ਚੰਡੀਗੜ੍ਹ: ਜਿਹੜੇ ਲੋਕਾਂ ਨੇ ਹੁਣ ਤਕ ਕੋਰੋਨਾ ਦੀ ਦੂਸਰੀ ਖੁਰਾਕ ਨਹੀਂ ਲਈ ਹੈ, ਉਨ੍ਹਾਂ ਨੂੰ ਸਿਹਤ ਵਿਭਾਗ ਨੂੰ ਇਸ ਬਾਰੇ ਜਾਣਕਾਰੀ ਦੇਣੀ ਹੋਵੇਗੀ। ਜੇਕਰ ਇਸ ਦਾ ਕੋਈ ਠੋਸ ਕਾਰਨ ਨਹੀਂ ਪਤਾ ਲੱਗਦਾ ਹੈ ਤਾਂ ਆਉਣ ਵਾਲੇ ਦਿਨਾਂ ਵਿਚ ਪ੍ਰਸ਼ਾਸ਼ਨ ਇਸ ਤੇ ਕਾਰਵਾਈ ਕਰ ਸਕਦਾ ਹੈ। ਹੋ ਸਕਦਾ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿਚ ਜ਼ੁਰਮਾਨਾ ਜਾਂ ਕਿਸੀ ਹੋਰ ਤਰ੍ਹਾਂ ਦੀ ਰੋਕ ਲਗਾ ਦਿੱਤੀ ਜਾਵੇ। ਸਿਹਤ ਵਿਭਾਗ ਦੇ ਮੁਤਾਬਕ ਸਿਰਫ 1 ਫੀਸਦ ਲੋਕ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੇ ਵੈਕਸੀਨ ਦੀ ਦੂਸਰੀ ਖੁਰਾਕ ਨਹੀਂ ਲਈ। ਸਿਹਤ ਮੰਤਰੀ ਯਸ਼ਪਾਲ ਗਰਗ ਨੇ ਦੱਸਿਆ ਹੈ ਕਿ ਕੁੱਲ 97,967 ਲੋਕ ਹਨ, ਜਿਨ੍ਹਾਂ ਨੇ ਦੂਸਰੀ ਖੁਰਾਕ ਨਹੀਂ ਲਈ ਹੈ। ਉਨ੍ਹਾਂ ਦੱਸਿਆ ਕਿ 9,292 ਲੋਕ ਅਜਿਹੇ ਹਨ ਜਿਨ੍ਹਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ 12 ਤੋਂ 16 ਹਫ਼ਤਿਆਂ ਬਾਅਦ ਦਿੱਤੀ ਗਈ ਹੈ। ਜਦਕਿ 88,675 ਲੋਕ ਅਜਿਹੇ ਹਨ ਜਿਨ੍ਹਾਂ ਨੂੰ 16 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ।ਸਿਹਤ ਵਿਭਾਗ ਨੇ ਦੱਸਿਆ ਕਿ ਹੁਣ ਤਕ 20 ਹਜ਼ਾਰ ਅਜਿਹੇ ਲੋਕਾਂ ਨੂੰ ਕਾਲ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਦੀ ਦੂਜੀ ਡੋਜ਼ ਲਗਾਉਣ ਦੀ ਤਰੀਕ ਲੰਘ ਚੁੱਕੀ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਵੈਕਸੀਨ ਨਹੀਂ ਲਈ। ਸਿਹਤ ਸਕੱਤਰ ਨੇ ਕਿਹਾ ਕਿ ਜਦੋਂ ਇਨ੍ਹਾਂ 20 ਹਜ਼ਾਰ ਲੋਕਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵਿਚੋਂ ਜ਼ਿਆਦਾਤਰ ਦਾ ਜਵਾਬ ਸੀ ਕਿ ਉਹ ਹੁਣ ਰੁੱਝੇ ਹੋਏ ਹਨ। ਕਈ ਲੋਕਾਂ ਨੇ ਜਵਾਬ ਦਿੱਤਾ ਕਿ ਉਹ ਦੂਜੀ ਡੋਜ਼ ਲੈਣਾ ਭੁੱਲ ਗਏ ਹਾਂ, ਕਈ ਲੋਕਾਂ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਕਦੋਂ ਦਿੱਤੀ ਗਈ ਸੀ, ਇਸ ਬਾਰੇ ਪਤਾ ਨਹੀਂ ਸੀ ਅਤੇ ਮੋਬਾਈਲ ਨੰਬਰ ਬੰਦ ਹੋਣ ਕਾਰਨ ਕਈ ਲੋਕਾਂ ਨਾਲ ਸੰਪਰਕ ਨਹੀਂ ਹੋ ਸਕਿਆ।ਅਜਿਹੀ ਸਥਿਤੀ ਵਿਚ ਸਿਹਤ ਸਕੱਤਰ ਯਸ਼ਪਾਲ ਗਰਗ ਨੇ ਪ੍ਰਸ਼ਾਸਨ ਦੀ ਤਰਫੋਂ ਅਜਿਹੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆਉਣ ਅਤੇ ਆਪਣੀ ਦੂਜੀ ਖੁਰਾਕ ਲੈਣ, ਤਾਂ ਜੋ ਇਨਫੈਕਸ਼ਨ ਤੋਂ ਬਚਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਦੇਖਣ ਵਿਚ ਆਇਆ ਹੈ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਜਾਂ ਟੀਕਾਕਰਨ ਦੀ ਇੱਕ ਵੀ ਖੁਰਾਕ ਪੂਰੀ ਨਹੀਂ ਕੀਤੀ, ਉਨ੍ਹਾਂ ਲੋਕਾਂ ਦੀ ਪਿਛਲੇ ਸਮੇਂ ਵਿਚ ਕਰੋਨਾ ਨਾਲ ਮੌਤ ਹੋ ਚੁੱਕੀ ਹੈ। ਜੋ ਕਿ ਚਿੰਤਾ ਦਾ ਵਿਸ਼ਾ ਹੈ।
ਸਿਹਤ ਸਕੱਤਰ ਯਸ਼ਪਾਲ ਗਰਗ ਨੇ ਦੱਸਿਆ ਕਿ ਜਿਨ੍ਹਾਂ ਨੂੰ ਹੁਣ ਤੱਕ ਵੈਕਸੀਨ ਦੀ ਦੂਜੀ ਡੋਜ਼ ਨਹੀਂ ਮਿਲੀ ਹੈ। ਅਜਿਹੇ ਲੋਕਾਂ ਨਾਲ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾਵੇਗਾ। ਹੁਣ ਅਜਿਹੇ ਲੋਕਾਂ ਨੂੰ ਸਪੈਸ਼ਲ ਡਰਾਈਵ ਚਲਾ ਕੇ ਦੂਜੀ ਖੁਰਾਕ ਦਿੱਤੀ ਜਾਵੇਗੀ। ਸਕੱਤਰ ਨੇ ਦੱਸਿਆ ਕਿ ਇਸ ਲਈ ਚੰਡੀਗੜ੍ਹ ਹਾਊਸਿੰਗ ਬੋਰਡ ਵਿੱਚ ਵੱਖਰਾ ਕਾਲਿੰਗ ਸੈਂਟਰ ਬਣਾਇਆ ਗਿਆ ਹੈ। ਇਸ ਕੇਂਦਰ ਤੋਂ ਰੋਜ਼ਾਨਾ ਅਜਿਹੇ ਲੋਕਾਂ ਨਾਲ ਸੰਪਰਕ ਕਰਕੇ ਹੁਣ ਤੱਕ ਵੈਕਸੀਨ ਦੀ ਦੂਜੀ ਡੋਜ਼ ਨਾ ਮਿਲਣ ਦਾ ਕਾਰਨ ਪੁੱਛਿਆ ਜਾ ਰਿਹਾ ਹੈ।