ਨਵੀਂ ਦਿੱਲੀ : ਭਾਰਤ ਤੋਂ ਲਗਭਗ 100 ਸਾਲ ਪਹਿਲਾਂ ਚੋਰੀ ਹੋਈ ਮਾਂ ਅੰਨਪੂਰਨਾ ਦੀ ਮੂਰਤੀ ਕੈਨੇਡਾ ਤੋਂ ਵਾਪਸ ਦਿੱਲੀ ਪਰਤ ਗਈ ਐ। 1913 ਵਿੱਚ ਕਾਸ਼ੀ ਦੇ ਇੱਕ ਘਾਟ ’ਚੋਂ ਚੋਰੀ ਹੋਈ ਇਸ ਮੂਰਤੀ ਨੂੰ ਹੁਣ 15 ਨਵੰਬਰ ਨੂੰ ਕਾਸ਼ੀ ਵਿਸ਼ਵ ਨਾਥ ਮੰਦਿਰ ਵਿੱਚ ਸਥਾਪਤ ਕੀਤਾ ਜਾਵੇਗਾ। ਮੂਰਤੀ ਦੇ ਕੈਨੇਡਾ ਤੋਂ ਦਿੱਲੀ ਪੁੱਜਣ ’ਤੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਅਤੇ ਮਿਨਾਕਸ਼ੀ ਲੇਖੀ ਨੇ ਮਾਂ ਅੰਨਪੂਰਨਾ ਦੀ ਪੂਜਾ ਕੀਤੀ।
ਇਸ ਮੂਰਤੀ ’ਚ ਮਾਂ ਅੰਨਪੂਰਨਾ ਦੇ ਇੱਕ ਹੱਥ ਵਿੱਚ ਖੀਰ ਦੀ ਕਟੋਰੀ ਅਤੇ ਦੂਜੇ ਹੱਥ ਵਿੱਚ ਚੱਮਚ ਦੇਖਿਆ ਜਾ ਸਕਦਾ ਹੈ। ਭਾਰਤ ਤੋਂ ਚੋਰੀ ਹੋਈ ਇਹ ਮੂਰਤੀ ਕੈਨੇਡਾ ਦੀ ਮੈਕੇਂਜੀ ਆਰਟ ਗੈਲਰੀ ਵਿੱਚ ਰੇਜਿਨਾ ਯੂਨੀਵਰਸਿਟੀ ਦੀ ਲਾਇਬਰੇਰੀ ਦਾ ਹਿੱਸਾ ਸੀ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਇਸ ਸਾਲ ਕੈਨੇਡਾ ਦੀ ਇਸ ਗੈਲਰੀ ਵਿੱਚ ਇੱਕ ਆਗਾਮੀ ਪ੍ਰਦਰਸ਼ਨੀ ਦੀ ਤਿਆਰੀ ਚੱਲ ਰਹੀ ਸੀ। ਇਸੇ ਦੌਰਾਨ ਕਲਾਕਾਰ ਦਿੱਵਿਆ ਮੇਹਰਾ ਨੇ ਇਸ ਨੂੰ ਪਛਾਣ ਲਿਆ।
ਉਨ੍ਹਾਂ ਨੇ ਇਹ ਮੁੱਦਾ ਚੁੱਕਿਆ ਅਤੇ ਸਰਕਾਰ ਨੂੰ ਇਸ ਸਬੰਧੀ ਜਾਣੂ ਕਰਵਾਇਆ। ਇਸ ਤੋਂ ਬਾਅਦ ਰੇਜਿਨਾ ਯੂਨੀਵਰਸਿਟੀ ਦੇ ਕਾਰਜਕਾਰੀ ਪ੍ਰਧਾਨ ਤੇ ਕੁਲਪਤੀ ਥੌਮਸ ਚੇਸ ਨੇ ਇਹ ਮੂਰਤੀ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆਂ ਨੂੰ ਸੌਂਪ ਦਿੱਤੀ ਤੇ ਹੁਣ ਇਹ ਮੂਰਤੀ ਦਿੱਲੀ ਪੁੱਜ ਚੁੱਕੀ ਹੈ। ਭਾਰਤ ਦੇ 18 ਜ਼ਿਲਿ੍ਹਆਂ ਦੇ ਭਗਤਾਂ ਨੂੰ ਇਸ ਮੂਰਤੀ ਦੇ ਦਰਸ਼ਨ ਕਰਵਾਉਣ ਮਗਰੋਂ 14 ਨਵੰਬਰ ਨੂੰ ਇਸ ਨੂੰ ਕਾਸ਼ੀ ਵਿਖੇ ਪਹੁੰਚਾਇਆ ਜਾਵੇਗਾ।