ਸਰਾਰੀ ਦੀ ਬਰਖਾਸਤਗੀ ਦੀ ਮੰਗ ਨੂੰ ਲੈ ਕੇ ਕਾਂਗਰਸ ਨੇ ਖਟਕੜ ਕਲਾਂ ਵਿੱਚ ਧਰਨਾ ਦਿੱਤਾ

ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ), 21 ਅਕਤੂਬਰ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਸੈਂਕੜੇ ਕਾਂਗਰਸੀ ਵਰਕਰਾਂ ਨੇ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਦੇ ਸਾਹਮਣੇ ਧਰਨਾ ਦਿੰਦੇ ਹੋਏ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਘਿਰੇ ਮੰਤਰੀ ਫੌਜਾ ਸਿੰਘ ਸਰਾਰੀ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਦੀ ਮੰਗ ਕੀਤੀ ਗਈ।ਧਰਨੇ ਨੂੰ ਸੰਬੋਧਨ ਕਰਦਿਆਂ, ਵੜਿੰਗ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਰਾਰੀ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਪਾਰਟੀ ਸੂਬੇ ਭਰ ਵਿੱਚ ਆਪਣਾ ਅੰਦੋਲਨ ਕਰਨ ਲਈ ਮਜਬੂਰ ਹੋਵੇਗੀ।  ਅੱਜ ਦਾ ਧਰਨਾ ਸਰਕਾਰ ਨੂੰ ਅਲਟੀਮੇਟਮ ਦੇਣ ਦਾ ਇੱਕ ਨਮੂਨਾ ਹੈ, ਜੋ ਦੋਹਰੇ ਮਾਪਦੰਡ ਨਹੀਂ ਰੱਖ ਸਕਦੀ।  ਉਨ੍ਹਾਂ ਕਿਹਾ ਕਿ ਇੱਕ ਪਾਸੇ ਕਾਂਗਰਸੀ ਆਗੂਆਂ ਨੂੰ ਬਿਨਾਂ ਕਿਸੇ ਸਬੂਤ ਦੇ ਨਾਮਜ਼ਦ ਕਰਕੇ ਜੇਲ੍ਹ ਭੇਜਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਮੰਤਰੀ ਭ੍ਰਿਸ਼ਟਾਚਾਰ ਦੇ ਖੁੱਲ੍ਹੇ ਮਾਮਲੇ ਵਿੱਚ ਅਜਾਦ ਘੁੰਮ ਰਹੇ ਹਨ।ਸੂਬਾ ਕਾਂਗਰਸ ਪ੍ਰਧਾਨ ਨੇ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਵੱਲੋਂ ਜ਼ਮੀਨੀ ਪੱਧਰ ‘ਤੇ ਕਾਂਗਰਸੀ ਵਰਕਰਾਂ ਨੂੰ ਧਮਕੀਆਂ ਦੇਣ ਅਤੇ ਤੰਗ ਪ੍ਰੇਸ਼ਾਨ ਕਰਨ ਦੇ ਖਿਲਾਫ 1 ਨਵੰਬਰ ਨੂੰ ਮੋਹਾਲੀ ਵਿਖੇ ਧਰਨਾ ਦਿੱਤਾ ਜਾਵੇਗਾ।ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ‘ਠੱਕਾਸ਼ਾਹੀ’ ਖ਼ਿਲਾਫ ਮਜ਼ਬੂਤ ਹੋਣ, ਇੱਕਜੁੱਟ ਹੋਣ ਤੇ ਡੱਟੇ ਰਹਿਣ। ਉਨ੍ਹਾਂ ਕਿਹਾ ਕਿ ਇੱਥੇ ਕੁਝ ਵੀ ਸਦਾ ਲਈ ਨਹੀਂ ਰਹਿੰਦਾ ਅਤੇ ਇਹ ਸਿਰਫ ਸਮੇਂ ਦੀ ਗੱਲ ਹੈ ਅਤੇ ਭਰੋਸਾ ਪ੍ਰਗਟਾਇਆ ਕਿ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਵਾਪਸ ਆਵੇਗੀ।ਇਸ ਮੌਕੇ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਰਾਰੀ ਸਬੰਧੀ ਭਗਵੰਤ ਮਾਨ ਦੇ ਦੋਹਰੇ ਮਾਪਦੰਡਾਂ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਉਹ ਜਾਣਬੁੱਝ ਕੇ ਮੰਤਰੀ ਨੂੰ ਬਚਾ ਰਹੇ ਹਨ।  ਉਨ੍ਹਾਂ ਕਿਹਾ ਕਿ ਸਰਾਰੀ ਦੇ ਘਟਨਾਕ੍ਰਮ ਨੇ ਮਾਨ ਦਾ ਪਰਦਾਫਾਸ਼ ਕਰ ਦਿੱਤਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਕਾਂਗਰਸ ਪਾਰਟੀ ਉਦੋਂ ਤੱਕ ਅਰਾਮ ਨਾਲ ਨਹੀਂ ਬੈਠੇਗੀ ਜਦੋਂ ਤੱਕ ਮੰਤਰੀ ਨੂੰ ਨਹੀਂ ਹਟਾਇਆ ਜਾਂਦਾ।ਉਨ੍ਹਾਂ ਨੇ ਆਪਣੇ ਦਾਗੀ ਮੰਤਰੀਆਂ ਸਤੇੰਦਰ ਜੈਨ ਅਤੇ ਮਨੀਸ਼ ਸਿਸੋਦੀਆ ਦੀ ਤੁਲਨਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਕਰਨ ਲਈ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ।  ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਛੋਟੀ ਉਮਰ ਵਿੱਚ ਹੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇ ਦਿੱਤੀ ਸੀ, ਜਦਕਿ ਕੇਜਰੀਵਾਲ ਜਿਨ੍ਹਾਂ ਦਾਗੀ ਮੰਤਰੀਆਂ ਦੀ ਤੁਲਨਾ ਸ਼ਹੀਦਾਂ ਨਾਲ ਕਰ ਰਿਹਾ ਹੈ, ਉਹ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਡੁੱਬੇ ਹੋਏ ਹਨ।ਬਾਜਵਾ ਨੇ ਕਿਹਾ ਕਿ ਜੈਨ ਅਤੇ ਸਤਿੰਦਰ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਕੇਂਦਰੀ ਜਾਂਚ ਬਿਊਰੋ ਕਰੋੜਾਂ ਰੁਪਏ ਦੇ ਅਣਦੱਸੇ ਖਾਤਿਆਂ ਅਤੇ ਸੰਪਤੀਆਂ ਦੀ ਜਾਂਚ ਕਰ ਰਹੇ ਹਨ।  ਅਜਿਹੇ ਲੋਕਾਂ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕਰਨਾ ਕੇਜਰੀਵਾਲ ਲਈ ਸ਼ਰਮਨਾਕ ਹੈ।  ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਲੋਕਾਂ ਨੇ ‘ਆਪ’ ਦਾ ਖ਼ਜ਼ਾਨਾ ਭਰਨ ਲਈ ਭ੍ਰਿਸ਼ਟਾਚਾਰ ਤੋਂ ਵੱਡੀ ਦੌਲਤ ਕਮਾਈ ਹੈ ਅਤੇ ਅਜਿਹੇ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਨਾਲ ਬਰਾਬਰੀ ਕਰਨਾ ਸ਼ਰਮਨਾਕ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਨਾ ਸਿਰਫ ਮਹਾਨ ਸ਼ਹੀਦ ਨੂੰ ਉਨ੍ਹਾਂ ਦੇ ਜੱਦੀ ਪਿੰਡ ਜਾ ਕੇ ਸ਼ਰਧਾਂਜਲੀ ਭੇਟ ਕਰਨ ਦਾ ਫੈਸਲਾ ਕੀਤਾ ਹੈ, ਸਗੋਂ ਉਹ ‘ਆਪ’ ਆਗੂਆਂ ਨੂੰ ਯਾਦ ਕਰਾਉਣਾ ਅਤੇ ਚੇਤਾਵਨੀ ਵੀ ਦੇਣਾ ਚਾਹੁੰਦੇ ਹਨ ਕਿ ਉਹ ਸ਼ਹੀਦਾਂ ਦਾ ਇਸ ਤਰ੍ਹਾਂ ਅਪਮਾਨ ਨਹੀਂ ਹੋਣ ਦੇਣਗੇ।  ਭਗਤ ਸਿੰਘ ਨੇ ਆਪਣੀ ਜਾਨ ਕਿਸੇ ਫਿਰਕੇ ਜਾਂ ਸੂਬੇ ਲਈ ਨਹੀਂ ਸਗੋਂ ਪੂਰੇ ਦੇਸ਼ ਲਈ ਕੁਰਬਾਨ ਕੀਤੀ ਸੀ।  ਉਨ੍ਹਾਂ ‘ਆਪ’ ਆਗੂਆਂ ਨੂੰ ਸ਼ਹੀਦਾਂ ਦਾ ਸਤਿਕਾਰ ਕਰਨ ਦੀ ਸਲਾਹ ਦਿੱਤੀ।ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਪਾਰਟੀ ਦੇ ਸੀਨੀਅਰ ਆਗੂ ਓ.ਪੀ.ਸੋਨੀ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ, ਡਾ: ਅਮਰ ਸਿੰਘ, ਜਸਬੀਰ ਡਿੰਪਾ, ਬਰਿੰਦਰ ਢਿੱਲੋਂ, ਰਾਣਾ ਗੁਰਜੀਤ ਸਿੰਘ, ਅਰੁਣਾ ਚੌਧਰੀ, ਸੁਖਪਾਲ ਖਹਿਰਾ, ਹਰਦੇਵ ਸਿੰਘ ਲਾਡੀ, ਪ੍ਰਗਟ ਸਿੰਘ, ਨਰੇਸ਼ ਪੁਰੀ, ਰਮਨਜੀਤ ਸਿੰਘ ਸਿੱਕੀ, ਕੁਲਜੀਤ ਨਾਗਰਾ, ਹਰਮਿੰਦਰ ਸਿੰਘ ਗਿੱਲ, ਪਵਨ ਆਦੀਆ, ਤਰਲੋਚਨ ਸੂੰਦ, ਦਰਸ਼ਨ ਲਾਲ ਮੰਗੂਪੁਰ, ਦਵਿੰਦਰ ਸਿੰਘ ਘੁਬਾਇਆ, ਇੰਦਰਬੀਰ ਸਿੰਘ ਬੁਲਾਰੀਆ, ਗੁਰਕੀਰਤ ਕੋਟਲੀ, ਗੁਰਪ੍ਰੀਤ ਜੀ.ਪੀ., ਸੁਖਵਿੰਦਰ ਕੋਟਲੀ, ਸੁਖਪਾਲ ਭੁੱਲਰ, ਰਾਜਾ ਗਿੱਲ, ਜਗਪਾਲ ਅਬੁੱਲਖੁਰਾਣਾ ਆਦਿ ਹਾਜ਼ਰ ਸਨ।