾਂਦੀ ਵੀ.ਆਈ.ਪੀ. ਰੋਡ ਦਾ ਵੀ ਬੁਰਾ ਹਾਲ ਹੈ ਅਤੇ ਚਕੇਰੀਆਂ ਫਾਟਕ ਸਮੇਤ ਨਹਿਰੀ ਸੂਏ ਦੇ ਨਾਲ ਨਾਲ ਜਾਂਦੀ ਸੜਕ ਦਾ ਵੀ ਬਹੁਤ ਬੁਰਾ ਹਾਲ ਹੈ। ਸੰਸਥਾਂ ਦੇ ਮੈਂਬਰ ਅਤੇ ਰੰਗਕਰਮੀ ਰਾਜ ਜੋਸ਼ੀ ਨੇ ਇਸ ਮੌਕੇ ਰੇਲਵੇ ਫਾਟਕ ਤੇ ਇੱਕ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਜਾਗਰੂਕ ਕਰਦਿਆ ਇਸ ਮਾੜੇ ਪ੍ਰਬੰਧ ‘ਤੇ ਤੰਜ ਕਸਿਆ। ਬਿਕਰਮਜੀਤ ਸਿੰਘ ਟੈਕਸਲਾ ਨੇ ਇਸ ਮੌਕੇ ਕਿਹਾ ਕਿ ਸੜਕਾਂ ਦੀ ਮੁਰੰਮਤ ਹੋਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਸ਼ਹਿਰ ਵਿਚਲੇ ਵਪਾਰ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਦੋ ਦਿਨ ਲਗਾਤਾਰ ਚੱਲੀ ਇਸ ਮੁਹਿੰਮ ਤਹਿਤ ਸ਼ਹਿਰ ਵਿਚਲੀਆਂ ਮੁੱਖ ਸੜਕਾਂ ਦੇ ਸਾਰੇ ਟੋਇਆਂ ਦੇ ਆਲੇ ਦੁਆਲੇ ਚੂਨਾ ਪਾਏ ਜਾਣ ਨਾਲ ਇਸ ਬਾਰੇ ਲੋਕਾਂ ਵਿੱਚ ਚਰਚਾ ਹੋਣੀ ਸ਼ੁਰੂ ਹੋ ਗਈ ਹੈ ਅਤੇ ਲੋਕ ਆਪੋ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਮੱਸਿਆ ਨੂੰ ਉਜਾਗਰ ਕਰਨ ਲੱਗੇ ਹਨ। ਡਾ. ਜਨਕ ਰਾਜ ਸਿੰਗਲਾ ਨੇ ਉਮੀਦ ਜਿਤਾਈ ਹੈ ਕਿ ਪ੍ਰਸ਼ਾਸਨ ਵੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਕੇ ਇਸ ਦੇ ਹੱਲ ਲਈ ਕੋਈ ਕਾਰਵਾਈ ਜਲਦੀ ਕਰੇਗਾ।