ਬੰਦੀ ਸਿੰਘਾਂ ਦੀ ਰਿਹਾਈ ਲਈ ਅੰਤਰਰਾਸ਼ਟਰੀ ਅਦਾਲਤ ਡੈਨਹਾਗ ਅੱਗੇ ਇਨਸਾਫ਼ ਰੈਲੀ

ਫਰੈਕਫਰਟ,–ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ 1984 ‘ਚ ਸਿੱਖ ਕੌਮ ਦੀ ਨਸਲਕੁਸ਼ੀ ਦੀ ਯਾਦ ‘ਚ ਬੀਤੇ ਦਿਨ ਅੰਤਰਰਾਸ਼ਟਰੀ ਅਦਾਲਤ ਡੈਨਹਾਗ (ਹਾਲੈਂਡ) ਦੇ ਸਾਹਮਣੇ ਸੰਗਤਾਂ ਵਲੋਂ ਵੱਡੀ ਗਿਣਤੀ ‘ਚ ਭਾਗ ਲੈ ਕੇ ਇਨਸਾਫ਼ ਰੈਲੀ ਕੱਢੀ ਗਈ | ਇਸ ਮੌਕੇ ਜਰਮਨੀ, ਬੈਲਜੀਅਮ, ਫਰਾਂਸ ਅਤੇ ਹਾਲੈਂਡ ਤੋਂ ਆਈਆਂ ਸੰਗਤਾਂ ਵਲੋਂ ਅੰਤਰਰਾਸ਼ਟਰੀ ਅਦਾਲਤ ਦੇ ਸਾਹਮਣੇ ਬੰਦੀ ਸਿੰਘਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੋਸਟਰ ਲਗਾ ਕੇ ਅਤੇ ਬੁਲਾਰਿਆਂ ਵਲੋਂ ਆਪਣੇ ਵਿਚਾਰ ਰੱਖ ਕੇ ਭਾਰਤ ਸਰਕਾਰ ਵਲੋਂ ਸਿੱਖਾਂ ਨਾਲ ਕੀਤੀ ਜਾ ਰਹੀ ਬੇਇਨਸਾਫੀ ਬਾਰੇ ਜਾਣੂੰ ਕਰਵਾਇਆ ਗਿਆ ਤੇ ਵਰਲਡ ਸਿੱਖ ਪਾਰਲੀਮੈਂਟ ਦੇ ਵਫ਼ਦ ਵਲੋਂ ਮਿਸਟਰ ਮੈਕਸ ਵਾਲਸਟਾਰ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ‘ਤੇ ਬੋਲਦਿਆਂ ਵਰਲਡ ਸਿੱਖ ਪਾਰਲੀਮੈਂਟ ਦੇ ਕੋ ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਕਿਹਾ ਕਿ ਇਕ ਪਾਸੇ ਸਾਧਵੀ ਪ੍ਰਗਿਆ ਵਰਗੇ ਹਿੰਦੁਤਵੀ ਅੱਤਵਾਦੀਆਂ ਨੂੰ ਸਰਕਾਰ ਵਲੋਂ ਸਮੇਂ ਤੋਂ ਪਹਿਲਾ ਰਿਹਾਅ ਕੀਤਾ ਜਾਂਦਾ ਹੈ ਅਤੇ ਬਿਲਕਿਸ ਬਾਨੋ ਨਾਲ ਜਬਰ ਜਨਾਹ ਕਰਨ ਵਾਲਿਆਂ ਨੂੰ ਭਾਰਤ ਸਰਕਾਰ ਵਲੋਂ ਰਿਹਾਅ ਕੀਤਾ ਜਾਂਦਾ ਹੈ ਤੇ ਦੂਸਰੇ ਪਾਸੇ ਆਪਣੇ ਹੱਕਾਂ ਦੀ ਮੰਗ ਕਰ ਰਹੇ ਸਿੱਖਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ | ਜਥੇਦਾਰ ਕਰਮ ਸਿੰਘ ਹਾਲੈਂਡ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਭਾਰਤ ਦੀ ਮੌਜੂਦਾ ਸਰਕਾਰ ਨੇ ਸਿੱਖਾਂ ਨੂੰ ਹਿੰਦੂਆਂ ‘ਚ ਜਜ਼ਬ ਕਰਨ ਦਾ ਤਹੱਈਆ ਕੀਤਾ ਹੋਇਆ ਹੈ ਤੇ ਅਸੀਂ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਵਾਂਗੇ | ਇਸ ਮੌਕੇ ਭਾਈ ਹਰਜੀਤ ਸਿੰਘ ਹਾਲੈਂਡ, ਹਰਜੋਤ ਸਿੰਘ ਸੰਧ, ਵਰਲਡ ਸਿੱਖ ਪਾਰਲੀਮੈਂਟ ਦੇ ਭਾਈ ਮਨਪ੍ਰੀਤ ਸਿੰਘ ਨੇ ਸੰਬੋਧਨ ਕੀਤਾ | ਹਾਲੈਂਡ ਦੀ ਉੱਚ ਅਦਾਲਤ ‘ਚ ਨੌਕਰੀ ਕਰਦੀ ਨੌਜਵਾਨ ਬੀਬੀ ਨੇ ਆਪਣੇ ਵਿਚਾਰਾਂ ਰਾਹੀਂ ਸਾਨੂੰ ਇੱਕੱਠੇ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਜ਼ੋਰਦਾਰ ਅਵਾਜ਼ ਉਠਾਉਣੀ ਚਾਹੀਦੀ ਹੈ | ਭਾਈ ਕੁਲਦੀਪ ਸਿੰਘ ਜਰਮਨੀ ਤੇ ਭਾਈ ਗੁਰਮੀਤ ਸਿੰਘ ਨੇ ਵੀਚਾਰਾਂ ਦੀ ਸਾਂਝ ਪਾਈ | ਆਖ਼ੀਰ ‘ਚ ਭਾਈ ਜਸਵਿੰਦਰ ਸਿੰਘ ਹਾਲੈਂਡ ਨੇ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅਵਾਜ਼ ਉਠਾਉਂਦੇ ਰਹਿਣ ਦਾ ਅਹਿਦ ਕੀਤਾ |