ਓਪਨਿੰਗ ਵੀਕੈਂਡ ‘ਚ 100 ਕਰੋੜ ਦੀ ਧਮਾਕੇਦਾਰ ਕਮਾਈ ਤੋਂ ਬਾਅਦ ਸੋਮਵਾਰ ਨੂੰ ਹੋਇਆ ਇਹ ਹਾਲ, ਜਾਣੋ 4 ਦਿਨਾਂ ਦੀ ਕੁੱਲ ਕਮਾਈ

ਨਵੀਂ ਦਿੱਲੀ: ਅਕਸ਼ੇ ਕੁਮਾਰ ਅਤੇ ਕੈਟਰੀਨਾ ਕੈਫ ਅਭਿਨੀਤ ਰੋਹਿਤ ਸ਼ੈੱਟੀ ਨਿਰਦੇਸ਼ਿਤ ਫਿਲਮ ਸੂਰਿਆਵੰਸ਼ੀ ਨੇ ਸ਼ੁਰੂਆਤੀ ਹਫ਼ਤੇ ਦੇ ਅੰਤ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਦੁਨੀਆ ਭਰ ਵਿਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਲਗਪਗ ਡੇਢ ਸਾਲ ਬਾਅਦ, ਕੋਈ ਵੀ ਫਿਲਮ ਬਾਕਸ ਆਫਿਸ ‘ਤੇ ਇਸ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਨਹੀਂ ਕਰ ਸਕੀ ਹੈ। ਇਸ ਨੂੰ ਲੈ ਕੇ ਵਪਾਰੀ ਕਾਫੀ ਉਤਸ਼ਾਹਿਤ ਹੈ। ਸ਼ੁਰੂਆਤੀ ਵੀਕੈਂਡ ਤੋਂ ਬਾਅਦ ਪਹਿਲੇ ਸੋਮਵਾਰ ਨੂੰ ਦੀਵਾਲੀ ਦੀਆਂ ਛੁੱਟੀਆਂ ਖ਼ਤਮ ਹੋਣ ਦੇ ਨਾਲ, ਸੂਰਿਆਵੰਸ਼ੀ ਦੇ ਅੰਕੜਿਆਂ ਵਿਚ ਗਿਰਾਵਟ ਆਈ, ਜੋ ਕਿ ਇਕ ਆਮ ਗੱਲ ਹੈ ਕਿਉਂਕਿ ਕੰਮਕਾਜੀ ਹਫ਼ਤੇ ਦੌਰਾਨ ਫਿਲਮਾਂ ਦਾ ਬਾਕਸ ਆਫਿਸ ਕਲੈਕਸ਼ਨ ਲਗਾਤਾਰ ਘਟਦਾ ਰਹਿੰਦਾ ਹੈ।

ਅਨੁਮਾਨਿਤ ਵਪਾਰਕ ਰਿਪੋਰਟਾਂ ਦੇ ਅਨੁਸਾਰ, ਸੂਰਿਆਵੰਸ਼ੀ ਨੇ ਪਹਿਲੇ ਸੋਮਵਾਰ ਅਤੇ ਰਿਲੀਜ਼ ਦੇ ਚੌਥੇ ਦਿਨ ਲਗਪਗ 12 ਕਰੋੜ ਰੁਪਏ ਇਕੱਠੇ ਕੀਤੇ। ਆਮ ਤੌਰ ‘ਤੇ, ਪਹਿਲੇ ਸੋਮਵਾਰ ਦੀ ਕਮਾਈ ਬਾਕਸ ਆਫਿਸ ‘ਤੇ ਕਿਸੇ ਫਿਲਮ ਦੇ ਅਗਲੇ ਸਫ਼ਰ ਦੀ ਦਿਸ਼ਾ ਨਿਰਧਾਰਤ ਕਰਦੀ ਹੈ। ਇਸ ਸੰਦਰਭ ‘ਚ ਐਤਵਾਰ ਦੇ ਮੁਕਾਬਲੇ ਸੂਰਿਆਵੰਸ਼ੀ ਦੇ ਕਲੈਕਸ਼ਨ ‘ਚ ਕਰੀਬ 56 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਆਮ ਗੱਲ ਹੈ। ਸੋਮਵਾਰ ਦੇ ਕਲੈਕਸ਼ਨ ਸਮੇਤ ਫਿਲਮ ਨੇ ਚਾਰ ਦਿਨਾਂ ‘ਚ ਘਰੇਲੂ ਬਾਕਸ ਆਫਿਸ ‘ਤੇ ਕਰੀਬ 90 ਕਰੋੜ ਦੀ ਕਮਾਈ ਕਰ ਲਈ ਹੈ। ਮੰਗਲਵਾਰ ਯਾਨੀ ਅੱਜ ਫਿਲਮ ਘਰੇਲੂ ਬਾਕਸ ਆਫਿਸ ‘ਤੇ ਵੀ 100 ਕਰੋੜ ਦਾ ਅੰਕੜਾ ਪਾਰ ਕਰ ਸਕਦੀ ਹੈ।

ਓਪਨਿੰਗ ਵੀਕੈਂਡ ‘ਚ ਦੁਨੀਆ ਭਰ ‘ਚ ਕਮਾਏ 100 ਕਰੋੜ

ਸੂਰਿਆਵੰਸ਼ੀ ਦੀਵਾਲੀ ਤੋਂ ਇਕ ਦਿਨ ਬਾਅਦ 5 ਨਵੰਬਰ (ਸ਼ੁੱਕਰਵਾਰ) ਨੂੰ ਸਿਨੇਮਾਘਰਾਂ ਵਿਚ ਲਗਪਗ 3500 ਸਕ੍ਰੀਨਜ਼ ‘ਤੇ ਰਿਲੀਜ਼ ਕੀਤਾ ਗਿਆ ਸੀ। ਫਿਲਮ ਨੇ 26.29 ਕਰੋੜ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਦੂਜੇ ਦਿਨ ਸ਼ਨੀਵਾਰ ਨੂੰ 23.85 ਕਰੋੜ ਦੇ ਨਾਲ 50.14 ਕਰੋੜ ਦਾ ਕਾਰੋਬਾਰ ਕੀਤਾ। ਓਪਨਿੰਗ ਵੀਕੈਂਡ ਦੇ ਤੀਜੇ ਦਿਨ ਯਾਨੀ ਐਤਵਾਰ ਨੂੰ, ਫਿਲਮ ਨੇ 26.94 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕੀਤਾ, ਜਿਸ ਨਾਲ ਘਰੇਲੂ ਬਾਕਸ ਆਫਿਸ ‘ਤੇ ਸੂਰਿਆਵੰਸ਼ੀ ਦੇ ਓਪਨਿੰਗ ਵੀਕੈਂਡ ਦਾ ਕਲੈਕਸ਼ਨ 77.08 ਕਰੋੜ ਹੋ ਗਿਆ।

ਇਸ ਦੇ ਨਾਲ ਹੀ ਓਵਰਸੀਜ਼ (ਅਮਰੀਕਾ, ਕੈਨੇਡਾ, ਯੂ.ਏ.ਈ., ਆਸਟ੍ਰੇਲੀਆ, ਯੂ.ਕੇ. ਅਤੇ ਜੀ.ਸੀ.ਸੀ.) ਵਿਚ ਫਿਲਮ ਨੇ ਪਹਿਲੇ ਦਿਨ 8.10 ਕਰੋੜ, ਦੂਜੇ ਦਿਨ 8.58 ਕਰੋੜ ਅਤੇ ਤੀਜੇ ਦਿਨ 7.90 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ। ਤਿੰਨ ਦਿਨਾਂ ਵਿਚ 24.58 ਕਰੋੜ ਸੂਰਿਆਵੰਸ਼ੀ ਦਾ ਵਿਸ਼ਵਵਿਆਪੀ ਕਲੈਕਸ਼ਨ 101.66 ਕਰੋੜ ਹੋ ਗਿਆ ਹੈ ਜਿਸ ਵਿਚ ਰਿਲੀਜ਼ ਦੇ ਤਿੰਨ ਦਿਨਾਂ ਵਿੱਚ ਘਰੇਲੂ ਅਤੇ ਵਿਦੇਸ਼ੀ ਕਲੈਕਸ਼ਨ ਸ਼ਾਮਲ ਹਨ।