ਸਿਵਲ ਸਰਜਨ ਦਫ਼ਤਰ ਵਿਖੇ ਬੱਚਿਆਂ ਵਿਚ ਹੋਣ ਵਾਲੇ ਆਟਿਜ਼ਮ ਰੋਗ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ


ਮਾਨਸਾ, 26 ਅਪ੍ਰੈਲ: ਗੁਰਜੰਟ ਸਿੰਘ ਬਾਜੇਵਾਲੀਆ 

ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੀਆਂ ਹਦਾਇਤਾਂ ’ਤੇ ਦਫ਼ਤਰ ਸਿਵਲ ਸਰਜਨ, ਮਾਨਸਾ ਵਿਖੇ ਬੱਚਿਆਂ ਵਿਚ ਹੋਣ ਵਾਲੇ ਮਾਨਸਿਕ ਰੋਗ (ਆਟਿਜ਼ਮ) ਸਬੰਧੀ ਜਾਗੂਰਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਸਿੰਘ ਮੌਜੂਦ ਸਨ।

ਇਸ ਮੌਕੇ ਡਾ. ਛਵੀ ਬਾਜਾਜ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਆਟਿਜ਼ਮ ਰੋਗ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਆਟਿਜ਼ਮ ਬੱਚਾ ਪੈਦਾ ਹੋਣ ਦਾ ਕਾਰਨ ਅਤੇ ਬਚਾਅ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਆਟਿਜ਼ਮ ਪੀੜਤ ਬੱਚਾ ਨਜ਼ਰ ਮਿਲਾਉਣ ਤੋਂ ਕਤਰਾਉਂਦਾ ਹੈ। ਹਿਚਕਿਚਾਹਟ ਮਹਿਸੂਸ ਕਰਦਾ ਹੈ। ਅਜਿਹੇ ਬੱਚੇ ਆਪਣੇ ਆਪ ਵਿਚ ਹੀ ਗੁੰਮ ਰਹਿੰਦੇ ਹਨ। ਜੇਕਰ ਬੱਚਾ 9 ਮਹੀਨੇ ਦਾ ਹੋਣ ਦੇ ਬਾਵਜ਼ੂਦ ਵੀ ਨਾ ਤਾਂ ਹੱਸਦਾ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਦਿੰਦਾ ਹੈ ਤਾਂ ਇਸ ਸਬੰਧੀ ਚੌਕਸੀ ਵਰਤਣ ਦੀ ਲੋੜ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਆਟਿਜ਼ਮ ਆਜੀਵਨ ਰਹਿਣ ਵਾਲੀ ਇਕ ਅਵਸਥਾ ਹੈ, ਜਿਸ ਦੇ ਪੂਰਨ ਇਲਾਜ਼ ਲਈ ਇਸ ਦੇ ਲੱਛਣਾਂ ਦੀ ਪਹਿਚਾਣ ਕਰਦਿਆਂ ਸਾਈਕਲੋਜਿਸਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜਲਦ ਤੋਂ ਜਲਦ ਆਟਿਜ਼ਮ ਦੀ ਪਣਾਣ ਕਰਕੇ ਸਾਈਕਲੋਜਿਸਟ ਦੀ ਸਲਾਹ ਲੈਣੀ ਹੀ ਇਸ ਦਾ ਮੁੱਢਲਾ ਇਲਾਜ਼ ਹੈ।