ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੱਲ ਰਹੇ ਸ਼ਤਾਬਦੀ ਸਮਾਗਮਾਂ ਤਹਿਤ ਗੁਰੂ ਨਾਨਕ ਕਾਲਜ ਬੁਢਲਾਡਾ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਸਾਡੇ 450 ਸਾਲਾਂ ਗੁਰਿਆਈ ਦਿਵਸ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ-ਜੋਤਿ ਦਿਵਸ ਨੂੰ ਸਮਰਪਿਤ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਗੁਰਮਤਿ ਚੇਤਨਾ ਮਾਰਚ ਕੱਢਿਆ ਗਿਆ।ਇਸ ਮੌਕੇ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪ੍ਰਿੰਸੀਪਲ ਡਾਕਟਰ ਨਰਿੰਦਰ ਸਿੰਘ ਕਾਲਰਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੰਬਰ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮਾਰਚ ਸਵੇਰੇ ਕਰੀਬ 10:15 ਵਜੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵੀਨ ਬੁਢਲਾਡਾ,ਮਾਤਾ ਗੁਜਰੀ ਜੀ ਭਲਾਈ ਕੇਂਦਰ,ਰਜਿ:ਬੁਢਲਾਡਾ, ਪਿੰਡ ਕਲੀਪੁਰ,ਕੁਲਾਣਾ,ਦਰਿਆਪੁਰ ਕਲਾਂ, ਦਾਤੇਵਾਸ,ਰੱਲੀ ਅਤੇ ਬੱਛੋਆਣਾ ਤੋਂ ਹੁੰਦਾ ਹੋਇਆ ਸ਼ਾਮ ਕਰੀਬ 5:30 ਵਜੇ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਪਰਤਿਆ। ਉਨ੍ਹਾਂ ਕਿਹਾ ਕਿ ਇਸ ਗੁਰਮਤਿ ਚੇਤਨਾ ਮਾਰਚ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਗੁਰਬਾਣੀ ਕੀਰਤਨ ਅਤੇ ਗੁਰਸਿੱਖੀ ਨਾਲ ਜੋੜਨਾ ਹੈ। ਉਨ੍ਹਾਂ ਨੌਜਵਾਨਾਂ ਨੂੰ ਵਿਦਿਆ ਦੇ ਪਸਾਰ ਤੋਂ ਇਲਾਵਾ ਸਿੱਖੀ ਵਿਰਸੇ ਤੇ ਸੱਭਿਆਚਾਰ ਨਾਲ ਜੁੜਨ,ਨਾਮ ਸਿਮਰਨ, ਗੁਰਬਾਣੀ ਕੀਰਤਨ ਬਾਣੀ ਵਾਣੇ ਦੇ ਧਾਰਨੀ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘ ਸੱਜਣ,ਕਿਰਤ ਕਰਨ ਅਤੇ ਵੰਡ ਕੇ ਛਕਣ ਦਾ ਸੰਦੇਸ਼ ਦਿੱਤਾ। ਉਹਨਾਂ ਕਿਹਾ ਕਿ ਗੁਰਮਤਿ ਚੇਤਨਾ ਮਾਰਚ ਵਿੱਚ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਕਰੀਬ 500 ਵਿਦਿਆਰਥੀਆਂ ਨੇ ਹਿੱਸਾ ਲਿਆ।ਜਿਸ ਵਿੱਚ ਉਨ੍ਹਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਟ੍ਰੈਕਟਰਾਂ ਅਤੇ ਟਰਾਲੀਆਂ ਆਦਿ ਅਤੇ ਸਿੱਖੀ ਰਹਿਤ ਮਰਿਆਦਾ ਵਿੱਚ ਰਹਿ ਕੇ ਗੁਰਮਤਿ ਚੇਤਨਾ ਮਾਰਚ ਕੱਢਿਆ।ਇਸ ਮੌਕੇ ਉਨ੍ਹਾਂ ਵੱਲੋਂ ਸਮੂਹ ਐਸ.ਜੀ.ਪੀ.ਸੀ. ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧਕਾਂ ਅਤੇ ਕਾਲਜ ਦੇ ਵਿਦਿਆਰਥੀਆਂ ਦੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਐਸ.ਜੀ.ਪੀ.ਸੀ. ਮੈਂਬਰ ਬਾਬਾ ਬੂਟਾ ਸਿੰਘ ਗੁਰਥਰੀ ਵਾਲੇ, ਸਮੂਹ ਕਾਲਜ ਸਟਾਫ਼ ਅਤੇ ਪਿੰਡਾਂ-ਸ਼ਹਿਰਾਂ ਦੇ ਇਲਾਕਾ ਨਿਵਾਸੀ ਆਦਿ ਹਾਜ਼ਰ ਸਨ।