ਕੈਨੇਡਾ ਦੀ ਡਿਪਟੀ ਪ੍ਰਾਈਮ ਮਨਿਸਟਰ ਖਿਲਾਫ ਗੱਡੀ ਤੇਜ਼ ਰਫਤਾਰ ਨਾਲ ਚਲਾਉਣ ’ਤੇ ਹੋਇਆ ਕੇਸ ਦਰਜ

ਅਲਬਰਟਾ(ਕੈਨੇਡਾ)-ਕੈਨੇਡਾ ਦੀ ਡਿਪਟੀ ਪ੍ਰਾਈਮ ਮਨਿਸਟਰ ਕ੍ਰਿਸਟੀਆ ਫਰੀਲੈਂਡ ’ਤੇ ਅਲਬਰਟਾ ਵਿਚ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਉਹ ਕੈਨੇਡਾ ਦੀ ਵਿੱਤ ਮੰਤਰੀ ਵੀ ਹੈ। ਉਸ ’ਤੇ ਦੋਸ਼ ਹੈ ਕਿ ਉਸਨੇ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਵਾਲੀ ਹਾਈਵੇ ’ਤੇ 142 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੱਡੀ ਦੌੜਾਈ। ਵੈਬਸਾਈਟ ਦੀ ਕਾਉਂਟਰ ਸਿਗਨਲ ਮੁਤਾਬਕ ਉਸ ਖਿਲਾਫ ਅਲਬਰਟਾ ਦੇ ਪੀਸ ਰੀਵਰ ਇਲਾਕੇ ਵਿਚ 15 ਅਗਸਤ ਨੂੰ ਗੱਡੀ ਭਜਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ। ਉਹ ਕਾਰ ਵਿਚ ਇਕੱਲੀ ਸੀ ਤੇ ਆਰ ਸੀ ਐਮ ਪੀ ਪੁਲਿਸ ਟੀਮ ਉਸ ਨਾਲ ਨਹੀਂ ਸੀ।ਅਲਬਰਟਾ ਵਿਚ 51 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ ਰਫਤਾਰ ਨਾਲ ਗੱਡੀ ਚਲਾਉਣਾ ਫੌਜਦਾਰੀ ਅਪਰਾਧ ਹੈ ਜਿਸ ਵਾਸਤੇ ਅਦਾਲਤ ਵਿਚ ਪੇਸ਼ ਹੋਣਾ ਪੈਂਦਾ ਹੈ।