ਕੇਂਦਰ ਸਰਕਾਰ ਦੇਸ਼ ਦੇ ਲੋਕਾਂ ਦੀ ਸਿਹਤ ਸੁਵਿਧਾਵਾਂ ਲਈ ਵਚਨਬੱਧ : ਕੇਵਲ ਢਿੱਲੋਂ
ਬਰਨਾਲਾ,12 ਸਤੰਬਰ//ਕਰਨਪ੍ਰੀਤ ਕਰਨ/ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਾਡੇ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਇਹ ਪ੍ਰਗਟਾਵਾ ਭਾਜਪਾ ਦੇ ਸੂਬਾ ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ ਨੇ ਹਾਲ ਹੀ ਵਿੱਚ ਕੇਂਦਰ ਸਰਕਾਰ ਵਲੋਂ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 70 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ 5 ਲੱਖ ਰੁਪਏ ਸਾਲਾਨਾ ਸਿਹਤ ਲਾਭ ਦੇਣ ਦਾ ਸਵਾਗਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਇਸ ਫ਼ੈਸਲੇ ਨਾਲ ਬਾਅਦ ਬਜ਼ੁਰਗ ਨਾਗਰਿਕਾਂ ਨੂੰ ਬਿਨਾ ਕਿਸੇ ਵਿੱਤੀ ਬੋਝ ਦੇ ਲਾਜ਼ਮੀ ਮੁਫ਼ਤ ਸਿਹਤ ਇਲਾਜ ਸਹੂਲਤ ਮਿਲੇਗੀ। ਇਹ ਫੈਸਲਾ ਸਾਡੇ ਬਜ਼ੁਰਗਾਂ ਲਈ ਇੱਕ ਵੱਡਾ ਕਦਮ ਹੈ, ਕਿਉਂਕਿ ਉਮਰ ਦੇ ਨਾਲ-ਨਾਲ ਸਿਹਤ ਸੰਬੰਧੀ ਚੁਣੌਤੀਆਂ ਵੱਧਦੀਆਂ ਹਨ। ਹੁਣ ਇਸ ਸਕੀਮ ਦੇ ਤਹਿਤ 5 ਲੱਖ ਰੁਪਏ ਦੀ ਸਾਲਾਨਾ ਕਵਰੇਜ ਵਿੱਚ ਹਸਪਤਾਲ ਦਾਖ਼ਲਾ, ਸਰਜਰੀ, ਗੰਭੀਰ ਇਲਾਜ ਅਤੇ ਇਲਾਜ ਮਗਰੋਂ ਦੇ ਫਾਲੋਅਪ ਵੀ ਸ਼ਾਮਲ ਹਨ। ਇਹ ਸਾਰੇ ਖਰਚੇ ਸਰਕਾਰ ਵੱਲੋਂ ਪੂਰੇ ਕੀਤੇ ਜਾਣਗੇ।ਆਯੁਸ਼ਮਾਨ ਭਾਰਤ ਯੋਜਨਾ ਨੇ ਭਾਰਤ ਵਿੱਚ ਕਰੋੜਾਂ ਪਰਿਵਾਰਾਂ ਲਈ ਜੀਵਨ-ਰੇਖਾ ਵਜੋਂ ਕੰਮ ਕੀਤਾ ਹੈ ਅਤੇ ਹੁਣ ਇਸ ਐਲਾਨ ਨਾਲ ਸਾਡੇ ਬਜ਼ੁਰਗਾਂ ਲਈ ਹੋਰ ਵੀ ਵੱਡੀ ਸਹੂਲਤ ਮਿਲੇਗੀ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਸਰਕਾਰ ਦਾ ਇਹ ਵਚਨ ਹੈ ਕਿ ਉਹ ਹਰ ਨਾਗਰਿਕ ਲਈ ਇੱਕ ਮਜ਼ਬੂਤ ਅਤੇ ਸੁਰੱਖਿਅਤ ਸਿਹਤ ਸਿਸਟਮ ਖੜ੍ਹਾ ਕਰੇਗੀ, ਖਾਸ ਤੌਰ ’ਤੇ ਉਹਨਾਂ ਲਈ ਜੋ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਹਨ। ਹੁਣ ਬਜ਼ੁਰਗ ਨਾਗਰਿਕਾਂ ਨੂੰ ਮਹਿੰਗੇ ਇਲਾਜ ਦੀ ਚਿੰਤਾ ਨਹੀਂ ਰਹੇਗੀ, ਕਿਉਂਕਿ ਸਕੀਮ ਦੇ ਤਹਿਤ ਇਲਾਜ ਦਾ ਸਾਰਾ ਖਰਚਾ ਕਵਰ ਕੀਤਾ ਜਾਵੇਗਾ, ਜਿਸ ਨਾਲ ਉਹਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਿਹਤਮੰਦ ਰਹਿਣ ’ਤੇ ਧਿਆਨ ਕੇਂਦਰਿਤ ਕਰਨ ਦਾ ਮੌਕਾ ਮਿਲੇਗਾ। ਉਹਨਾਂ ਪੰਜਾਬ ਦੇ ਸਾਰੇ ਯੋਗ ਬਜ਼ੁਰਗ ਨਾਗਰਿਕਾਂ ਨੂੰ ਇਸ ਲਾਭ ਦਾ ਪੂਰਾ ਫ਼ਾਇਦਾ ਚੁੱਕਣ ਦੀ ਅਪੀਲ ਕੀਤੀ।