September 19, 2024

PUNJAB

INDIA NEWS

ਫ਼ਿਲਮਾਂ ’ਚ ਸਿੱਖ ਵਿਰੋਧੀ ਕਿਰਦਾਰ ਰੋਕਣ ਲਈ ਸਰਕਾਰਾਂ ਗੰਭੀਰ ਨਹੀਂ-ਭਾਈ ਗਰੇਵਾਲ

ਅੰਮ੍ਰਿਤਸਰ,-ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ‘ਯਾਰੀਆਂ-2’ ਫ਼ਿਲਮ ਦੇ ਜਾਰੀ ਹੋਏ ਇਕ ਗੀਤ ਅੰਦਰ ਸਿੱਖ ਭਾਵਨਾਵਾਂ ਵਿਰੁੱਧ ਫਿਲਮਾਂਕਣ ਨੂੰ ਲੈ ਕੇ ਸਰਕਾਰਾਂ ਨੂੰ ਨਿਸ਼ਾਨੇ ’ਤੇ ਲਿਆ ਹੈ। ਭਾਈ ਗਰੇਵਾਲ ਨੇ ਆਖਿਆ ਕਿ ਅਕਸਰ ਫ਼ਿਲਮਾਂ ਅੰਦਰ ਸਿੱਖ ਮਰਯਾਦਾ, ਸਿਧਾਂਤਾਂ ਅਤੇ ਰਹਿਣੀ ਨੂੰ ਸੱਟ ਮਾਰਨ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ, ਪਰੰਤੂ ਕੇਂਦਰ ਸਰਕਾਰ ਅਜਿਹੇ ਸੰਜੀਦਾ ਮਾਮਲਿਆਂ ਨੂੰ ਲੈ ਕੇ ਗੰਭੀਰ ਨਹੀਂ ਹੈ। ਉਨ੍ਹਾਂ ਆਖਿਆ ਕਿ ਫ਼ਿਲਮਾਂ ਦਾ ਸੈਂਸਰ ਬੋਰਡ ਵਲੋਂ ਧਾਰਮਿਕ ਭਾਵਨਾਵਾਂ ਨੂੰ ਖ਼ਿਆਲ ਵਿਚ ਰੱਖ ਕੇ ਕਦੇ ਵੀ ਾ ਨਰੀਖਣ ਨਹੀਂ ਕੀਤਾ ਜਾਂਦਾ। ਇਸੇ ਕਰਕੇ ਹੀ ਫ਼ਿਲਮ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰ ਅਜਿਹੀਆਂ ਆਪ ਹੁਦਰੀਆਂ ਹਰਕਤਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਯਾਰੀਆਂ-2 ਫ਼ਿਲਮ ਦੇ ਗੀਤ ਵਿਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਾਣਬੁਝ ਕੇ ਤਾਰ-ਤਾਰ ਕੀਤਾ ਗਿਆ ਅਤੇ ਸਰਕਾਰਾਂ ਫਿਰ ਵੀ ਚੁੱਪ ਹਨ। ਜਨਰਲ ਸਕੱਤਰ ਨੇ ਕਿਹਾ ਕਿ ਫ਼ਿਲਮ ਦੇ ਗੀਤ ’ਚ ਸਿੱਖ ਵਿਰੋਧੀ ਹਰਕਤ ਖ਼ਿਲਾਫ਼ ਭਾਵੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਪਰੰਤੂ ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਲਈ ਹਰਕਤ ’ਚ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਅੰਦਰ ਅਜਿਹੀਆਂ ਹਰਕਤਾਂ ਰੋਕਣ ਲਈ ਭਾਰਤ ਸਰਕਾਰ ਦੇ ਸੰਬੰਧਿਤ ਮੰਤਰਾਲਿਆਂ ਤੱਕ ਵੀ ਪਹੁੰਚ ਕੀਤੀ ਜਾਵੇਗੀ।