September 19, 2024

PUNJAB

INDIA NEWS

ਸਿੰਧੀਆ ਨੇ ਸ਼ੇਰਗਿੱਲ ਨੂੰ ਲਿੱਖੀ ਚਿੱਠੀ: ਆਦਮਪੁਰ ਤੋਂ ਦਿੱਲੀ, ਗੋਆ, ਜੈਪੁਰ ਅਤੇ ਕੋਲਕਾਤਾ ਲਈ ਉਡਾਣਾਂ ਜਲਦੀ ਸ਼ੁਰੂ ਹੋਣਗੀਆਂ

ਜਲੰਧਰ-ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੇ.ਐਮ. ਸਿੰਧੀਆ ਨਾਲ 16 ਜਨਵਰੀ, 2024 ਨੂੰ ਹੋਈ ਮੁਲਾਕਾਤ ਦੌਰਾਨ ਬੀਜੇਪੀ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਵੱਲੋਂ ਉਠਾਈ ਗਈ ਮੰਗ ਦੇ ਜਵਾਬ ਵਿੱਚ ਸਿੰਧੀਆ ਨੇ ਸ਼ੇਰਗਿੱਲ ਨੂੰ ਕਿਹਾ ਹੈ ਕਿ ਉਨ੍ਹਾਂ ਦੀ ਬੇਨਤੀ ‘ਤੇ ਵਿਚਾਰ ਕੀਤਾ ਗਿਆ ਹੈ ਅਤੇ ਆਦਮਪੁਰ ਤੋਂ ਵੱਖ-ਵੱਖ ਖੇਤਰਾਂ ਲਈ ਉਡਾਣਾਂ ਜਲਦੀ ਹੀ ਸ਼ੁਰੂ ਹੋ ਜਾਣਗੀਆਂ। ਇਸ ਸਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ, ਸ਼ੇਰਗਿੱਲ ਨੇ ਕਿਹਾ ਕਿ ਸਿੰਧੀਆ ਨੇ 26 ਜਨਵਰੀ, 2024 ਨੂੰ ਇਕ ਪੱਤਰ ਰਾਹੀਂ ਉਨ੍ਹਾਂ ਨੂੰ ਜਵਾਬ ਦਿੱਤਾ ਹੈ ਕਿ ਆਦਮਪੁਰ ਨੂੰ ਦਿੱਲੀ – ਐਨ.ਸੀ.ਆਰ., ਨਾਂਦੇੜ, ਬੰਗਲੌਰ, ਕੋਲਕਾਤਾ ਅਤੇ ਗੋਆ ਨਾਲ ਜੋੜਨ ਵਾਲੇ ਉਡਾਨ 5.0 ਦੇ ਤਹਿਤ ਰੂਟ ਚੁਣੀਆਂ ਗਈਆਂ ਏਅਰਲਾਈਨਾਂ ਨੂੰ ਸੌਂਪੇ ਗਏ ਹਨ। ਇਸ ਸਬੰਧੀ ਸਬੰਧਤ ਏਅਰਲਾਈਨਜ਼ ਆਉਣ ਵਾਲੇ ਸਮੇਂ ਵਿੱਚ ਸੰਚਾਲਨ ਸ਼ੁਰੂ ਕਰ ਸਕਦੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ, ਸ਼ੇਰਗਿੱਲ ਨੇ ਦੱਸਿਆ ਕਿ ਸਿੰਧੀਆ ਨਾਲ ਹੋਈ ਮੁਲਾਕਾਤ ਦੌਰਾਨ ਸਮੂਹ ਭਾਈਚਾਰਿਆਂ ਦੀ ਆਸਥਾ ਅਤੇ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਤੇ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਪਵਿੱਤਰ ਸਥਾਨ ਲਈ ਆਦਮਪੁਰ ਤੋਂ ਬਨਾਰਸ ਵਾਸਤੇ ਸਿੱਧੀ ਹਵਾਈ ਉਡਾਣ ਸ਼ੁਰੂ ਕਰਨ ਦੀ ਮੰਗ ਵਾਲਾ ਪੱਤਰ ਮੰਤਰੀ ਨੂੰ ਸੌਂਪਿਆ ਗਿਆ। ਸ਼ੇਰਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਆਦਮਪੁਰ ਤੋਂ ਦਿੱਲੀ ਲਈ ਉਡਾਣਾਂ ਮੁੜ ਸ਼ੁਰੂ ਕਰਨ ਦੀ ਬੇਨਤੀ ਵੀ ਕੀਤੀ ਸੀ। ਸ਼ੇਰਗਿੱਲ ਨੇ ਕਿਹਾ ਕਿ ਇਸ ‘ਤੇ ਵੀ ਸਿੰਧੀਆ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਬੇਨਤੀ ਨੂੰ ਅਨੁਕੂਲ ਵਿਚਾਰ ਲਈ ਸਾਰੀਆਂ ਨਿਰਧਾਰਤ ਘਰੇਲੂ ਏਅਰਲਾਈਨਾਂ ਨਾਲ ਸਾਂਝਾ ਕੀਤਾ ਗਿਆ ਹੈ। ਸ਼ੇਰਗਿੱਲ ਨੇ ਕਿਹਾ ਕਿ ਇਹ ਇੱਕ ਸਕਾਰਾਤਮਕ ਖ਼ਬਰ ਹੈ, ਕਿਉਂਕਿ ਆਦਮਪੁਰ (ਜਲੰਧਰ) ਅਤੇ ਹਲਵਾਰਾ (ਲੁਧਿਆਣਾ) ਤੋਂ ਹਵਾਈ ਸੰਪਰਕ ਨਾ ਸਿਰਫ਼ ਪੰਜਾਬ ਦੀ ਕੁਨੈਕਟੀਵਿਟੀ ਵਿੱਚ ਸੁਧਾਰ ਕਰੇਗਾ, ਬਲਕਿ ਆਰਥਿਕਤਾ, ਸੈਰ-ਸਪਾਟਾ ਅਤੇ ਵਪਾਰ ਨੂੰ ਵੀ ਹੁਲਾਰਾ ਦੇਵੇਗਾ। ਸ਼ੇਰਗਿੱਲ ਨੇ ਉਨ੍ਹਾਂ ਦੀਆਂ ਮੰਗਾਂ ‘ਤੇ ਸਕਾਰਾਤਮਕ ਵਿਚਾਰ ਕਰਨ ਲਈ ਸਿੰਧੀਆ ਦਾ ਧੰਨਵਾਦ ਕੀਤਾ ਹੈ।