September 19, 2024

PUNJAB

INDIA NEWS

ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ ਤੇ ਜੈਸ਼ ਨਾਲ ਮਜ਼ਬੂਤ ਹੋ ਰਹੇ ਹਨ ਅਲ-ਕਾਇਦਾ ਦੇ ਸੰਪਰਕ

ਨਿਊਯਾਰਕ  : ਸੰਯੁਕਤ ਰਾਸ਼ਟਰ (ਯੂਐੱਨ) ’ਚ ਭਾਰਤ ਦੇ ਰਾਜਦੂਤ ਨੇ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਵੱਲੋਂ ਪਾਬੰਦੀਸ਼ੁਦਾ ਲਸ਼ਕਰ-ਏ-ਤਾਇਬਾ ਦੇ ਜੈਸ਼-ਏ-ਮੁਹੰਮਦ ਵਰਗੇ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਨਾਲ ਅਲ-ਕਾਇਦਾ ਦੇ ਸੰਪਰਕ ਲਗਾਤਾਰ ਮਜ਼ਬੂਤ ਹੋ ਰਹੇ ਹਨ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਅਫ਼ਗਾਨਿਸਤਾਨ ’ਚ ਹਾਲ ਦੇ ਘਟਨਾਕ੍ਰਮ ਨੇ ਇਸ ਅੱਤਵਾਦੀ ਸੰਗਠਨ ਨੂੰ ਤਾਕਤਵਰ ਹੋਣ ਦਾ ਮੌਕਾ ਦਿੱਤਾ ਹੈ।

ਯੂਐੱਨ ’ਚ ਭਾਰਤ ਦੇ ਸਥਾਈ ਨੁਮਾਇੰਦੇ ਰਾਜਦੂਤ ਟੀਐੱਸ ਤਿਰੂਮੂਰਤੀ ਨੇ ਕੌਮਾਂਤਰੀ ਅੱਤਵਾਦ ਰੋਕੂ ਪ੍ਰੀਸ਼ਦ ਵੱਲੋਂ ਮੰਗਲਵਾਰ ਨੂੰ ਕਰਵਾਏ ਕੌਮਾਂਤਰੀ ਅੱਤਵਾਦ ਰੋਕੂ ਕਾਰਵਾਈ ਸੰਮੇਲਨ-2022 ’ਚ ਕਿਹਾ ਕਿ ਇਸਲਾਮਿਕ ਸਟੇਟ (ਆਈਐੱਸ) ਨੇ ਆਪਣੇ ਤਰੀਕੇ ਬਦਲ ਲਏ ਹਨ। ਉਸ ਦਾ ਧਿਆਨ ਸੀਰੀਆ ਤੇ ਇਰਾਕ ’ਚ ਮੁੜ ਤੋਂ ਮਜ਼ਬੂਤੀ ਹਾਸਲ ਕਰਨ ’ਤੇ ਹੈ ਤੇ ਇਸ ਦੇ ਖੇਤਰੀ ਸਹਿਯੋਗੀ ਸੰਗਠਨ ਖਾਸ ਤੌਰ ’ਤੇ ਅਫਰੀਕਾ ਤੇ ਏਸ਼ੀਆ ’ਚ ਆਪਣਾ ਵਿਸਤਾਰ ਕਰ ਰਹੇ ਹਨ। ਤਿਰੂਮੂਰਤੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ਦੀ ਅੱਤਵਾਦ ਰੋਕੂ ਕਾਰਵਾਈ ਕਮੇਟੀ-2022 ਦੇ ਪ੍ਰਧਾਨ ਵੀ ਹਨ। ਉਨ੍ਹਾਂ ਕਿਹਾ ਕਿ 2001 ਦੇ 9/11 ਦੇ ਅੱਤਵਾਦੀ ਹਮਲਿਆਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਸੀ ਕਿ ਅੱਤਵਾਦ ਦਾ ਖ਼ਤਰਾ ਗੰਭੀਰ ਤੇ ਕੌਮਾਂਤਰੀ ਹੈ ਤੇ ਦੁਨੀਆ ਨੂੰ ਇਸ ਦੇ ਖ਼ਿਲਾਫ਼ ਇਕਜੁੱਟ ਹੋਣ ਦੀ ਜ਼ਰੂਰਤ ਹੈ

ਖ਼ਤਮ ਹੋਇਆ ਅੱਤਵਾਦੀਆਂ ਦੇ ਵਰਗੀਕਰਨ ਦਾ ਦੌਰ

ਭਾਰਤੀ ਰਾਜਨਾਇਕ ਨੇ ਕਿਹਾ, ਅੱਤਵਾਦੀਆਂ ਨੂੰ ਤੁਹਾਡੇ ਤੇ ਮੇਰੇ ਰੂਪ ’ਚ ਵਰਗੀਕ੍ਰਿਤ ਕਰਨ ਦਾ ਦੌਰ ਚਲਾ ਗਿਆ। ਅੱਤਵਾਦ ਦੀਆਂ ਸਾਰੀਆਂ ਕਿਸਮਾਂ ਦੀ ਨਿੰਦਾ ਹੋਣੀ ਚਾਹੀਦੀ ਹੈ। ਉਨ੍ਹਾਂ ਧਰਮ, ਰਾਜਨੀਤੀ ਤੇ ਹੋਰ ਕਿਸੇ ਵੀ ਕਾਰਨ ਅੱਤਵਾਦੀ ਦੇ ਵਰਗੀਕਰਨ ਸਬੰਧੀ ਮੈਂਬਰ ਦੇਸ਼ਾਂ ਦੇ ਰੁਝਾਨ ਨੂੰ ਖ਼ਤਰਨਾਕ ਕਰਾਰ ਦਿੱਤਾ।

1993 ਦੇ ਮੁੰਬਈ ਬੰਬ ਧਮਾਕਿਆਂ ਦੇ ਅਪਰਾਧੀਆਂ ਨੂੰ ਮਿਲੀ ਸਰਕਾਰੀ ਸਰਪ੍ਰਸਤੀ

ਤਿਰੂਮੂਰਤੀ ਨੇ ਕਿਹਾ ਕਿ 1993 ’ਚ ਮੁੰਬਈ ਬੰਬ ਧਮਾਕਿਆਂ ਲਈ ਜ਼ਿੰਮੇਵਾਰ ਅਪਰਾਧ ਸਿੰਡੀਕੇਟ ਨੂੰ ਨਾ ਸਿਰਫ ਸਰਕਾਰੀ ਸਰਪ੍ਰਸਤੀ ਦਿੱਤੀ ਗਈ ਬਲਕਿ ਉਨ੍ਹਾਂ ਦੀ ਪੰਜ ਸਿਤਾਰਾ ਪੱਧਰ ਦੀ ਆਓ-ਭਗਤ ਵੀ ਕੀਤੀ ਗਈ। ਭਾਰਤ ਦਾ ਇਸ਼ਾਰਾ ਪਾਕਿਸਤਾਨ ’ਚ ਕਥਿਤ ਤੌਰ ’ਤੇ ਲੁਕੇ ਗੈਂਗਸਟਰ ਦਾਊਦ ਇਬਰਾਹਿਮ ਵੱਲ ਸੀ। ਉਨ੍ਹਾਂ ਕਿਹਾ ਕਿ ਅੱਤਵਾਦ ਤੇ ਕੌਮਾਂਤਰੀ ਸੰਗਠਿਤ ਅਪਰਾਧ ਵਿਚਾਲੇ ਸਬੰਧਾਂ ਨੂੰ ਪੂਰੀ ਤਰ੍ਹਾਂ ਨਾਲ ਧਿਆਨ ’ਚ ਲਿਆਂਦਾ ਜਾਣਾ ਚਾਹੀਦਾ ਹੈ ਤੇ ਪੂਰੀ ਤਾਕਤ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਕਾਬਿਲੇਗੌਰ ਹੈ ਕਿ ਅਗਸਤ 2020 ’ਚ ਪਾਕਿਸਤਾਨ ਨੇ ਪਹਿਲੀ ਵਾਰ ਆਪਣੀ ਜ਼ਮੀਨ ’ਤੇ ਦਾਊਦ ਇਬਰਾਹਿਮ ਦੀ ਮੌਜੂਦਗੀ ਨੂੰ ਮੰਨਿਆ ਸੀ ਜਦੋਂ ਸਰਕਾਰ ਨੇ 88 ਪਾਬੰਦੀਸ਼ੁਦਾ ਅੱਤਵਾਦੀ ਸਮੂਹਾਂ ਤੇ ਉਨ੍ਹਾਂ ਦੇ ਸਰਗਨਾਵਾਂ ’ਤੇ ਵਿਆਪਕ ਪਾਬੰਦੀਆਂ ਲਗਾਈਆਂ ਸਨ। ਇਸ ’ਚ ਦਾਊਦ ਦਾ ਨਾਂ ਵੀ ਸ਼ਾਮਲ ਸੀ।