ਫੁੱਟਬਾਲ ਦੀ ਵਿਸ਼ਵ ਪੱਧਰੀ ਸੰਸਥਾ ਫੀਫਾ ਵਲੋਂ ਆਰੰਭ ਕੀਤਾ ਗਿਆ ਅੰਡਰ-17 ਮਹਿਲਾ ਵਿਸ਼ਵ ਕੱਪ ਪਿਛਲੇ ਦਿਨੀਂ ਭਾਰਤ ਵਿਚ ਮੁਕੰਮਲ ਹੋਇਆ, ਜਿਸ ਵਿਚ ਸਪੇਨ ਨੇ ਕੋਲੰਬੀਆ ਨੂੰ 1-0 ਗੋਲ ਦੇ ਫ਼ਰਕ ਨਾਲ ਹਰਾ ਕੇ ਕੱਪ ਆਪਣੇ ਨਾਂਅ ਕੀਤਾ। ਵਿਸ਼ਵ ਕੱਪ ਦੇ ਇਸ ਸਤਵੇਂ ਐਡੀਸ਼ਨ ਵਿਚ ਛੇ ਕੰਫੈਡਰੇਸ਼ਨਾਂ ਦੀਆਂ 16 ਟੀਮਾਂ ਨੇ ਭਾਗ ਲਿਆ ਸੀ। ਭਾਰਤ ਇਸ ਤੋਂ ਪਹਿਲਾਂ ਵੀ 2017 ਵਿਚ ਅੰਡਰ-17 ਪੁਰਸ਼ ਵਿਸ਼ਵ ਕੱਪ ਦਾ ਆਯੋਜਨ ਕਰ ਚੁੱਕਾ ਹੈ। ਸਪੇਨ ਦੀ ਟੀਮ ਇਸ ਤੋਂ ਪਹਿਲੇ ਵਿਸ਼ਵ ਕੱਪ ਭਾਵ 2018 ਦੇ ਕੱਪਾਂ ਦੀ ਚੈਂਪੀਅਨ ਟੀਮ ਸੀ। 2022 ਦੇ ਇਸ ਕੱਪ ਵਿਚ ਤਿੰਨ ਟੀਮਾਂ ਮੋਰਕੋ, ਤਨਜ਼ਾਨੀਆ ਅਤੇ ਭਾਰਤ ਨੇ ਪਹਿਲੀ ਵਾਰ ਭਾਗ ਲਿਆ ਸੀ। ਜ਼ਿਕਰਯੋਗ ਹੈ ਕਿ ਮੌਜੂਦਾ ਮੁਕਾਬਲੇ ਵਿਚ ਏਸ਼ੀਆ ਦੀਆਂ ਤਿੰਨ ਟੀਮਾਂ ਚੀਨ, ਜਾਪਾਨ ਅਤੇ ਭਾਰਤ (ਮੇਜ਼ਬਾਨ) ਖੇਡ ਰਹੀਆਂ ਸਨ। 16 ਟੀਮਾਂ ਨੂੰ ਗਰੁੱਪ ਮੁਕਾਬਲਿਆਂ ਦੌਰਾਨ ਚਾਰ ਗਰੁੱਪਾਂ ਵਿਚ ਵੰਡ ਕੇ ਮੈਚ ਖਿਡਵਾਏ ਗਏ ਸਨ, ਜਿਸ ਵਿਚ ਅਮਰੀਕਾ, ਬ੍ਰਾਜ਼ੀਲ, ਜਰਮਨੀ, ਨਾਈਜ਼ੀਰੀਆ, ਕੋਲੰਬੀਆ, ਸਪੇਨ, ਜਾਪਾਨ ਅਤੇ ਤਨਜ਼ਾਨੀਆ ਦੀਆਂ ਟੀਮਾਂ ਨੇ ਆਪਣੇ-ਆਪਣੇ ਗਰੁੱਪ ਵਿਚ ਵੱਧ ਅੰਕ ਲੈ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ ਸੀ। ਗਰੁੱਪ ਮੈਚਾਂ ਵਿਚ ਕੁਝ ਦਿਲਚਸਪ ਮੁਕਾਬਲੇ ਰਹੇ ਸਨ, ਜਿਵੇਂ ਅਮਰੀਕਾ ਨੇ ਭਾਰਤ ਨੂੰ 8-0 ਗੋਲਾਂ, ਅਮਰੀਕਾ ਨੇ ਮੋਰਕੋ ਨੂੰ 4-0 ਗੋਲਾਂ ਦੇ ਫ਼ਰਕ ਨਾਲ, ਨਾਈਜ਼ੀਰੀਆ ਨੇ ਨਿਊਜ਼ੀਲੈਂਡ ਨੂੰ 4-0 ਗੋਲਾਂ ਦੇ ਫ਼ਰਕ ਨਾਲ, ਜਰਮਨੀ ਨੇ ਚੀਲ ਨੂੰ 6-0 ਗੋਲਾਂ ਦੇ ਫ਼ਰਕ ਨਾਲ, ਜਾਪਾਨ ਨੇ ਤਨਜ਼ਾਨੀਆ ਨੂੰ 4-0 ਗੋਲਾਂ ਦੇ ਫ਼ਰਕ ਨਾਲ ਅਤੇ ਫਿਰ ਜਾਪਾਨ ਨੇ ਕੈਨੇਡਾ ਨੂੰ 4-0 ਗੋਲਾਂ ਦੇ ਫ਼ਰਕ ਨਾਲ ਹਰਾਇਆ ਸੀ। ਕੁਆਰਟਰ ਫਾਈਨਲ ਮੈਚਾਂ ਨਾਈਜ਼ੀਰੀਆ, ਕੋਲੰਬੀਆ, ਜਰਮਨੀ ਅਤੇ ਸਪੇਨ ਦੀਆਂ ਟੀਮਾਂ ਨੇ ਅਮਰੀਕਾ, ਤਨਜ਼ਾਨੀਆ, ਬ੍ਰਾਜ਼ੀਲ ਅਤੇ ਜਾਪਾਨ ਨੂੰ ਹਰਾ ਕੇ ਅਗਲੇ ਦੌਰ ਭਾਵ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਸੀ। ਪਰ ਦਿਲਚਸਪ ਮੈਚ ਤਾਂ ਜਰਮਨੀ ਦਾ ਰਿਹਾ ਜਿਸ ਨੇ ਫੁੱਟਬਾਲ ਦੇ ਸ਼ਾਨਦਾਰ ਖੇਡ ਲਈ ਜਾਣੀ ਜਾਂਦੀ ਬ੍ਰਾਜ਼ੀਲ ਦੀ ਟੀਮ ਨੂੰ 2-0 ਗੋਲਾਂ ਦੇ ਫ਼ਰਕ ਨਾਲ ਹਰਾਇਆ ਸੀ। ਸੈਮੀਫਾਈਨਲ ਦੇ ਪਹਿਲੇ ਮੁਕਾਬਲੇ ਵਿਚ ਕੋਲੰਬੀਆ ਅਤੇ ਨਾਈਜ਼ੀਰੀਆ ਦੀਆਂ ਟੀਮਾਂ ਆਖਰੀ ਸਮੇਂ ਤੱਕ 0-0 ਨਾਲ ਬਰਾਬਰ ਰਹੀਆਂ ਸਨ ਅਤੇ ਨਤੀਜਾ ਪੈਨਲਟੀਆਂ ਦੀਆਂ ਮਦਦ ਨਾਲ ਕੱਢਿਆ ਗਿਆ ਸੀ ਅਤੇ ਕੋਲੰਬੀਆ ਦੀ ਟੀਮ 6-5 ਪੈਨਲਟੀਆਂ ਨਾਲ ਜੇਤੂ ਰਹੀ ਸੀ। ਦੂਜੇ ਸੈਮੀਫਾਈਨਲ ਮੈਚ ਵਿਚ ਸਪੇਨ ਨੇ ਚੋਟੀ ਦੀ ਟੀਮ ਜਰਮਨੀ ਨੂੰ 1-0 ਦੇ ਫ਼ਰਕ ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ। ਮੈਚ ਦਾ ਇਕੋ-ਇਕ ਜੇਤੂ ਗੋਲ ਸਪੇਨ ਦੀ ਕੋਰਾਲਸ ਨੇ ਆਖਰੀ ਮਿੰਟਾਂ ਵਿਚ ਕਰ ਕੇ ਮੈਚ ਦਾ ਨਿਤਾਰਾ ਕੀਤਾ ਸੀ। 30 ਅਕਤੂਬਰ, 2022 ਨੂੰ ਨਵੀਂ ਮੁੰਬਈ ਦੇ ਡੀ.ਵਾਈ.ਪਾਟਿਲ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਸਪੇਨ ਨੇ ਕੋਲੰਬੀਆ ਨੂੰ 1-0 ਗੋਲਾਂ ਦੇ ਫ਼ਰਕ ਨਾਲ ਹਰਾ ਕੇ ਇਸ ਵਾਰ ਫਿਰ ਵਿਸ਼ਵ ਕੱਪ ਆਪਣੇ ਨਾਂਅ ਕੀਤਾ। ਮੈਚ ਦਾ ਇਕ ਮਾਤਰ ਗੋਲ ਸਪੇਨ ਦੀ ਖਿਡਾਰਨ ਗੱਜਮਨ ਨੇ ਕੀਤਾ ਸੀ। ਸਪੇਨ ਦੀ ਖਿਡਾਰਨ ਵਿੱਕੀ ਲੋਪੇਜ਼ ਨੂੰ ਆਯੋਜਕਾਂ ਵਲੋਂ ‘ਗੋਲਡਨ ਬਾਲ’ ਭਾਵ ਸੁਨਹਿਰੀ ਗੇਂਦ ਕੇ ‘ਬੈਸਟ ਪਲੇਅਰ’ ਪੁਰਸਕਾਰ ਨਾਲ ਸਤਿਕਾਰਿਆ। ਉਸ ਨੇ ਪੂਰੇ ਟੂਰਨਾਮੈਂਟ ਦੌਰਾਨ ਆਪਣੀ ਖੇਡ ਕਲਾ ਨਾਲ ਸਾਰੇ ਖੇਡ ਪ੍ਰਬੰਧਕਾਂ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਜਾਪਾਨ ਨਾਲ ਹੋਏ ਕੁਆਰਟਰ ਫਾਈਨਲ ਮੈਚ ਦੇ ਆਖਰੀ ਮਿੰਟਾਂ ਵਿਚ ਦੋ ਗੋਲ ਕਰ ਕੇ ਉਸ ਨੇ ਮੈਚ ਦਾ ਰੁਖ਼ ਬਦਲ ਦਿੱਤਾ ਸੀ। ਜਰਮਨੀ ਟੀਮ ਦੀ ਲੋਰੀਨ ਬੇਂਡਰ, ਜਿਸ ਨੇ ਟੂਰਨਾਮੈਂਟ ਦੌਰਾਨ ਚਾਰ ਮਹੱਤਵਪੂਰਨ ਗੋਲ ਕੀਤੇ, ਨੂੰ ‘ਗੋਲਡਨ ਬੂਟ’ ਭਾਵ ਸੁਨਹਿਰੀ ਬੂਟ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਇਨ੍ਹਾਂ ਇਨਾਮਾਂ ਤੋਂ ਇਲਾਵਾ ਸਿਲਵਰ ਬਾਲ, ਸਿਲਵਰ ਬੂਟ, ਬਰਾਂਜ਼ ਬਾਲ ਅਤੇ ਬਰਾਂਜ਼ ਬੂਟ ਕੋਲੰਬੀਆ ਦੀ ਲਿੰਡਾ, ਜਾਪਾਨ ਦੀ ਤਾਨੀਕਾਵਾ, ਜਰਮਨੀ ਦੀ ਮਾਰਾ ਐਲਬਰ ਅਤੇ ਕੋਲੰਬੀਆ ਦੀ ਲਿੰਡਾ ਨੂੰ ਕ੍ਰਮਵਾਰ ਦਿੱਤੇ ਗਏ ਸਨ। ਜ਼ਿਕਰਯੋਗ ਹੈ ਕਿ ਫੁੱਟਬਾਲ ਦੀ ਖੇਡ ਵਿਚ ਗੋਲਕੀਪਰ ਦਾ ਅਹਿਮ ਸਥਾਨ ਹੁੰਦਾ ਹੈ ਕਿਉਂਕਿ ਉਹ ਗੋਲ ਕਰ ਤਾਂ ਨਹੀਂ ਸਕਦਾ ਪਰ ਗੋਲ ਬਚਾ ਕੇ ਗੋਲ ਕਰਨ ਵਰਗੀ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਇਸੇ ਨੂੰ ਸਿੱਧ ਕੀਤਾ ਸਪੇਨ ਦੀ ਗੋਲ ਕੀਪਰ ਸੋਫੀਆ ਨੇ, ਜਿਸ ਨੇ ਟੂਰਨਾਮੈਂਟ ਦੇ ਅਨੇਕਾਂ ਮੈਚਾਂ ਵਿਚ ਆਪਣੀ ਟੀਮ ਨੂੰ ਵਿਰੋਧੀ ਹਮਲਿਆਂ ਤੋਂ ਬਚਾ ਕੇ ਆਪਣੀ ਟੀਮ ਨੂੰ ਵਿਸ਼ਵ ਕੱਪ ਜਿੱਤਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਇਸ ਦੇ ਬਦਲੇ ਫੀਫਾ ਵਲੋਂ ਉਸ ਨੂੰ ‘ਗੋਲਡਨ ਗਲੱਵ’ ਭਾਵ ਸੁਨਹਿਰੀ ਦਸਤਾਨਾ ਦੇ ਕੇ ਸਮੁੱਚੇ ਟੂਰਨਾਮੈਂਟ ਦਾ ‘ਬੈਸਟ ਗੋਲਕੀਪਰ’ ਐਲਾਨਿਆ ਗਿਆ ਸੀ। ਇਸ ਮੁਕਾਬਲੇ ਵਿਚ ਨਾਈਜ਼ੀਰੀਆ ਦੀ ਟੀਮ ਤੀਜੇ ਅਤੇ ਜਰਮਨੀ ਦੀ ਟੀਮ ਚੌਥੇ ਸਥਾਨ ‘ਤੇ ਰਹੀ ਸੀ। ਜ਼ਿਕਰਯੋਗ ਹੈ ਕਿ ਉਕਤ ਕੱਪ 2020 ਵਿਚ ਖੇਡਿਆ ਜਾਣਾ ਸੀ ਪਰ ਕੋਵਿਡ-19 ਕਰਕੇ ਇਸ ਨੂੰ ਰੱਦ ਕਰਨਾ ਪਿਆ ਸੀ। ਦੱਸਣਾ ਬਣਦਾ ਹੈ ਕਿ ਇਸ ਵਿਸ਼ਵ ਕੱਪ ਦੇ ਮੁਕਾਬਲੇ ਭਾਰਤ ਦੇ ਤਿੰਨ ਮੈਦਾਨਾਂ, ਭੁਵਨੇਸ਼ਰ, ਗੋਆ ਦੇ ਸਰਗਾਓ ਅਤੇ ਨਵੀਂ ਮੁੰਬਈ ਵਿਖੇ ਖੇਡੇ ਗਏ ਸਨ। ਉਮੀਦ ਹੈ ਕਿ ਇਸ ਤਰ੍ਹਾਂ ਦੇ ਆਯੋਜਨਾਂ ਨਾਲ ਭਾਰਤ ਵਿਚ ਫੁੱਟਬਾਲ ਦੀ ਖੇਡ ਨੂੰ ਵਧਣ-ਫੁਲਣ ਦਾ ਮੌਕਾ ਮਿਲੇਗਾ ਅਤੇ ਨਵੇਂ ਖਿਡਾਰੀਆਂ ਨੂੰ ਫੁੱਟਬਾਲ ਖੇਡਣ ਦੀ ਪ੍ਰੇਰਨਾ ਮਿਲੇਗੀ।
Related Posts
ਇੰਗਲੈਂਡ ਦੀ ਸ਼ਰਮਨਾਕ ਹਾਰ ਪਰ ਕਪਤਾਨ ਜੋ ਰੂਟ ਨੇ ਬਣਾਇਆ ਬੱਲੇਬਾਜ਼ੀ ‘ਚ ਰਿਕਾਰਡ
ਨਵੀਂ ਦਿੱਲੀ- ਆਸਟਰੇਲੀਆ ਦੇ ਖਿਲਾਫ਼ ਖੇਡੀ ਜਾ ਰਹੀ ਬਹੁਚਰਚਿਤ ਏਸ਼ੇਜ਼ ਸੀਰੀਜ਼ ਦੇ ਪਹਿਲੇ ਮੈਚ ਵਿਚ ਇੰਗਲੈਂਡ ਨੂੰ ਸ਼ਰਮਨਾਕ ਹਾਰ ਮਿਲੀ…
ਅਰਜਨਟੀਨਾ ਨੇ ਵਿਸ਼ਵ ਕੱਪ ‘ਚ ਪੱਕੀ ਕੀਤੀ ਆਪਣੀ ਥਾਂ, ਲਿਓਨ ਮੈਸੀ ਕੋਲ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਦਾ ਹੋਵੇਗਾ ਮੌਕਾ
ਸਾਓ ਪਾਉਲੋ – ਅਰਜਨਟੀਨਾ ਨੇ ਆਪਣੇ ਧੁਰ ਵਿਰੋਧੀ ਬ੍ਰਾਜ਼ੀਲ ਖ਼ਿਲਾਫ਼ ਦੱਖਣੀ ਅਮਰੀਕੀ ਵਿਸ਼ਵ ਕੱਪ ਕੁਆਲੀਫਾਇੰਗ ਦਾ ਮੈਚ ਗੋਲਰਹਿਤ ਡਰਾਅ ਖੇਡ…
ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਤਿਆਰ ਕੀਤੀ ਜਾ ਰਹੀ ਹੈ ਨਵੀਂ ਖੇਡ ਨੀਤੀ-ਹਰਪਾਲ ਸਿੰਘ ਚੀਮਾ
ਉਲੰਪਿਕ ਦਿਵਸ ਸਮਾਗਮ ਦੌਰਾਨ ਹਾਕੀ ਚੰਡੀਗੜ੍ਹ ਲਈ ਅਖਤਿਆਰੀ ਕੋਟੇ ਵਿੱਚੋਂ 10 ਲੱਖ ਰੁਪਏ ਦੇਣ ਦਾ ਐਲਾਨ ਚੰਡੀਗੜ੍ਹ,-ਪੰਜਾਬ ਦੇ ਵਿੱਤ, ਯੋਜਨਾ,…