ਬੱਚਿਆਂ ਦਾ 16 ਮਾਰਚ ਵਾਲਾ ਸਾਲਾਨਾ ਸਮਾਗਮ ਰੱਦ
ਕੈਲਗਰੀ-ਪੰਜਾਬੀ ਲਿਖਾਰੀ ਸਭਾ ਕੈਲਗਰੀ, ਕੈਨੇਡਾ ਦੀ ਇਕੱਤਰਤਾ ਕੌਂਸਲ ਆਫ ਸਿੱਖ ਆਰਗੇਨਾਈਜੇਸ਼ਨ ਦੇ ਹਾਲ (ਕੋਸੋ ਹਾਲ) ਵਿੱਚ ਹੋਈ। ਸਟੇਜ ਸੰਚਾਲਕ ਦੀ ਜੁੰਮੇਵਾਰੀ ਨਿਭਾਉਂਦਿਆਂ ਬਲਜਿੰਦਰ ਸੰਘਾ ਨੇ ਸਭਾ ਦੇ ਪ੍ਰਧਾਨ ਬਲਵੀਰ ਸਿੰਘ ਗੋਰਾ ਅਤੇ ਤਰਲੋਚਨ ਸਿੰਘ ਸੈਂਹਿਭੀ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਬਲਜਿੰਦਰ ਸੰਘਾ ਨੇ ਪ੍ਰਸਿੱਧ ਕਹਾਣੀਕਾਰ ਸੁਖਜੀਤ ਦੇ ਅਚਾਨਕ ਅਕਾਲ ਚਲਾਣੇ ਤੇ ਸਭਾ ਵੱਲੋਂ ਸ਼ਰਧਾਜਲੀ ਭੇਂਟ ਕੀਤੀ| ਉਨਾਂ ਦੀਆਂ ਦੋ ਕਿਤਾਬਾਂ ‘ਮੈ ਜੈਸਾ ਹੂੰ…ਮੈ ਵੈਸਾ ਕਿੳਂ ਹੂੰ !’ ਅਤੇ ‘ਮੈਂ ਅਯਨਘੋਸ਼ ਨਹੀਂ’ ਦਾ ਹਵਾਲਾ ਦਿੰਦਿਆਂ ਉਹਨਾਂ ਦੀ ਲੇਖਣੀ ਬਾਰੇ ਗੱਲ ਕੀਤੀ। ਕਹਾਣੀਕਾਰ ਦਵਿੰਦਰ ਮਲਹਾਂਸ ਨੇ ਸੁਖਜੀਤ ਹੁਰਾਂ ਨਾਲ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਉਨਾਂ ਦੇ ਜਨਮ, ਲਿਖਣ ਕਲਾ ਦੀ ਗੱਲ ਕਰਦਿਆਂ ਪਹਿਲੀ ਕਿਤਾਬ ‘ਰੰਗਾਂ ਦਾ ਮਨੋ ਵਿਗਿਆਨ’ ਤੋਂ ਬਾਅਦ ਪਹਿਲਾ ਕਹਾਣੀ ਸੰਗ੍ਰਹਿ ‘ਅੰਤਰਾ’ ਅਤੇ ‘ਮੈਂ ਅਯਨਘੋਸ਼ ਨਹੀਂ’ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਮਿਲੇ ਪੁਰਸਕਾਰ ਤੱਕ ਸਫਰ ਦੀ ਗੱਲ ਕੀਤੀ।ਸਭਾ ਦੇ ਪ੍ਰਧਾਨ ਬਲਵੀਰ ਸਿੰਘ ਗੋਰਾ ਨੇ ਜਾਣਕਾਰੀ ਦਿੱਤੀ ਕਿ ਕੱੁਝ ਕਾਰਨਾਂ ਕਰਕੇ ਇਸ ਵਾਰ ਬੱਚਿਆਂ ਦੇ 16 ਮਾਰਚ 2024 ਦੇ ਸਾਲਾਨਾ ਸਮਾਗਮ ਦੀ ਮਿਤੀ ਅੱਗੇ ਪਾਈ ਗਈ ਹੈ। ਸਭਾ ਵੱਲੋਂ ਇਸ ਸਮਾਗਮ ਦੀ ਨਵੀਂ ਤਰੀਕ ਦੁਬਾਰਾ ਕਾਜਕਾਰਨੀ ਕਮੇਟੀ ਦੀ ਮੀਟਿੰਗ ਕਰਕੇ ਉਲੀਕੀ ਜਾਵੇਗੀ। ਜਸਵੰਤ ਸਿੰਘ ਔਜਲਾ ਨੇ ਭਾਰਤ ਵਿਚਲੇ ਕਿਸਾਨੀ ਸੰਘਰਸ਼ ਅਤੇ ਸਰਕਾਰਾਂ ਦੇ ਲਾਰਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਫਿਰ ਸੜਕਾਂ ਉੱਤੇ ਹਨ| ਪ੍ਰਸਾਸ਼ਨ ਵੱਲੋਂ ਅੰਨਦਾਤੇ ਨਾਲ ਜੋ ਦੁਰਵਿਆਹ ਕੀਤਾ ਜਾ ਰਿਹਾ ਹੈ ਉਹ ਮੰਦਭਾਗਾ ਹੈ।ਲੇਖਕ ਤਲਵਿੰਦਰ ਸਿੰਘ ਨੇ ਰਿਸ਼ਤਿਆਂ ਦੀ ਪਾਚੀਦਗੀ ਦੀ ਗੱਲ ਕਰਦਿਆਂ ਕਿਹਾ ਕਿ ਹਰ ਰਿਸ਼ਤੇ ਦੀ ਇਕ ਉਮਰ ਹੁੰਦੀ ਹੈ ਅਤੇ ਰਿਸ਼ਤੇ ਬਣਦੇ ਅਤੇ ਟੁੱਟਦੇ ਰਹਿੰਦੇ ਹਨ ਅਤੇ ਜੀਵਨ ਦੀ ਚਾਲ ਉੱਪਰ ਇਸ ਨਾਲ ਤਨਾਓ ਨਹੀਂ ਆਉਣਾ ਚਾਹੀਦਾ। ਰਚਨਾਵਾਂ ਦੇ ਦੌਰ ਦਾ ਆਰੰਭ ਮਨਮੋਹਨ ਸਿੰਘ ਬਾਠ ਨੇ ਗੀਤ ‘ਹੈ ਦੁਨੀਆਂ ਬਹਾਰ’ ਰਾਹੀਂ ਕੀਤਾ। ਗੁਰਦੀਸ਼ ਕੋਰ ਗਰੇਵਾਲ ਨੇ ਵੈਲਨਟਾਈਨ ਦੇ ਸਬੰਧ ਵਿਚ ਗੀਤ ਰਾਹੀਂ ਪਿਆਰ ਦੇ ਰਿਸ਼ਤਿਆਂ ਦੀ ਗੱਲ ਆਪਣੇ ਹਿਸਾਬ ਨਾਲ ਕਰਦਿਆਂ ਕਿਹਾ ਕਿ ਇਹ ਪਿਆਰ ਦੇ ਰਿਸ਼ਤੇ ਮਾਂ-ਬਾਪ, ਭੈਣ-ਭਰਾਵਾਂ ਦੇ ਵੀ ਹੁੰਦੇ ਹਨ। ਸਰਬਜੀਤ ਕੌਰ ਉੱਪਲ ਨੇ ਵੀ ਇਸੇ ਵਿਸ਼ੇ ਉੱਪਰ ਆਪਣੇ ਵਿਚਾਰ ਪੇਸ਼ ਕੀਤੇ। ਸੁਰਿੰਦਰ ਗੀਤ ਨੇ ਪ੍ਰਸਿੱਧ ਅਦਾਕਾਰਾ ਨਿਰਮਲ ਰਿਸ਼ੀ ਨਾਲ ਬਿਤਾਏ ਪਲ ਅਤੇ ਉਨਾਂ ਨੂੰ ਮਿਲੇ ਪਦਮਸ਼੍ਰੀ ਪੁਰਸਕਾਰ ਦੀ ਗੱਲ ਕੀਤੀ ਅਤੇ ਕਵਿਤਾਵਾਂ ਨਾਲ ਹਾਜ਼ਰੀ ਲਵਾਈ। ਇੰਜਨੀਅਰ ਜੀਰ ਸਿੰਘ ਬਰਾੜ ਨੇ ਆਪਣੇ ਨੌਕਰੀ ਦੇ ਸਮੇਂ ਬਾਰੇ ਗੱਲ ਕਰਦਿਆਂ ਰੋਚਕ ਕਿੱਸੇ ਸਾਂਝੇ ਕੀਤੇ। ਤਰਲੋਚਨ ਸਿੰਘ ਸੈਂਹਿੰਭੀ ਨੇ ਪੰਜਾਬੀ ਬੋਲੀ ਦੇ ਭਵਿੱਖ ਬਾਰੇ ਵਿਚਾਰ ਚਰਚਾ ਕੀਤੀ ਅਤੇ ਗੀਤ ਨਾਲ ਭਰਪੂਰ ਹਾਜ਼ਰੀ ਲਵਾਈ। ਪਰਮਿੰਦਰ ਰਮਨ ‘ਢੁੱਡੀਕੇ’, ਸੁਖਵਿੰਦਰ ਤੂਰ, ਦਲਜੀਤ ਸਿੰਘ ਸਿੱਧੂ ਨੇ ਰਚਨਾਵਾਂ ਨਾਲ ਵਾਹ-ਵਾਹ ਖੱਟੀ। ਇਸ ਤੋਂ ਇਲਾਵਾ ਰਾਜਵਿੰਦਰ ਪਾਲ ਸਿੰਘ, ਕੁਲਵੰਤ ਕੌਰ ਹੋਰ ਹਾਜ਼ਰ ਸਨ।ਅਖੀਰ ਵਿੱਚ ਸਭਾ ਦੇ ਪ੍ਰਧਾਨ ਬਲਵੀਰ ਸਿੰਘ ਗੋਰਾ ਨੇ ਆਏ ਸਾਰਿਆ ਦਾ ਧੰਨਵਾਦ ਕੀਤਾ|