ਨਵੀਂ ਦਿੱਲੀ: ਮੁੰਬਈ ਪੁਲਿਸ ਨੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਧੀ ਨੂੰ ਧਮਕੀ ਦੇਣ ਦੇ ਮਾਮਲੇ ਵਿਚ ਹੈਦਰਾਬਾਦ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿਛਲੇ ਦਿਨੀਂ ਵਿਰਾਟ ਕੋਹਲੀ ਨੂੰ ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਹੱਥੋਂ ਟੀਮ ਇੰਡੀਆ ਦੀ ਹਾਰ ਅਤੇ ਫਿਰ ਮੁਹੰਮਦ ਸ਼ਮੀ ਦਾ ਸਮਰਥਨ ਕਰਨ ਕਾਰਨ ਕਾਫੀ ਟ੍ਰੋਲ ਕੀਤਾ ਗਿਆ ਸੀ। ਹੱਦ ਤਾਂ ਉਦੋਂ ਹੋ ਗਈ ਜਦੋਂ ਟ੍ਰੋਲਰਜ਼ ਨੇ ਅਨੁਸ਼ਕਾ-ਵਿਰਾਟ ਦੀ 10 ਮਹੀਨੇ ਦੀ ਬੇਟੀ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਉਸ ਦਾ ਸ਼ੋਸ਼ਣ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੈਲੇਬਸ ਸਮੇਤ ਕਈ ਲੋਕਾਂ ਨੇ ਇਸ ‘ਤੇ ਇਤਰਾਜ਼ ਜਤਾਇਆ ਅਤੇ ਦਿੱਲੀ ਮਹਿਲਾ ਕਮਿਸ਼ਨ ਵੀ ਇਸ ਮਾਮਲੇ ‘ਚ ਸਰਗਰਮ ਹੋ ਗਿਆ।
ਇਸ ਦੇ ਨਾਲ ਹੀ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਮੁੰਬਈ ਪੁਲਿਸ ਨੇ ਵੀ ਇਸ ‘ਤੇ ਤੁਰੰਤ ਕਾਰਵਾਈ ਕੀਤੀ ਅਤੇ ਰਾਮਨਾਗੇਸ਼ ਨਾਮ ਦੇ ਵਿਅਕਤੀ ਨੂੰ ਹੈਦਰਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਨਿਊਜ਼ ਏਜੰਸੀ ਏਐਨਆਈ ਨੇ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮੁਤਾਬਕ ਰਾਮਨਾਗੇਸ਼ ਸਾਫਟਵੇਅਰ ਇੰਜੀਨੀਅਰ ਹੈ ਅਤੇ ਫੂਡ ਡਿਲੀਵਰੀ ਐਪ ‘ਚ ਕੰਮ ਕਰਦਾ ਹੈ। ਇਹ ਵਿਅਕਤੀ ਟਵਿੱਟਰ ‘ਤੇ @Criccrazyygirl ਨਾਮ ਦਾ ਟਵਿੱਟਰ ਅਕਾਊਂਟ ਚਲਾਉਂਦਾ ਹੈ ਜਿਸ ਨੂੰ ਹੁਣ ਡਿਲੀਟ ਕਰ ਦਿੱਤਾ ਗਿਆ ਹੈ। ਵਿਰਾਟ ਦੀ ਬੇਟੀ ਨੂੰ ਇਸ ਅਕਾਊਂਟ ਤੋਂ ਸ਼ੋਸ਼ਣ ਦੀ ਧਮਕੀ ਦਿੱਤੀ ਗਈ ਸੀ।
ਫਿਲਮ ਅਦਾਕਾਰ ਅਤੇ ਨਿਰਦੇਸ਼ਕ ਫਰਹਾਨ ਅਖ਼ਤਰ ਨੇ ਪੁਰਸ਼ ਨੂੰ ਗ੍ਰਿਫ਼ਤਾਰ ਕੀਤੇ ਜਾਣ ‘ਤੇ ਖੁਸ਼ੀ ਤਾਂ ਜ਼ਾਹਰ ਕੀਤੀ ਹੈ ਪਰ ਨਾਲ ਹੀ ਮਹਿਲਾ ਪੱਤਰਕਾਰਾਂ ਨੂੰ ਲੈ ਕੇ ਆਪਣੀ ਚਿੰਤਾ ਵੀ ਜ਼ਾਹਰ ਕੀਤੀ ਹੈ। ਫਰਹਾਨ ਨੇ ਆਪਣੇ ਟਵਿੱਟਰ ‘ਤੇ ਲਿਖਿਆ, ‘ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਮੁੰਬਈ ਪੁਲਿਸ ਉੱਥੇ ਪਹੁੰਚ ਗਈ ਹੈ ਅਤੇ ਲੜਕੀ ਨੂੰ ਬਦਸਲੂਕੀ ਕਰਨ ਦੀ ਧਮਕੀ ਦੇਣ ਵਾਲੇ ਘਟੀਆ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਮੈਨੂੰ ਉਮੀਦ ਹੈ ਕਿ ਮਹਿਲਾ ਪੱਤਰਕਾਰਾਂ ਲਈ ਵੀ ਅਜਿਹੀ ਹੀ ਕਾਰਵਾਈ ਕੀਤੀ ਜਾਵੇਗੀ, ਜਿਨ੍ਹਾਂ ਨੂੰ ਲਗਪਗ ਰੋਜ਼ਾਨਾ ਹੀ ਸ਼ੋਸ਼ਣ ਦੀਆਂ ਧਮਕੀਆਂ ਮਿਲਦੀਆਂ ਹਨ।