ਕੈਲਗਰੀ-ਖਾਲਸਾ ਪੰਥ ਦੇ ਸਿਰਜਕ ਗੁਰੂ ਗੋਬਿੰਦ ਸਿੰਘ ਜੀ ਦੀ ਦੂਰਦਰਸ਼ਤਾ ਅਤੇ ਮਨੋਵਿਗਿਆਨਕ ਸੋਚ’ ਵਿਸ਼ੇ ਤੇ ਅਧਾਰਤ ਕੈਲਗਰੀ ਲੇਖਕ ਸਭਾ ਦੀ ਮੀਟਿੰਗ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਤ ਕੀਤੀ ਗਈ।ਜਿਸ ਦੀ ਪ੍ਰਧਾਨਗੀ ਪ੍ਰਧਾਨ ਜਸਵੀਰ ਸਿੰਘ ਸਿਹੋਤਾ ਅਤੇ ਡਾ: ਸੁਰਜੀਤ ਸਿੰਘ ਭੱਟੀ ਵੱਲੋ ਕੀਤੀ ਗਈ| ਸਕੱਤਰ ਗੁਰਚਰਨ ਥਿੰਦ ਨੇ ਸਿੱਖ ਇਤਿਹਾਸ ਦੇ ਉਨ੍ਹਾਂ ਸਮਿਆਂ ਨੂੰ ਸਾਂਝਾ ਕੀਤਾ| ਜਦੋਂ 9 ਸਾਲ ਦੇ ਬਾਲ ਗੋਬਿੰਦ ਨੇ ਗੁਰੂ ਬਾਪ ਦੀ ਸ਼ਹੀਦੀ ਬਾਦ ਗੁਰਗੱਦੀ ਸੰਭਾਲੀ। ਉਸ ਸਮੇਂ ਜਦੋਂ ਧਾਰਮਿਕ, ਰਾਜਨੀਤਕ ਤੇ ਸਮਾਜਿਕ ਖੇਤਰ ਵਿੱਚ ਸਿੱਖ ਲਹਿਰ ਦੀ ਉਦਾਰਵਾਦੀ ਪਹੁੰਚ ਬਾਦਸ਼ਾਹ ਔਰੰਗਜ਼ੇਬ ਨੂੰ ਫੁੱਟੀ ਅੱਖ ਨਹੀਂ ਸੀ ਭਾਉਂਦੀ| ਗੁਰਦੀਸ਼ ਕੌਰ ਗਰੇਵਾਲ ਨੇ ਗੁਰੂ ਸਾਹਿਬ ਨੂੰ ਸੰਤ-ਸਿਪਾਹੀ,ਸੱਤ ਭਾਸ਼ਾਵਾਂ ਦਾ ਗਿਆਤਾ,ਸਰਬੰਸਦਾਨੀ, ਕਵੀ ਤੇ ਵੇਦਾਂ ਦੇ ਅਨੁਵਾਦਕ ਸ਼ਬਦਾਂ ਨਾਲ ਨਤਮਸਤਕ ਹੋਣ ਉਪਰੰਤ ਆਪਣੀ ਰਚਨਾ ‘ਲੱਥਣਾਂ ਨਹੀਂ ਰਿਣ ਸਾਥੋਂਂ ਬਾਜਾਂ ਵਾਲੇ ਮਾਹੀ ਦਾ, ਰੋਮ ਰੋਮ ਰਿਣੀ ਉਸ ਸੰਤ ਸਿਪਾਹੀ ਦਾ’ ਸਾਂਝੀ ਕੀਤੀ। ਡਾ: ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਜਿਵੇਂ ਭਗਵਾਨ ਕ੍ਰਿਸ਼ਨ ਦੇ ਹੱਥ ਵਿੱਚ ਸੁਦਰਸ਼ਨ ਚੱਕਰ, ਭਗਵਾਨ ਰਾਮ ਦੇ ਮੋਢੇ ਤੇ ਧਨੁੱਖ ਹੈ| ਗੁਰੂ ਸਾਹਿਬ ਦੀ ਦੂਰਦਰਸ਼ਤਾ ਨੇ ਕਲਯੁੱਗ ਵਿੱਚ ਕ੍ਰਿਪਾਨ ਦੀ ਕਲਾ ਵਰਤਾਈ। ਉਨ੍ਹਾਂ ਨੇ ਚਰਨਾਂ ਦੀ ਚਰਣਾਮਤ ਦੀ ਬਜਾਏ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਸਿੱਖ ਨੂੰ ਕ੍ਰਿਪਾਨ ਦੀ ਬਖਸ਼ਿਸ਼ ਕਰ ਇਸ ਨੂੰ ਭਗੌਤੀ ਦਾ ਨਾਮ ਦਿੱਤਾ ਜੋ ਸ਼ਕਤੀ ਦਾ ਪ੍ਰਤੀਕ ਹੈ।ਬਲਵਿੰਦਰ ਬਰਾੜ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਉਹ ਯੁੱਗ ਪੁਰਸ਼ ਹਨ ਜੋ ਸਮੇਂ ਦੀ ਹਿੱਕ ਤੇ ਪੈੜ ਧਰਕੇ ਚਲੇ ਅਤੇ ਸਿੱਖ ਨੂੰ ਵੱਖਰੀ ਪਛਾਣ ਦੇ ਕੇ ਲੱਖਾਂ ਵਿੱਚ ਖੜਾ ਵੀ ਨਿਵੇਕਲਾ ਬਣਾ ਦਿੱਤਾ। ਅਮਨਜੋਤ ਸਿੰਘ ਪੰਨੂ ਨੇ ਆਪਣੇ ਯਾਦਾਂ ਦੇ ਯਰੋਖੇ ਵਿਚੋਂ ਸਾਂਝ ਪਾਉਂਦਿਆਂ ਦੱਸਿਆ ਕਿ ਕਿਵੇਂ ਵਿਦਿਆਰਥੀ ਜੀਵਨ ਵਿੱਚ ਕੇਸ ਕਟਵਾ ਲਏ ਪਰ 31 ਦਸੰਬਰ 2013 ਨੂੰ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਗਏ ਤਾਂ ਇੱਕ ਮਹਾਂਪੁਰਸ਼ ਵਲੋਂ ਕੀਤੀ ਗਈ ਅਰਦਾਸ ਨੇ ਗੁਰੂ ਸਾਹਿਬ ਦੀ ਕਲਾ ਵਰਤਾਈ ਅਤੇ ਮੁੜ ਕੇਸਾਂ ਦੀ ਬਖਸ਼ਿਸ਼ ਹੋਈ।ਲੇਖਕ ਜਸਵਿੰਦਰ ਸਿੰਘ ਰੁਪਾਲ ਨੇ ਗੁਰ-ਇਤਿਹਾਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਜਾਤਪਾਤ, ਵਰਣ-ਵੰਡ ਤੇ ਸਮਾਜੀ ਵਿਤਕਰੇ ਵਰਗੀਆਂ ਸਥਾਪਤ ਰਹੁਰੀਤਾਂ ਦਾ ਖੰਡਨ ਕਰ ਗੁਰੂ ਸਾਹਿਬ ਨੇ ਖਾਲਸਾ ਸਿਰਜਿਆ। ਜਤਿੰਦਰ ਸਵੈਚ ਨੇ ਕਿਹਾ ਕਿ ਗੁਰੂ ਸਾਹਿਬਾਨ ਨੂੰ ਤਿੱਥ ਤਿਉਹਾਰਾਂ ਨਾਲ ਜੋੜ ਕੇ ਹੀ ਯਾਦ ਨਹੀਂ ਕਰਨਾ ਚਾਹੀਦਾ, ਬਲਕਿ ਉਹ ਤਾਂ ਹਰ ਪਲ ਹਰ ਸਮੇਂ ਹਾਜ਼ਰ ਨਾਜ਼ਰ ਹਨ। ਹਰਜਿੰਦਰ ਕੌਰ ਨੇ ਅਜੋਕੇ ਸਮੇਂ ਵਿੱਚ ਸਿੱਖੀ ਬਾਰੇ ਗੱਲ ਕਰਨ ਦੀ ਲੋੜ ਦੀ ਗੱਲ ਕੀਤੀ ਅਤੇ ਕਿਹਾ ਕਿ ਮਾਵਾਂ ਨੂੰ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਵੱਲ ਪੂਰਾ ਧਿਆਨ ਦੇਣ ਦੀ ਲੋੜ ਹੈ।ਜਗਦੇਵ ਸਿੰਘ ਸਿੱਧੂ ਹੁਰਾਂ ਇਮਰੋਜ਼ ਨੂੰ ਉੱਚ ਦਰਜੇ ਦੇ ਚਿੱਤਰਕਾਰ ਵਜੋਂ ਯਾਦ ਕੀਤਾ।ਜਤਿੰਦਰਪਾਲ ਸਿੰਘ ਉਬਰਾਏ ਦੇ ਦਿਹਾਂਤ ਤੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਗੁਰਨਾਮ ਕੌਰ ਨੇ ਕਿਹਾ ਕਿ ਗੁਰੂ ਨਾਨਕ ਦੇ ‘ਜੇ ਤਓ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ’ ਬੋਲਾਂ ਨਾਲ ਖਾਲਸੇ ਦੀ ਨੀਂਹ ਰੱਖੀ ਅਤੇ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾ ਕੇ ਖਾਲਸੇ ਦੀ ਸਾਜਨਾ ਕੀਤੀ।ਨਛੱਤਰ ਸਿੰਘ ਪੁਰਬਾ ਨੇ ਮਾਂ-ਬੋਲੀ ਪੰਜਾਬੀ ਦੇ ਵਿਕਾਸ ਦੀ ਤਸ਼ਬੀਹ ਇੱਕ ਰੁੱਖ ਨਾਲ ਕਰਦੇ ਜੜ੍ਹਾਂ ਨੂੰ ਲੇਖਕਾਂ ਤੇ ਚਿੰਤਕਾਂ ਦੁਆਰਾ ਲਿਖੀਆਂ ਲਿਖਤਾਂ, ਤਣੇ ਨੂੰ ਪੜ੍ਹਨਯੋਗ ਪਾਠਕਾਂ, ਪੱਤਿਆਂ ਨੂੰ ਪੰਜਾਬੀ ਬੋਲਣ ਅਤੇ ਫੁੱਲਾਂ ਨੂੰ ਪੰਜਾਬੀ ਬੋਲੀ ਸਮਝਣ ਵਾਲੇ ਪੰਜਾਬੀ ਪਿਆਰੇ ਆਖ ਪੰਜਾਬੀ ਬੋਲੀ ਦੇ ਰੁੱਖ ਦੇ ਹਰ ਹਿੱਸੇ ਨੂੰ ਵਿਕਸਤ ਕਰਨ ਦੀ ਲੋੜ ਦੀ ਗੱਲ ਕੀਤੀ। ਸਰਬਜੀਤ ਉੱਪਲ ਨੇ ‘ਮਾਤਾ ਗੁਜਰੀ ਨੂੰ ਮਿਲਣ ਵਧਾਈਆਂ’ ਗੀਤ ਨਾਲ ਹਾਜ਼ਰੀ ਲੁਆਈ। ਪਰਮਿੰਦਰ ਰਮਨ ਨੇ ਆਪਣੀ ਬਹੁਤ ਹੀ ਭਾਵਪੂਰਤ ਰਚਨਾ “ਐ ਦਸਮ ਪਿਤਾ ਅਸੀਂ ਬੇਮੁਖੇ ਹਾਂ, ਤੇਰੀਆਂ ਕੁਰਬਾਨੀਆਂ ਦਾ ਅਸਲ ਖਾ ਲਿਆ,ਅਸੀਂ ਅਜੇ ਵੀ ਭੁੱਖੇ ਹਾਂਪੇਸ਼ ਕੀਤੀ। ਹਰਮਿੰਦਰ ਪਾਲ ਸਿੰਘ ਨੇ ‘ਦੇਹੁ ਸ਼ਿਵਾ ਵਰ ਮੋਹਿ ਏਹੈ ਸ਼ੁਭ ਕਰਮਨ ਤੇ ਕਬਹੰੂ ਨਾ ਟਰੋਂ’ ਸ਼ਬਦ ਪੇਸ਼ ਕੀਤਾ। ਸੁਰਿੰਦਰ ਢਿਲੋਂ ਨੇ ਗੁਰੂ ਸਾਹਿਬ ਦੀ ਮਹਿਮਾ ਬਿਆਨਦਿਆਂ ਕਿਹਾ ਕਿ ਇੱਕ ਬਣੀ ਬਣਾਈ ਫ਼ੌਜ ਦਾ ਕਮਾਂਡਰ ਬਣ ਲੜਨਾ ਹੋਰ ਗੱਲ ਹੈ ਪਰ ਪਹਿਲਾਂ ਇੱਕ ਫੌਜ ਤਿਆਰ ਕਰਨਾ ਅਤੇ ਫਿਰ ਫ਼ੌਜ ਸੰਗ ਮੈਦਾਨ-ਏ-ਜੰਗ ਵਿੱਚ ਜੂਝਣਾ ਗੁਰੂ ਸਾਹਿਬ ਦੀ ਦੂਰਦਰਸ਼ਤਾ ਦਾ ਹੀ ਨਤੀਜਾ ਸੀ। ਮਨਮੋਹਨ ਸਿੰਘ ਬਾਠ ਨੇ ਸੰਤ ਰਾਮ ਉਦਾਸੀ ਦਾ ਲਿਖਿਆ ਗੀਤ ‘ਬਾਪੂ ਵੇਖਦਾ ਰਹੇਂ ਤੂੰ ਵੇਖ ਕੰਢੇ, ਕਿਵੇਂ ਤਰਨਗੇ ਅਜੀਤ ਜੁਝਾਰ ਤੇਰੇ’ ਆਪਣੀ ਸੁਰੀਲੀ ਅਵਾਜ਼ ਵਿੱਚ ਸੁਣਾਇਆ। ਪਰਮਜੀਤ ਭੰਗੂ ਨੇ ‘ਤੇਰੀ ਦੀਦ ਦੇ ਪਿਆਸੇ ਜਾਂਦੇ ਮੰਜ਼ਿਲਾਂ ਮੁਕਾਈ’ ਗੀਤ ਬੁਲੰਦ ਅਵਾਜ਼ ਵਿੱਚ ਸੁਣਾਇਆ। ਪ੍ਰੀਤ ਸਾਗਰ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੀ ਦੂਰਦਰਸ਼ਤਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ‘ਨੱਚਦੀ ਮੌਤ ਦੇ ਨਾਲ ਨੱਚਣ ਜੋ’ ਆਪਣੀ ਰਚਨਾ ਸਾਂਝੀ ਕੀਤੀ। ਅਮਨਪ੍ਰੀਤ ਸਿੰਘ ਨੇ ਸਿੱਖ ਕੌਮ ਦੀ ਵਿਲੱਖਣਤਾ ਨੂੰ ਅੱਜ ਦੇ ਪ੍ਰਸੰਗ ਵਿੱਚ ਕਿਸਾਨੀ ਘੋਲ ਸਮੇਂ ਕਿਸਾਨਾਂ ਵਲੋਂ ਬਿਨਾ ਹਥਿਆਰਾਂ ਦੇ ਜੰਗ ਜਿੱਤਣ ਦੇ ਰੂਪ ਵਿੱਚ ਬਿਆਨਿਆ| ਅੰਤ ਵਿੱਚ ਪ੍ਰਧਾਨ ਜਸਵੀਰ ਸਿੰਘ ਸਿਹੋਤਾ ਨੇ ਆਏ ਸਾਰਿਆ ਦਾ ਧੰਨਵਾਦ ਕੀਤਾ|
Related Posts
ਦੁਬਈ ਬਣੀ ਦੁਨੀਆ ਦੀ ਪਹਿਲੀ ਪੇਪਰਲੈੱਸ ਸਰਕਾਰ, 35 ਕਰੋੜ ਅਮਰੀਕੀ ਡਾਲਰ ਦੀ ਹੋਵੇਗੀ ਬਚਤ
ਦੁਬਈ : ਦੁਬਈ ਸਰਕਾਰ ਦੁਨੀਆ ਦੀ ਪਹਿਲੀ ਸਰਕਾਰ ਬਣ ਗਈ ਹੈ ਜੋ ਪੂਰੀ ਤਰ੍ਹਾਂ ਪੇਪਰਲੈੱਸ ਹੈ। ਇਸ ਦੀ ਘੋਸ਼ਣਾ ਕਰਦੇ ਹੋਏ…
ਅਲਬਰਟਾ ਸੂਬੇ ਅੰਦਰ ਠੰਡ ਵੱਧਣ ਕਰਕੇ ਕੈਲਗਰੀ ਪ੍ਰਸ਼ਾਸ਼ਨ ਨੂੰ ਬੇਘਰੇ ਲੋਕਾਂ ਨੂੰ ਠੰਡ ਤੋ ਬਚਾਉਣ ਲਈ ਹੱਥਾਂ ਪੈਰਾ ਦੀ ਪਈ
ਕੈਲਗਰੀ-ਅਲਬਰਟਾ ਸੂਬੇ ਅੰਦਰ ਪਿੱਛਲੇ 24 ਘੰਟਿਆਂ ਤੋ ਠੰਡ ਨੇ ਆਉਣ ਜਾਣ ਵਾਲੇ ਲੋਕਾਂ ਨੂੰ ਤੜਫਾ ਕੇ ਰੱਖ ਦਿੱਤਾ| ਕਿਉਂਕਿ ਦਸੰਬਰ…
ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਉਲੰਪਿਕ ਵਰਲਡ ਸਮਰ ਖੇਡਾਂ-2023 ਦੇ ਅੱਠ ਤਮਗਾ ਜੇਤੂਆਂ ਤੇ ਮੁਕਾਬਲੇਬਾਜ਼ਾਂ ਦਾ ਸਨਮਾਨ
ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਦੀ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਈ ਚੰਡੀਗੜ੍ਹ,-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ…