ਸਮਰਾਲਾ ਪੁਲਿਸ ਵੱਲੋਂ ਜੀਪ ਵਿੱਚ ਸੇਬਾਂ ਦੀਆਂ ਪੇਟੀਆਂ ਹੇਠਾਂ ਲੁਕੋਈ 2 ਕੁਇੰਟਲ ਚੂਰਾ ਪੋਸਤ ਬਰਾਮਦ /ਨਸ਼ਾ ਤਸਕਰ ਕਾਬੂ
ਸਮਰਾਲਾ 28 ਸਤੰਬਰ ਪਰਮਿੰਦਰ ਵਰਮਾ
ਸਮਰਾਲਾ ਪੁਲਸ ਅਤੇ ਸੀ.ਆਈ.ਏ. ਸਟਾਫ਼ ਖੰਨਾ ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਨਸ਼ਾ ਸਪਲਾਈ ਦੇ ਇੱਕ ਵੱਡੇ ਨੈਟਵਰਕ ਨੂੰ ਤੋੜਿਆ ਜਿਸ ਤਹਿਤ ਸੇਬਾਂ ਦੀਆਂ ਪੇਟੀਆਂ ਹੇਠਾਂ ਤੋਂ 2 ਕੁਇੰਟਲ ਚੂਰਾ ਪੋਸਤ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਅਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੀ ਪਹਿਚਾਣ ਮੁਹੰਮਦ ਅਲੀ ਵਾਸੀ ਚੰਭਾ ਵਜੋਂ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਖੰਨਾ ਦੀ ਟੀਮ ਅਤੇ ਸਮਰਾਲਾ ਪੁਲਸ ਵਲੋਂ ਪੁਲਸ ਜ਼ਿਲਾ ਖੰਨਾ ਦੇ ਐੱਸ.ਐੱਸ.ਪੀ. ਅਸ਼ਵਨੀ ਗੋਟਿਆਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਿਆਂ ਖਿਲਾਫ਼ ਮੁਹਿੰਮ ਵਿੱਢੀ ਹੈ ਜਿਸ ਤਹਿਤ ਮਾਛੀਵਾਡ਼ਾ-ਸਮਰਾਲਾ ਰੋਡ ’ਤੇ ਪਿੰਡ ਊਰਨਾ ਨੇਡ਼੍ਹੇ ਨਾਕਾਬੰਦੀ ਕਰ ਪਿਕਅਪ ਜੀਪ ਨੂੰ ਰੋਕਿਆ ਜਿਸ ਵਿਚ ਸੇਬ ਦੀਆਂ ਪੇਟੀਆਂ ਲੱਦੀਆਂ ਸਨ। ਜੀਪ ਦੀ ਤਲਾਸ਼ੀ ਦੌਰਾਨ ਸੇਬ ਦੀਆਂ ਪੇਟੀਆਂ ਹੇਠਾਂ 10 ਬੋਰੇ ਡੋਡਾ ਚੂਰਾ ਪੋਸਤ ਬਰਾਮਦ ਹੋਏ ਜਿਨ੍ਹਾਂ ਦਾ ਵਜ਼ਨ ਕਰੀਬ 1 ਕੁਇੰਟਲ 99 ਕਿਲੋ ਬਣਦਾ ਹੈ। ਇਸ ਜੀਪ ਦਾ ਚਾਲਕ ਮੁਹੰਮਦ ਅਲੀ ਹਿਮਾਚਲ ਪ੍ਰਦੇਸ਼ ਤੋਂ ਨਸ਼ੀਲੇ ਪਦਾਰਥ ਲੈ ਕੇ ਪੰਜਾਬ ਵਿਚ ਨਸ਼ਾ ਸਪਲਾਈ ਕਰਦਾ ਸੀ। ਪੁਲਸ ਵਲੋਂ ਇਸ ਖਿਲਾਫ਼ ਮੁਕੱਦਮਾ ਦਰਜ ਕਰ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਇਸਨੇ ਇਹ ਨਸ਼ਾ ਪੰਜਾਬ ਵਿਚ ਕਿੱਥੇ-ਕਿੱਥੇ ਸਪਲਾਈ ਕਰਨਾ ਸੀ। ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਕਿਹਾ ਕਿ ਸਮਰਾਲਾ ਪੁਲਸ ਨੂੰ ਇਹ ਵੱਡੀ ਸਫਲਤਾ ਮਿਲੀ ਹੈ ਕਿ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਨਸ਼ਾ ਸਪਲਾਈ ਦੇ ਇੱਕ ਨੈਟਵਰਕ ਨੂੰ ਤੋਡ਼ਿਆ ਗਿਆ ਹੈ।