ਕੈਨੇਡਾ ‘ਚ ਸ਼ਰਾਬੀ ਡਰਾਈਵਰ ਦੀ ਗ਼ਲਤੀ ਨਾਲ ਅਪਾਹਜ ਹੋਏ ਪੰਜਾਬੀ ਨੌਜਵਾਨ ਨੂੰ ਮਿਲੇਗਾ 90 ਕਰੋੜ ਦਾ ਮੁਆਵਜ਼ਾ

ਐਬਟਸਫੋਰਡ,-ਕੈਨੇਡਾ ਦੇ ਸ਼ਹਿਰ ਵੈਨਕੂਵਰ ਸਥਿਤ ਬਿ੍ਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਅਹਿਮ ਫ਼ੈਸਲਾ ਸੁਣਾਉਂਦੇ ਹੋਏ 15 ਸਾਲ ਪਹਿਲਾਂ ਸ਼ਰਾਬੀ ਡਰਾਈਵਰ ਦੀ ਗ਼ਲਤੀ ਨਾਲ ਵਾਪਰੇ ਸੜਕ ਹਾਦਸੇ ਵਿਚ ਅਪਾਹਜ ਹੋਏ ਐਬਟਸਫੋਰਡ ਨਿਵਾਸੀ 24 ਸਾਲਾ ਪੰਜਾਬੀ ਨੌਜਵਾਨ ਅਰਸ਼ਦੀਪ ਸਿੰਘ ਸਿੱਧੂ ਨੂੰ 15 ਮਿਲੀਅਨ ਡਾਲਰ ਭਾਵ ਤਕਰੀਬਨ 90 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਸੁਣਾਇਆ ਹੈ|ਅਰਸ਼ਦੀਪ ਸਿੰਘ ਨੂੰ ਇਹ ਮੁਆਵਜ਼ਾ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਬਿ੍ਟਿਸ਼ ਕੋਲੰਬੀਆ ਅਦਾ ਕਰੇਗੀ|ਘਟਨਾ 30 ਮਾਰਚ 2008 ਦੀ ਹੈ ਜਦੋਂ ਅਰਸ਼ਦੀਪ ਆਪਣੀ ਮਾਂ ਤੇ ਭਰਾ ਨਾਲ ਸਰੀ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਤੋਂ ਬਾਅਦ ਐਬਟਸਫੋਰਡ ਆਪਣੇ ਘਰ ਨੂੰ ਵਾਪਸ ਆ ਰਹੇ ਸਨ ਤਾਂ ਟਾਊਨਲਾਈਨ ਤੇ ਅਪਰ ਮੈਕਲਿਉਰ ਦੇ ਚੌਰਸਤੇ ‘ਤੇ ਜਾਨ ਅਬਰਾਮ ਰੀਬਰਟ ਨਾਂਅ ਦੇ ਸ਼ਰਾਬੀ ਡਰਾਈਵਰ ਨੇ ਉਨ੍ਹਾਂ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ|ਹਾਦਸੇ ਮੌਕੇ ਅਰਸ਼ਦੀਪ ਪਿਛਲੀ ਸੀਟ ‘ਤੇ ਬੈਠਾ ਸੀ ਤੇ ਉਸ ਦੀ ਮਾਂ ਵਾਹਨ ਚਲਾ ਰਹੀ ਸੀ|ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟ ਵੱਜਣ ਕਾਰਨ ਅਰਸ਼ਦੀਪ ਸਦਾ ਲਈ ਅਪਾਹਜ ਹੋ ਗਿਆ|ਹਾਦਸੇ ਮੌਕੇ ਉਹ 9 ਸਾਲ ਦਾ ਸੀ ਤੇ ਚੌਥੀ ਜਮਾਤ ਦਾ ਵਿਦਿਆਰਥੀ ਸੀ|2009 ਵਿਚ ਅਦਾਲਤ ਨੇ ਇਸ ਹਾਦਸੇ ਲਈ ਜ਼ਿੰਮੇਵਾਰ ਜਾਨ ਅਬਰਾਮ ਰੀਬਰਟ ਨੂੰ ਸਵਾ ਸਾਲ ਕੈਦ ਦੀ ਸਜ਼ਾ ਸੁਣਾਈ ਸੀ|