ਚੰਡੀਗੜ੍ਹ,-ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-2 ਦੇ ਉਦਘਾਟਨੀ ਸਮਾਰੋਹ ਮੌਕੇ ਸੱਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਵਾਲੀਬਾਲ, ਰਗਬੀ ਤੇ ਰੱਸਾਕਸ਼ੀ ਦੇ ਪ੍ਰਦਰਸ਼ਨੀ ਮੈਚ ਖਿੱਚ ਦਾ ਕੇਂਦਰ ਹੋਣਗੇ। ਖੇਡਾਂ ਦਾ ਉਦਘਾਟਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਕਰਨਗੇ ਅਤੇ ਵਾਲੀਬਾਲ ਮੈਚ ਵੀ ਖੇਡਣਗੇ। ਇਸੇ ਤਰ੍ਹਾਂ ਫਿਲਮੀ ਅਦਾਕਾਰ ਤੇ ਸਾਬਕਾ ਰਗਬੀ ਖਿਡਾਰੀ ਰਾਹੁਲ ਬੋਸ ਰਗਬੀ ਮੈਚ ਵਿੱਚ ਜੌਹਰ ਦਿਖਾਉਣਗੇ। ਇਹ ਜਾਣਕਾਰੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਖੇਡਾਂ ਦੀਆਂ ਤਿਆਰੀਆਂ ਲਈ ਸੱਦੀ ਸਮੀਖਿਆ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਮੀਤ ਹੇਅਰ ਨੇ ਦੱਸਿਆ ਕਿ ਇਸ ਵੇਲੇ ਮਸ਼ਾਲ ਮਾਰਚ ਪੰਜਾਬ ਦੇ ਹਰ ਜ਼ਿਲੇ ਵਿੱਚ ਜਾ ਰਹੀ ਹੈ ਜੋ ਅੱਜ ਹੁਸ਼ਿਆਰਪੁਰ ਪੁੱਜੀ ਹੈ। ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਹੋਣ ਵਾਲੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਖੇਡਾਂ ਦੀ ਮਸ਼ਾਲ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਦਾ ਗੇੜਾ ਲਗਾਉਣ ਤੋਂ ਬਾਅਦ ਬਠਿੰਡਾ ਵਿਖੇ ਪੁੱਜੇਗੀ ਜਿਸ ਨੂੰ ਰੰਗਾਰੰਗ ਉਦਘਾਟਨੀ ਸਮਾਰੋਹ ਦੌਰਾਨ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਕੌਮਾਂਤਰੀ ਖਿਡਾਰੀਆਂ ਵੱਲੋਂ ਸਟੇਡੀਅਮ ਦਾ ਚੱਕਰ ਲਗਾ ਕੇ ਜਲਾਇਆ ਜਾਵੇਗਾ। ਮਾਰਚ ਪਾਸਟ ਵਿੱਚ ਸਾਰੇ ਜ਼ਿਲਿਆਂ ਦੇ ਖਿਡਾਰੀ ਹਿੱਸਾ ਲੈਣਗੇ ਅਤੇ ਖਿਡਾਰੀਆਂ ਵੱਲੋਂ ਸੱਚੀ-ਸੁੱਚੀ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ ਜਾਵੇਗੀ। ਮੀਤ ਹੇਅਰ ਨੇ ਅੱਗੇ ਦੱਸਿਆ ਕਿ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਲੋਕ ਗਾਇਕਾਂ ਦੀ ਪੇਸ਼ਕਾਰੀ ਤੋਂ ਇਲਾਵਾ ਗੱਤਕਾ, ਗਿੱਧਾ, ਭੰਗੜਾ, ਜਿਮਨਾਸਟਕ ਤੇ ਪੀ.ਟੀ.ਸ਼ੋਅ ਹੋਵੇਗਾ। ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਸਾਬਕਾ ਖਿਡਾਰੀ ਵੀ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖੇਡਾਂ ਦਾ ਰਸਮੀ ਐਲਾਨ ਕਰਨਗੇ ਜਿਸ ਤੋਂ ਬਾਅਦ ਇਹ ਖੇਡਾਂ ਸ਼ੁਰੂ ਹੋ ਜਾਣਗੀਆਂ। ਇਸ ਵਾਰ ਵੱਖ-ਵੱਖ ਅੱਠ ਉਮਰ ਵਰਗਾਂ ਵਿੱਚ 35 ਖੇਡਾਂ ਦੇ ਮੁਕਾਬਲੇ ਬਲਾਕ ਤੋਂ ਰਾਜ ਪੱਧਰ ਤੱਕ ਕਰਵਾਏ ਜਾਣਗੇ। ਖੇਡ ਮੰਤਰੀ ਨੇ ਮੀਟਿੰਗ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਉਦਘਾਟਨੀ ਸਮਾਰੋਹ ਦੀਆਂ ਰਸਮੀ ਕਾਰਵਾਈਆਂ ਨੂੰ ਖੇਡਾਂ ਦੀ ਭਾਵਨਾ ਅਨੁਸਾਰ ਨੇਪਰੇ ਚਾੜ੍ਹਨ ਲਈ ਕਿਹਾ। ਉਨਾਂ ਕਿਹਾ ਕਿ ਸਟੇਡੀਅਮ ਵਿੱਚ ਆਉਣ ਵਾਲੇ ਦਰਸ਼ਕਾਂ ਨੂੰ ਕੋਈ ਦਿੱਕਤ ਨਾ ਆਵੇ, ਇਸ ਲਈ ਉਨਾਂ ਦਾ ਦਾਖਲੇ, ਬੈਠਣ ਅਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਜਾਵੇ। ਮੀਟਿੰਗ ਵਿੱਚ ਵਿਸ਼ੇਸ਼ ਮੁੱਖ ਸਕੱਤਰ ਸਰਵਜੀਤ ਸਿੰਘ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਭੁਪਿੰਦਰ ਸਿੰਘ, ਖੇਡ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ, ਖੇਡ ਵਿਭਾਗ ਦੇ ਵਿਸ਼ੇਸ਼ ਸਕੱਤਰ ਆਨੰਦ ਕੁਮਾਰ ਤੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਸਿੱਧੂ ਤੋਂ ਇਲਾਵਾ ਵੀਡਿਓ ਕਾਨਫਰੰਸਿੰਗ ਰਾਹੀਂ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਅਤੇ ਖੇਡ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਜੇ.ਐਸ.ਚੀਮਾ ਹਾਜ਼ਰ ਹੋਏ।
Related Posts
ਫੂਡ ਸੇਫਟੀ ਵੈਨ ਵੱਲੋਂ ਖਾਣ ਵਾਲੇ ਪਦਾਰਥਾਂ ਦੀ ਮੌਕੇ ‘ਤੇ ਹੋਵੇਗੀ ਜਾਂਚ: ਸਿਵਲ ਸਰਜਨ
ਦੁੱਧ,ਦਹੀਂ,ਪਨੀਰ,ਖੋਆ,ਕਰੀਮ,ਹਲਦੀ ਮਿਰਚ,ਸਰ੍ਹੌਂ ਤੇਲ,ਦੇਸੀ ਘਿਓ,ਪਾਣੀ,ਗੁਲਾਬ ਜਾਮੁਣ ਪਦਾਰਥਾਂ ਦੀ ਜਾਂਚ- ਜਸਪ੍ਰੀਤ ਗਿੱਲ ਬਰਨਾਲਾ,25,ਅਕਤੂਬਰ /ਕਰਨਪ੍ਰੀਤ ਕਰਨ ਮਿਸ਼ਨ ਸਿਹਤਮੰਦ ਪੰਜਾਬ ਤਹਿਤ ਲੋਕਾਂ ਨੂੰ ਮਿਆਰੀ…
DGP ਦੇ ਜਾਅਲੀ ਦਸਤਖਤਾਂ ਨਾਲ 11 ਮੁਲਾਜ਼ਮ ਕਰ ਦਿੱਤੇ ਪ੍ਰਮੋਟ
ਚੰਡੀਗੜ੍ਹ : Promotion fruad in Punjab Police Department : ਪੰਜਾਬ ਪੁਲਿਸ ਵਿਭਾਗ ‘ਚ ਪ੍ਰਮੋਸ਼ਨ ਸਬੰਧੀ ਨਵਾਂ ਫਰਜ਼ੀਵਾੜਾ ਸਾਹਮਣੇ ਆਇਆ ਹੈ ਜਿਸ…
ਸਾਬਕਾ ਕ੍ਰਿਕਟਰ ਦਿਨੇਸ਼ ਮੋਂਗੀਆਂ ਵੀ ਭਾਜਪਾ ‘ਚ ਸ਼ਾਮਲ
ਨਵੀਂ ਦਿੱਲੀ : ਸਾਬਕਾ ਕ੍ਰਿਕਟਰ ਦਿਨੇਸ਼ ਮੋਗੀਆਂ ਵੀ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਦਿੱਲੀ ਹੈੱਡਕੁਆਰਟਰ ਵਿਖੇ ਪੰਜਾਬ ਦੇ ਦੋ ਵਿਧਾਇਕਾਂ ਫ਼ਤਹਿਜੰਗ…